ਪੰਜਾਬ ਬਰਨਾਲਾ ਦੇ ਫਰਵਾਹੀ ਪਿੰਡ ‘ਚ ਵੱਡਾ ਹਾਦਸਾ/ ਮਕਾਨ ਡਿੱਗਣ ਨਾਲ ਤਿੰਨ ਮਜ਼ਦੂਰਾਂ ਦੀ ਮੌਤ By admin - March 30, 2026 0 1 Facebook Twitter Pinterest WhatsApp ਬਰਨਾਲਾ ਦੇ ਪਿੰਡ ਫਰਵਾਹੀ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਘਰ ਨੂੰ ਜੈਕਾਂ ਦੀ ਮਦਦ ਨਾਲ ਸਿੱਧਾ ਕਰਦੇ ਸਮੇਂ ਅਚਾਨਕ ਇਮਾਰਤ ਡਿੱਗ ਪਈ, ਜਿਸ ਦੇ ਮਲਬੇ ਹੇਠਾਂ ਦੱਬ ਕੇ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ। ਤਿੰਨੇ ਮਜ਼ਦੂਰ ਮੋਗਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਰਹਿਣ ਵਾਲੇ ਸਨ, ਜਿਨ੍ਹਾਂ ਦੀ ਮੌਤ ਨਾਲ ਉਨ੍ਹਾਂ ਦੇ ਘਰਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਆਰੰਭ ਦਿੱਤੀ ਹੈ। ਮ੍ਰਿਤਕਾਂ ਦੀ ਪਛਾਣ ਵਰਿੰਦਰ ਸਿੰਘ ਉਰਫ ਬੌਬੀ ਵਾਸੀ ਪਿੰਡ ਦੋਸਾਂਝ, ਮੋਗਾ ਵਜੋਂ ਹੋਈ ਹੈ। ਵਰਿੰਦਰ ਸਿੰਘ ਦੇ ਪਿਤਾ ਅਤੇ ਛੋਟੇ ਭਰਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਘਰ ਵਿੱਚ ਬੁਜ਼ੁਰਗ ਅਤੇ ਬਿਮਾਰ ਮਾਤਾ, ਪਤਨੀ ਅਤੇ ਦੋ ਛੋਟੇ ਬੱਚੇ ਹਨ—ਇੱਕ ਧੀ ਜੋ ਨੌਵੀਂ ਜਮਾਤ ਵਿੱਚ ਪੜ੍ਹਦੀ ਹੈ ਅਤੇ ਇੱਕ ਛੋਟਾ ਪੁੱਤਰ ਹੈ। ਵਰਿੰਦਰ ਸਿੰਘ ਹੀ ਘਰ ਦਾ ਇਕੱਲਾ ਕਮਾਉਣ ਵਾਲਾ ਸੀ। ਉਸ ਨੇ ਆਪਣਾ ਘਰ ਬਣਾਉਣ ਲਈ ਕਰਜ਼ਾ ਵੀ ਲਿਆ ਹੋਇਆ ਸੀ ਅਤੇ ਹਰ ਮਹੀਨੇ 12 ਹਜ਼ਾਰ ਰੁਪਏ ਦੀ ਕਿਸ਼ਤ ਭਰਦਾ ਸੀ। ਹੁਣ ਪਰਿਵਾਰ ਬਿਲਕੁਲ ਬੇਸਹਾਰਾ ਹੋ ਗਿਆ ਹੈ। ਇਸੇ ਤਰ੍ਹਾਂ ਦੂਜੇ ਮ੍ਰਿਤਕ ਦੀ ਪਛਾਣ ਪ੍ਰਿੰਸ ਪਾਲ ਸਿੰਘ, ਕੱਚਾ ਦੋਸਾਂਝ ਰੋਡ, ਮੋਗਾ ਵਜੋਂ ਹੋਈ ਹੈ। ਪ੍ਰਿੰਸ ਪਾਲ ਸਿੰਘ ਦੇ ਪਿਤਾ ਦੀ ਮੌਤ ਕਰੀਬ 6 ਸਾਲ ਪਹਿਲਾਂ ਕੈਂਸਰ ਕਾਰਨ ਹੋ ਗਈ ਸੀ। ਘਰ ਦੀ ਜ਼ਿੰਮੇਵਾਰੀ ਉਸਦੇ ਮੱਥੇ ਆ ਗਈ ਸੀ। ਉਸ ਦੀ ਉਮਰ ਲਗਭਗ 19–20 ਸਾਲ ਸੀ ਅਤੇ ਉਹ ਮਿਸਤਰੀ ਨਾਲ ਦਿਹਾਡੀ ਕਰਦਾ ਸੀ। ਉਸ ਦੀ ਮਾਂ ਘਰਾਂ ਵਿੱਚ ਬਰਤਨ ਸਾਫ ਕਰਨ ਦਾ ਕੰਮ ਕਰਦੀ ਹੈ। ਇੱਕ ਛੋਟਾ ਭਰਾ ਕਰੀਬ 8 ਸਾਲ ਦਾ ਹੈ ਅਤੇ ਇੱਕ ਭੈਣ ਦੀ ਸ਼ਾਦੀ ਰਿਸ਼ਤੇਦਾਰਾਂ ਅਤੇ ਪੜੋਸੀਆਂ ਦੀ ਮਦਦ ਨਾਲ ਹੋਈ ਸੀ। ਹੁਣ ਪਰਿਵਾਰ ਦੀ ਆਮਦਨ ਦਾ ਕੋਈ ਸਾਧਨ ਨਹੀਂ ਬਚਿਆ। ਤੀਜੇ ਮ੍ਰਿਤਕ ਦੀ ਪਛਾਣ ਰਜਨੀਸ਼ ਉਰਫ ਗਾਂਜਾ, ਪਿੰਡ ਡਾਲਾ, ਮੋਗਾ ਵਜੋਂ ਹੋਈ ਹੈ। ਰਜਨੀਸ਼ ਦੀ ਉਮਰ ਕਰੀਬ 30 ਸਾਲ ਸੀ ਅਤੇ ਉਹ ਵੀ ਬਹੁਤ ਗਰੀਬ ਪਰਿਵਾਰ ਨਾਲ ਸੰਬੰਧਤ ਸੀ। ਉਸਦੇ ਸਿਰ ਤੋਂ ਪਿਤਾ ਦਾ ਸਾਇਆ ਨਹੀਂ ਸੀ। ਘਰ ਵਿੱਚ ਮਾਤਾ, ਪਤਨੀ ਅਤੇ ਤਿੰਨ ਸਾਲ ਦੀ ਇੱਕ ਛੋਟੀ ਧੀ ਹੈ। ਰਜਨੀਸ਼ ਹੀ ਘਰ ਦਾ ਇਕੱਲਾ ਕਮਾਉਣ ਵਾਲਾ ਸੀ। ਉਸਦਾ ਇੱਕ ਛੋਟਾ ਭਰਾ ਹੈ ਪਰ ਉਹ ਅਲੱਗ ਰਹਿੰਦਾ ਹੈ। ਇਸ ਹਾਦਸੇ ਨਾਲ ਤਿੰਨਾਂ ਪਰਿਵਾਰਾਂ ‘ਚ ਮਾਤਮ ਛਾ ਗਿਆ ਹੈ। ਤਿੰਨੇ ਹੀ ਘਰਾਂ ਦੇ ਕਮਾਉਣ ਵਾਲੇ ਨੌਜਵਾਨ ਸਨ ਅਤੇ ਉਨ੍ਹਾਂ ਦੀ ਮੌਤ ਨਾਲ ਪਰਿਵਾਰ ਪੂਰੀ ਤਰ੍ਹਾਂ ਟੁੱਟ ਗਏ ਹਨ। ਪਰਿਵਾਰਾਂ ਵੱਲੋਂ ਸਰਕਾਰ ਕੋਲ ਅਪੀਲ ਕੀਤੀ ਗਈ ਹੈ ਕਿ ਉਨ੍ਹਾਂ ਦੀ ਮਾਲੀ ਮਦਦ ਕੀਤੀ ਜਾਵੇ।