ਮ੍ਰਿਤਕ ਡੀਐਮ ਦੇ ਘਰ ਦੀ ਬਿਜਲੀ ਕੱਟਣ ਦਾ ਮਾਮਲਾ/ ਦੋ ਸ਼ੱਕੀ ਵਿਅਕਤੀ ਤਾਰਾਂ ਕੱਟ ਕੇ ਫਰਾਰ/ ਸੀਸੀਟੀਵੀ ’ਚ ਨਜ਼ਰ ਆਏ ਸ਼ੱਕੀ, ਪੁਲਿਸ ਕਰ ਰਹੀ ਜਾਂਚ

0
1

ਮ੍ਰਿਤਕ ਡੀਐਮ ਰੰਧਾਵਾ ਦੀ ਮੌਤ ਤੋਂ ਬਾਅਦ ਉਹਨਾਂ ਦੇ ਪਰਿਵਾਰ ਨਾਲ ਜੁੜਿਆ ਇੱਕ ਹੋਰ ਚਿੰਤਾਜਨਕ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਦਾ ਦਾਅਵਾ ਹੈ ਕਿ ਉਹਨਾਂ ਦੇ ਘਰ ਦੀ ਬਿਜਲੀ ਦੀਆਂ ਤਾਰਾਂ ਜਾਨਬੁੱਝ ਕੇ ਕੱਟੀਆਂ ਗਈਆਂ ਹਨ। ਇਸ ਘਟਨਾ ਤੋਂ ਬਾਅਦ ਪਰਿਵਾਰ ਨੇ ਸੁਰੱਖਿਆ ਸੰਬੰਧੀ ਚਿੰਤਾ ਜਤਾਈ ਹੈ ਅਤੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਸ਼ੱਕੀਆਂ ਦੀ ਕਰਤੂਤ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ ਹੈ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਰਿਵਾਰਕ ਮੈਂਬਰ ਵਰਿੰਦਰ ਪਾਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸ਼ਾਮ ਦੇ ਸਮੇਂ ਜਦੋਂ ਪੁਲਿਸ ਉਹਨਾਂ ਦੇ ਘਰ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਲਈ ਆਈ ਹੋਈ ਸੀ, ਉਸੇ ਵੇਲੇ ਘਰ ਦੀ ਬਿਜਲੀ ਅਚਾਨਕ ਬੰਦ ਹੋ ਗਈ। ਪਹਿਲਾਂ ਉਹਨਾਂ ਨੂੰ ਲੱਗਿਆ ਕਿ ਇਹ ਆਮ ਬਿਜਲੀ ਕੱਟ ਹੋ ਸਕਦੀ ਹੈ ਜਾਂ ਕੋਈ ਤਕਨੀਕੀ ਖਰਾਬੀ ਹੋਵੇਗੀ। ਪਰ ਜਦੋਂ ਰਾਤ ਦੇ ਸਮੇਂ ਇਲਾਕੇ ਦੇ ਹੋਰ ਘਰਾਂ ਵਿੱਚ ਬਿਜਲੀ ਚਾਲੂ ਹੋ ਗਈ ਅਤੇ ਸਿਰਫ਼ ਉਹਨਾਂ ਦੇ ਘਰ ਵਿੱਚ ਹੀ ਬੱਤੀ ਨਹੀਂ ਆਈ ਤਾਂ ਪਰਿਵਾਰ ਨੂੰ ਸ਼ੱਕ ਹੋਇਆ।
ਇਸ ਤੋਂ ਬਾਅਦ ਉਹਨਾਂ ਨੇ ਘਰ ਦੀ ਜਾਂਚ ਕੀਤੀ ਅਤੇ ਇੱਕ ਇਲੈਕਟ੍ਰੀਸ਼ਨ ਨੂੰ ਬੁਲਾਇਆ। ਇਲੈਕਟ੍ਰੀਸ਼ਨ ਨੇ ਮੀਟਰ ਦੇ ਕੋਲ ਜਾਂਚ ਕਰ ਕੇ ਦੱਸਿਆ ਕਿ ਘਰ ਨੂੰ ਜਾਣ ਵਾਲੀਆਂ ਤਾਰਾਂ ਕੱਟੀਆਂ ਹੋਈਆਂ ਹਨ। ਇਸ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਡੀਸੀਪੀ ਸਮੇਤ ਪੁਲਿਸ ਦੇ ਉੱਚ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਪੁਲਿਸ ਵੱਲੋਂ ਮੌਕੇ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ। ਪਰਿਵਾਰ ਦੇ ਅਨੁਸਾਰ ਕੈਮਰਿਆਂ ਵਿੱਚ ਦੋ ਵਿਅਕਤੀ ਦਿਖਾਈ ਦੇ ਰਹੇ ਹਨ ਜੋ ਆ ਕੇ ਬਿਜਲੀ ਦੀਆਂ ਤਾਰਾਂ ਕੱਟ ਕੇ ਚਲੇ ਗਏ।
ਵਰਿੰਦਰ ਪਾਲ ਨੇ ਕਿਹਾ ਕਿ ਇਹ ਕੰਮ ਬਿਜਲੀ ਵਿਭਾਗ ਦੇ ਕਿਸੇ ਕਰਮਚਾਰੀ ਵੱਲੋਂ ਨਹੀਂ ਲੱਗਦਾ, ਸਗੋਂ ਇਹ ਕਿਸੇ ਦੀ ਸੋਚੀ ਸਮਝੀ ਸਾਜ਼ਿਸ਼ ਹੋ ਸਕਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਕੁਝ ਲੋਕ ਪਰਿਵਾਰ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਉਹ ਇਸ ਮਾਮਲੇ ਵਿੱਚ ਉਲਝੇ ਰਹਿਣ। ਉਹਨਾਂ ਨੇ ਦੋਸ਼ ਲਗਾਇਆ ਕਿ ਜਿਨ੍ਹਾਂ ਵਿਅਕਤੀਆਂ ਨੂੰ ਅਜੇ ਤੱਕ ਪੁਲਿਸ ਨੇ ਗ੍ਰਿਫ਼ਤਾਰ ਨਹੀਂ ਕੀਤਾ, ਸੰਭਵ ਹੈ ਕਿ ਉਹ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਰਾਹੀਂ ਪਰਿਵਾਰ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹੋਣ।
ਵਰਿੰਦਰ ਪਾਲ ਨੇ ਮੁੱਖ ਮੰਤਰੀ ਮਾਨ ਕੋਲ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ ਤਾਂ ਜੋ ਸੱਚ ਸਾਹਮਣੇ ਆ ਸਕੇ। ਉਹਨਾਂ ਨੇ ਦੱਸਿਆ ਕਿ ਪਰਿਵਾਰ ਨੂੰ ਪਹਿਲੇ ਦਿਨ ਤੋਂ ਹੀ ਖਤਰੇ ਦੀ ਆਸ਼ੰਕਾ ਹੈ। ਹਾਲਾਂਕਿ ਪੁਲਿਸ ਵੱਲੋਂ ਇਸ ਵੇਲੇ ਘਰ ਦੇ ਬਾਹਰ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ ਅਤੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਜੋ ਪਰਿਵਾਰ ਦੀ ਰੱਖਿਆ ਲਈ ਮੌਜੂਦ ਹਨ।

LEAVE A REPLY

Please enter your comment!
Please enter your name here