ਸੰਗਰੂਰ ਦੀ ਧੀ ਨੇ ਵਧਾਇਆ ਜ਼ਿਲ੍ਹੇ ਦਾ ਮਾਣ/ ਸਖਤ ਮਿਹਨਤ ਬਲਬੂਤੇ ਬਣੀ ਪਾਇਲਟ/ ਪਿੰਡ ’ਚ ਖੁਸ਼ੀ ਦਾ ਮਾਹੌਲ

0
3

 

ਅੱਜ ਧੀਆਂ ਹਰ ਖੇਤਰ ਵਿੱਚ ਆਪਣੀ ਮਿਹਨਤ ਦੇ ਝੰਡੇ ਗੱਡ ਰਹੀਆਂ ਹਨ। ਅਜਿਹੀ ਹੀ ਇੱਕ ਮਾਣ ਵਾਲੀ ਖ਼ਬਰ ਸੰਗਰੂਰ ਦੇ ਪਿੰਡ ਕਿਲ੍ਹਾ ਭਰੀਆਂ ਤੋਂ ਸਾਹਮਣੇ ਆਈ ਹੈ, ਜਿੱਥੇ ਪੇਂਡੂ ਪਰਿਵਾਰ ਦੀ ਧੀ ਨੇ ਆਪਣੇ ਜਜ਼ਬੇ ਤੇ ਸਖਤ ਮਿਹਨਤ ਦੇ ਬਲਬੂਤੇ ਪਾਇਲਟ ਬਣ ਕੇ ਪੂਰੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ। ਗਗਨਦੀਪ ਕੌਰ ਨਾਮ ਦੀ ਇਸ ਧੀ ਦੇ ਸਫਲਤਾ ਤੋਂ ਬਾਅਦ ਪਰਿਵਾਰ ਤੇ ਪਿੰਡ ਅੰਦਰ ਖੁਸ਼ੀ ਦਾ ਮਾਹੌਲ ਹੈ। ਗਗਨਦੀਪ ਕੌਰ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਆਪਣੀ ਧੀ ਦੀ ਪ੍ਰਾਪਤੀ ‘ਤੇ ਮਾਣ ਮਹਿਸੂਸ ਕਰ ਰਹੇ ਹਨ।
ਪਿੰਡ ਦੇ ਇੱਕ ਨਿਵਾਸੀ ਦਲਜੀਤ ਸਿੰਘ ਨੇ ਦੱਸਿਆ ਕਿ ਗਗਨਦੀਪ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਉਹ ਅਕਸਰ ਰਾਤ ਦੇ ਦੋ-ਦੋ ਵਜੇ ਤੱਕ ਪੜ੍ਹਦੀ ਰਹਿੰਦੀ ਸੀ। ਉਸ ਦੀ ਦਿਨ-ਰਾਤ ਦੀ ਮਿਹਨਤ ਸਦਕਾ ਹੀ ਅੱਜ ਉਹ ਇਸ ਮੁਕਾਮ ‘ਤੇ ਪਹੁੰਚੀ ਹੈ। ਗਗਨਦੀਪ ਦੇ ਪਿਤਾ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਉਨ੍ਹਾਂ ਦੀ ਧੀ ਨੇ ਹਮੇਸ਼ਾ ਪੁੱਤਰਾਂ ਤੋਂ ਵੱਧ ਮਾਣ ਵਧਾਇਆ ਹੈ। ਉਨ੍ਹਾਂ ਦੱਸਿਆ ਕਿ ਗਗਨਦੀਪ ਨੂੰ ਬਚਪਨ ਤੋਂ ਹੀ ਮਸ਼ੀਨਰੀ ਅਤੇ ਵਾਹਨ ਚਲਾਉਣ ਦਾ ਸ਼ੌਕ ਸੀ। ਛੋਟੀ ਉਮਰ ਵਿੱਚ ਹੀ ਉਸ ਨੇ ਟਰੈਕਟਰ ਅਤੇ ਟਰਾਲੀ ਬੈਕ ਲਾਉਣਾ ਸਿੱਖ ਲਿਆ ਸੀ।
ਪਿਤਾ ਅਨੁਸਾਰ, ਜਦੋਂ ਗਗਨਦੀਪ ਨੇ ਦਸਵੀਂ ਅਤੇ ਬਾਰ੍ਹਵੀਂ ਤੋਂ ਬਾਅਦ ਪਾਇਲਟ ਬਣਨ ਦੀ ਇੱਛਾ ਜ਼ਾਹਰ ਕੀਤੀ, ਤਾਂ ਇੱਕ ਵਾਰ ਤਾਂ ਉਹ ਘਬਰਾ ਗਏ ਸਨ ਕਿਉਂਕਿ ਇੱਕ ਸਾਧਾਰਨ ਕਿਸਾਨ ਲਈ ਇਹ ਬਹੁਤ ਵੱਡਾ ਸੁਪਨਾ ਸੀ। ਪਰ ਧੀ ਦੇ ਹੌਸਲੇ ਨੂੰ ਦੇਖਦਿਆਂ ਉਨ੍ਹਾਂ ਨੇ ਹਰ ਮੁਸ਼ਕਲ ਦਾ ਸਾਹਮਣਾ ਕੀਤਾ। ਗਗਨਦੀਪ ਦੀ ਮਾਤਾ ਚਰਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਸੁਭਾਅ ਦੀ ਬਹੁਤ ਸ਼ਾਂਤ ਅਤੇ ਮਿਹਨਤੀ ਹੈ। ਉਸ ਦੀ ਸਫਲਤਾ ਨੇ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰ, ਸਗੋਂ ਪੂਰੇ ਪੰਜਾਬ ਦਾ ਸਿਰ ਉੱਚਾ ਕਰ ਦਿੱਤਾ ਹੈ। ਹੁਣ ਪਿੰਡ ਦੇ ਹੋਰ ਬੱਚੇ ਵੀ ਗਗਨਦੀਪ ਤੋਂ ਪ੍ਰੇਰਨਾ ਲੈ ਕੇ ਅੱਗੇ ਵਧਣ ਦੇ ਸੁਪਨੇ ਦੇਖ ਰਹੇ ਹਨ।
ਓਥੇ ਹੀ ਪਾਇਲਟ ਬਣੀ ਗਗਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ। ਇਹ ਮੇਰੇ ਪਿਤਾ ਜੀ ਅਤੇ ਮੇਰੇ ਪੂਰੇ ਪਰਿਵਾਰ ਲਈ ਬਹੁਤ ਮਾਣ ਵਾਲੀ ਗੱਲ ਹੈ। ਮੇਰਾ ਸੁਪਨਾ ਪੂਰਾ ਹੋਇਆ ਹੈ। ਮੈਂ ਸਾਰੇ ਪਰਿਵਾਰਾਂ ਨੂੰ ਇਹੀ ਕਹਾਂਗੀ ਕਿ ਜਿਵੇਂ ਮੇਰੇ ਪਰਿਵਾਰ ਨੇ ਮੇਰਾ ਸਾਥ ਦਿੱਤਾ, ਤੁਸੀਂ ਵੀ ਆਪਣੇ ਬੱਚਿਆਂ ਅਤੇ ਖਾਸ ਕਰਕੇ ਧੀਆਂ ਨੂੰ ਸਪੋਰਟ ਕਰੋ। ਮੈਨੂੰ ਇਸ ਮੁਕਾਮ ਤੱਕ ਪਹੁੰਚਣ ਲਈ ਲਗਭਗ 3 ਸਾਲ ਲੱਗੇ। ਮੈਂ ਆਪਣੀ ਟ੍ਰੇਨਿੰਗ ਪੁਣੇ ਅਤੇ ਦੁਬਈ ਤੋਂ ਕੀਤੀ ਹੈ। ਇਸ ਤੋਂ ਇਲਾਵਾ ਮੈਂ ਬੰਬੇ, ਕੋਲਕਾਤਾ ਅਤੇ ਹੈਦਰਾਬਾਦ ਵਰਗੇ ਸ਼ਹਿਰਾਂ ਵਿੱਚ ਪ੍ਰੀਖਿਆਵਾਂ ਦਿੱਤੀਆਂ।

LEAVE A REPLY

Please enter your comment!
Please enter your name here