ਪੰਜਾਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਪਾਸ/ ਮੈਂਬਰ ਬਲਵਿੰਦਰ ਸਿੰਘ ਬੈਂਸ ਵੱਲੋਂ ਵਿਰੋਧ ’ਚ ਵਾਕਆਊਟ/ ਬਜਟ ’ਚ ਖਾਮੀਆਂ ਤੇ ਕਰੋੜਾਂ ਦੀ ਲੀਕੇਜ ਦੇ ਇਲਜ਼ਾਮ By admin - March 28, 2026 0 3 Facebook Twitter Pinterest WhatsApp ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ਸੈਸ਼ਨ ਦੌਰਾਨ ਉਸ ਵੇਲੇ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਐਸਜੀਪੀਸੀ ਮੈਂਬਰ ਬਲਵਿੰਦਰ ਸਿੰਘ ਬੈਂਸ ਨੇ ਬਜਟ ਦਾ ਤਿੱਖਾ ਵਿਰੋਧ ਕਰਦੇ ਹੋਏ ਸੈਸ਼ਨ ਦਾ ਬਾਈਕਾਟ ਕਰ ਦਿੱਤਾ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬਲਵਿੰਦਰ ਸਿੰਘ ਬੈਂਸ ਨੇ ਦੋਸ਼ ਲਗਾਇਆ ਕਿ ਇਹ ਬਜਟ ਬਿਨਾਂ ਕਿਸੇ ਢੰਗ ਦੀ ਚਰਚਾ ਦੇ ਹੀ ਪਾਸ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਆਮ ਤੌਰ ‘ਤੇ ਬਜਟ ਸੈਸ਼ਨ ਲੰਬੇ ਸਮੇਂ ਤੱਕ ਚਲਦਾ ਹੈ ਪਰ ਇਸ ਵਾਰ ਅੱਧੇ ਘੰਟੇ ਵਿੱਚ ਹੀ ਬਜਟ ਪੇਸ਼ ਕਰਕੇ ਜੈਕਾਰਿਆਂ ਨਾਲ ਪਾਸ ਕਰ ਦਿੱਤਾ ਗਿਆ, ਜੋ ਲੋਕਤੰਤਰਕ ਪ੍ਰਕਿਰਿਆ ‘ਤੇ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਬਜਟ ਨੂੰ “ਖਾਮੀਆਂ ਦਾ ਘਰ” ਕਰਾਰ ਦਿੰਦਿਆਂ ਕਿਹਾ ਕਿ ਇਸ ਵਿੱਚ ਵੱਡੇ ਪੱਧਰ ‘ਤੇ ਆਰਥਿਕ ਲੀਕੇਜ ਹੈ। ਬੈਂਸ ਨੇ ਦਾਅਵਾ ਕੀਤਾ ਕਿ ਕਈ ਸੰਸਥਾਵਾਂ ਅਤੇ ਕਾਲਜਾਂ ਨੂੰ 99 ਸਾਲਾਂ ਲਈ ਲੀਜ਼ ‘ਤੇ ਦੇਣ ਦੇ ਬਾਵਜੂਦ ਵੀ ਹਰ ਸਾਲ ਕਰੋੜਾਂ ਰੁਪਏ ਭੇਜੇ ਜਾ ਰਹੇ ਹਨ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਸਾਰਾਗੜੀ ਨਾਲ ਸੰਬੰਧਿਤ ਕੰਟੀਨ ਦੇ ਮਾਮਲੇ ‘ਚ ਵੀ ਗੰਭੀਰ ਸਵਾਲ ਉਠਾਏ। ਬੈਂਸ ਨੇ ਕਿਹਾ ਕਿ ਸਵੇਰੇ ਨੋਟਿਸ ਲਗਾ ਕੇ ਕੁਝ ਹੀ ਘੰਟਿਆਂ ਵਿੱਚ ਬੋਲੀ ਕਰ ਦਿੱਤੀ ਗਈ, ਜਿਸ ਨਾਲ ਪਾਰਦਰਸ਼ਤਾ ‘ਤੇ ਸਵਾਲ ਖੜ੍ਹਦੇ ਹਨ। ਉਨ੍ਹਾਂ ਇਹ ਵੀ ਇਸ਼ਾਰਾ ਕੀਤਾ ਕਿ ਬੋਲੀ ਲੈਣ ਵਾਲਾ ਵਿਅਕਤੀ ਕਿਸੇ ਐਸਜੀਪੀਸੀ ਮੈਂਬਰ ਦਾ ਨਜ਼ਦੀਕੀ ਹੋ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਹਰਿਆਣਾ ਵੱਲ ਜਾ ਰਹੇ ਫੰਡਾਂ ਅਤੇ ਜੀਐਨ ਕਾਲਜ ਦੇ ਕਰਮਚਾਰੀਆਂ ਦੇ ਮਸਲੇ ਨੂੰ ਵੀ ਉਠਾਇਆ। ਬੈਂਸ ਨੇ ਕਿਹਾ ਕਿ ਇੱਕ ਪਾਸੇ ਕਰਮਚਾਰੀ ਲੰਬੇ ਸਮੇਂ ਤੋਂ ਤਨਖਾਹਾਂ ਅਤੇ ਬਕਾਇਆ ਰਕਮ ਲਈ ਧਰਨੇ ‘ਤੇ ਬੈਠੇ ਹਨ, ਦੂਜੇ ਪਾਸੇ ਐਸਜੀਪੀਸੀ ਵੱਲੋਂ ਬਾਹਰਲੇ ਸੰਸਥਾਨਾਂ ਨੂੰ ਫੰਡ ਜਾਰੀ ਕੀਤੇ ਜਾ ਰਹੇ ਹਨ। ਬੈਂਸ ਨੇ ਇਹ ਵੀ ਦੋਸ਼ ਲਗਾਇਆ ਕਿ ਪਿਛਲੇ ਸੈਸ਼ਨ ਦੌਰਾਨ ਉਨ੍ਹਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ ਅਤੇ ਮਾਈਕ ਬੰਦ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ “ਜਲਾਲਤ” ਬਰਦਾਸ਼ਤ ਨਹੀਂ ਕੀਤੀ ਜਾ ਸਕਦੀ, ਜਿਸ ਕਾਰਨ ਉਹ ਇਸ ਵਾਰ ਸੈਸ਼ਨ ਛੱਡ ਕੇ ਬਾਹਰ ਆ ਗਏ।