ਸਾਬਕਾ ਮੰਤਰੀ ਲਾਲਜੀਤ ਭੁੱਲਰ ਦੀਆਂ ਮੁਸ਼ਕਲਾਂ ਵਧਣਾ ਜਾਰੀ/ NRI ਬੀਬੀ ਨੇ ਲਾਏ ਗੰਭੀਰ ਇਲਜ਼ਾਮ

0
2

 

ਸਰਕਾਰੀ ਅਧਿਕਾਰੀ ਦੀ ਖੁਦਕੁਸ਼ੀ ਮਾਮਲੇ ਵਿਚ ਘਿਰੇ ਸਾਬਕਾ ਮੰਤਰੀ ਲਾਲਜੀਤ ਭੁੱਲਰ ਦੀਆਂ ਮੁਸ਼ਕਲਾਂ ਲਗਾਤਾਰ ਵੱਧ ਰਹੀਆਂ ਨੇ। ਹੁਣ ਅੰਮ੍ਰਿਤਸਰ ਨਾਲ ਸਬੰਧਤ ਇਕ ਐਨਆਰਆਈ ਬੀਬੀ ਨੇ ਸਾਬਕਾ ਮੰਤਰੀ ਖਿਲਾਫ ਜ਼ਮੀਨ ਉਤੇ ਕਬਜ਼ੇ ਦੀ ਨੀਅਤ ਨਾਲ ਦਬਾਅ ਬਣਾਉਣ ਦੇ ਇਲਜ਼ਾਮ ਲਾਏ ਨੇ। ਅੰਮ੍ਰਿਤਸਰ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂਆਂ ਦੀ ਹਾਜ਼ਰੀ ਵਿਚ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਨੇਡਾ ਦੀ ਸਿਟੀਜਨ ਬੀਬੀ ਰਣਦੀਪ ਕੌਰ ਦੇ ਦੱਸਣ ਮੁਤਾਬਕ ਸਾਬਕਾ ਮੰਤਰੀ ਨੇ ਉਸ ਨੂੰ ਵੀ ਉਸ ਦੀ ਜ਼ਮੀਨ ਦੱਬਣ ਦੇ ਮਕਸਦ ਨਾਲ ਆਪਣੇ ਦਫਤਰ ਬੁਲਾ ਕੇ ਧਮਕੀਆਂ ਦਿੱਤੀਆਂ ਸਨ। ਬੀਬੀ ਦਾ ਇਲਜਾਮ ਹੈ ਕਿ ਉਸ ਦੇ ਆਪਣੀ ਜ਼ਮੀਨ ਛੱਡਣ ਲਈ ਦਬਾਅ ਬਣਾਇਆ ਗਿਆ ਅਤੇ ਇਨਕਾਰ ਕਰਨ ਉਤੇ ਨਤੀਜੇ  ਭੁਗਤਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ।

ਪ੍ਰੈਸ ਨੂੰ ਸੰਬੋਧਨ ਕਰਦਿਆਂ ਬੀਬੀ ਰਣਦੀਪ ਕੌਰ ਨੇ ਦੱਸਿਆ ਕਿ ਕਿਸ ਤਰ੍ਹਾਂ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਉਸਦੇ ਪਿਤਾ ਵੱਲੋਂ ਉਨ੍ਹਾਂ ਨੂੰ ਦਫ਼ਤਰ ਵਿੱਚ ਬੁਲਾ ਕੇ ਡਰਾਇਆ-ਧਮਕਾਇਆ ਗਿਆ, ਜਲੀਲ ਕੀਤਾ ਗਿਆ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ‘ਤੇ ਆਪਣੀ ਜਾਇਦਾਦ ਛੱਡਣ ਲਈ ਦਬਾਅ ਬਣਾਇਆ ਗਿਆ ਅਤੇ ਇਨਕਾਰ ਕਰਨ ‘ਤੇ ਨਤੀਜੇ ਭੁਗਤਣ ਦੀਆਂ ਧਮਕੀਆਂ ਦਿੱਤੀਆਂ ਗਈਆਂ।

ਉਨ੍ਹਾਂ ਹੋਰ ਖੁਲਾਸਾ ਕਰਦਿਆਂ ਦੱਸਿਆ ਕਿ ਪਹਿਲਾਂ ਉਨ੍ਹਾਂ ਦੇ ਭਰਾ ਕੋਲੋਂ ਅੱਧੀ ਜ਼ਮੀਨ ਖਰੀਦੀ ਗਈ ਅਤੇ ਬਾਅਦ ਵਿੱਚ ਉਸ ਨਾਲ ਲੱਗਦੀ ਉਨ੍ਹਾਂ ਦੀ ਬਾਕੀ ਜਾਇਦਾਦ ‘ਤੇ ਵੀ ਜਬਰਦਸਤੀ ਕਬਜ਼ਾ ਕਰ ਲਿਆ ਗਿਆ। ਬੀਬੀ ਰਣਦੀਪ ਕੌਰ ਨੇ ਕਿਹਾ ਕਿ ਉਹ ਇਨਸਾਫ਼ ਲਈ ਤਿੰਨ ਵਾਰ ਕੈਨੇਡਾ ਤੋਂ ਪੰਜਾਬ ਆ ਚੁੱਕੇ ਹਨ, ਪਰ ਮੰਤਰੀ ਦੇ ਪ੍ਰਭਾਵ ਕਾਰਨ ਪ੍ਰਸ਼ਾਸਨ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਿਹਾ। ਉਨ੍ਹਾਂ ਇਹ ਵੀ ਦੱਸਿਆ ਕਿ ਮਰਹੂਮ ਡੀ ਐਮ ਗਗਨਦੀਪ ਸਿੰਘ ਰੰਧਾਵਾ ਦੇ ਮਾਮਲੇ ਵਿੱਚ ਗ੍ਰਿਫ਼ਤਾਰੀ ਹੋਣ ਦੇ ਬਾਵਜੂਦ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਪ੍ਰਭਾਵ ਕਾਇਮ ਹੈ ਅਤੇ ਉਸਦੀ ਗੈਰਹਾਜ਼ਰੀ ਵਿੱਚ ਉਸਦਾ ਪਰਿਵਾਰ ਹੀ ਉਸਦੇ ਸਾਰੇ ਕੰਮ ਚਲਾ ਰਿਹਾ ਹੈ।

ਇਸ ਮੌਕੇ ਭਾਈ ਦਲਜੀਤ ਸਿੰਘ ਜਵੰਦਾ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਸੂਬੇ ਵਿੱਚ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ ਅਤੇ ਆਮ ਲੋਕਾਂ ਸਮੇਤ ਐਨ ਆਰ ਆਈ ਵੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਐਨ ਆਰ ਆਈ ਭੈਣਾਂ-ਭਰਾਵਾਂ ਨੂੰ ਭਰੋਸਾ ਦਵਾਇਆ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਹਰ ਹਾਲਤ ਵਿੱਚ ਉਨ੍ਹਾਂ ਦੇ ਨਾਲ ਖੜਾ ਹੈ ਅਤੇ ਉਨ੍ਹਾਂ ਦੇ ਹੱਕਾਂ ਦੀ ਰੱਖਿਆ ਲਈ ਹਰ ਮੰਚ ‘ਤੇ ਲੜਾਈ ਲੜੀ ਜਾਵੇਗੀ।

ਉਨ੍ਹਾਂ ਕਿਹਾ ਕਿ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਐਨ ਆਰ ਆਈਜ਼ ਦੇ ਹੱਕਾਂ ਲਈ ਵਚਨਬੱਧ ਹੈ ਅਤੇ ਕਿਸੇ ਨੂੰ ਵੀ ਉਨ੍ਹਾਂ ਦੀ ਜਾਇਦਾਦ ‘ਤੇ ਨਾਜਾਇਜ਼ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ। ਭਾਈ ਜਵੰਦਾ ਨੇ ਇਹ ਵੀ ਕਿਹਾ ਕਿ ਜੇਕਰ 2027 ਵਿੱਚ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਅਗਵਾਈ ਵਿੱਚ ਸਰਕਾਰ ਬਣਦੀ ਹੈ ਤਾਂ ਪੰਜਾਬ ਵਿੱਚ ਕਿਸੇ ਵੀ ਐਨਆਰਆਈ ਨੂੰ ਆਪਣੀ ਜਾਇਦਾਦ ਲਈ ਚਿੰਤਾ ਨਹੀਂ ਰਹੇਗੀ ਅਤੇ ਹਰ ਇੱਕ ਨੂੰ ਇਨਸਾਫ਼ ਮਿਲੇਗਾ।

LEAVE A REPLY

Please enter your comment!
Please enter your name here