ਅੰਮ੍ਰਿਤਸਰ ’ਚ ਪੀੜਤ ਪਰਿਵਾਰ ਨੂੰ ਮਿਲੇ ਤਰੁਣ ਚੁੰਗ/ ਸਰਕਾਰ ਵੱਲ ਸਾਧੇ ਨਿਸ਼ਾਨੇ/ ਇਨਸਾਫ ਲਈ ਸੀਬੀਆਈ ਜਾਂਚ ਮੰਗੀ

0
1

ਸੀਨੀਅਰ ਭਾਜਪਾ ਆਗੂ ਤਰੁਣ ਚੁੱਗ ਅੱਜ ਮ੍ਰਿਤਕ ਅਧਿਕਾਰੀ ਰੰਧਾਵਾ ਦੇ ਘਰ ਪਹੁੰਚੇ, ਜਿੱਥੇ ਉਨ੍ਹਾਂ ਨੇ ਪਰਿਵਾਰ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਚੁੱਗ ਨੇ ਘਟਨਾ ਨੂੰ ਅਤੀ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਜਿਨ੍ਹਾਂ ਲੋਕਾਂ ‘ਤੇ ਰੱਖਿਆ ਦੀ ਜ਼ਿੰਮੇਵਾਰੀ ਸੀ, ਉਹੀ ਇਸ ਤਰ੍ਹਾਂ ਦੇ ਅਤਿਆਚਾਰ ਲਈ ਜ਼ਿੰਮੇਵਾਰ ਹਨ। ਉਨ੍ਹਾਂ ਨੇ ਪਰਿਵਾਰ ਨੂੰ ਬਣਦਾ ਇਨਸਾਫ ਦੇਣ ਲਈ ਜਾਂਚ ਸੀਬੀਆਈ ਹਵਾਲੇ ਕਰਨ ਦੀ ਮੰਗ ਕੀਤੀ।
ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭ੍ਰਿਸ਼ਟਾਚਾਰ, ਰੰਗਦਾਰੀ ਅਤੇ ਉਗਰਾਹੀ ਮਾਫੀਆ ਪੂਰੀ ਤਰ੍ਹਾਂ ਹਾਵੀ ਹੋ ਚੁੱਕੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਢਾਈ-ਤਿੰਨ ਸਾਲਾਂ ਵਿੱਚ ਇੱਕ ਨਵਾਂ “ਉਗਰਾਹੀ ਤੰਤਰ” ਖੜ੍ਹਾ ਹੋ ਗਿਆ ਹੈ, ਜਿਸ ਰਾਹੀਂ ਅਧਿਕਾਰੀਆਂ ‘ਤੇ ਦਬਾਅ ਬਣਾ ਕੇ ਪੈਸੇ ਇਕੱਠੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਇਸ ਸਮੇਂ ਬਹੁਤ ਹੀ ਭਿਆਨਕ ਦੌਰ ਵਿਚੋਂ ਲੰਘ ਰਿਹਾ ਹੈ।
ਉਨ੍ਹਾਂ ਗਗਨਦੀਪ ਸਿੰਘ ਰੰਧਾਵਾ ਦੀ ਮੌਤ ਨੂੰ ਸ਼ੱਕੀ ਕਰਾਰ ਦਿੰਦਿਆਂ ਕਿਹਾ ਕਿ ਇੱਕ ਨੌਜਵਾਨ ਅਤੇ ਹੋਣਹਾਰ ਅਧਿਕਾਰੀ ਨੂੰ ਘਰ ਬੁਲਾ ਕੇ ਤਸ਼ੱਦਦ ਕੀਤਾ ਗਿਆ, ਦਬਾਅ ਬਣਾਇਆ ਗਿਆ ਅਤੇ ਝੂਠੀਆਂ ਵੀਡੀਓ ਬਣਵਾਉਣ ਦੀ ਕੋਸ਼ਿਸ਼ ਕੀਤੀ ਗਈ। ਚੁੱਗ ਦੇ ਮੁਤਾਬਕ, ਇੰਨਾ ਦਬਾਅ ਬਣਾਇਆ ਗਿਆ ਕਿ ਅਖੀਰਕਾਰ ਉਹ ਆਤਮਹੱਤਿਆ ਲਈ ਮਜਬੂਰ ਹੋ ਗਿਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਸਿਰਫ਼ ਆਤਮਹੱਤਿਆ ਨਹੀਂ, ਸਗੋਂ “ਦਬਾਅ ਰਾਹੀਂ ਕੀਤੀ ਗਈ ਹੱਤਿਆ” ਹੈ ਅਤੇ ਇਸ ਮਾਮਲੇ ਵਿੱਚ ਕਤਲ ਦਾ ਕੇਸ ਦਰਜ ਹੋਣਾ ਚਾਹੀਦਾ ਹੈ।
ਭਾਜਪਾ ਆਗੂ ਨੇ ਦੋਸ਼ ਲਗਾਇਆ ਕਿ ਭਗਵੰਤ ਮਾਨ ਸਰਕਾਰ ਇਸ ਮਾਮਲੇ ਵਿੱਚ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਦਬਾਅ ਹੇਠ ਇਸਤੀਫ਼ਾ ਲਿਆ ਗਿਆ ਅਤੇ ਫਿਰ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਸਵਾਲ ਕੀਤਾ ਕਿ ਅਜੇ ਤੱਕ ਪਰਚਾ ਦਰਜ ਕਰਨ ਵਿੱਚ ਦੇਰੀ ਕਿਉਂ ਕੀਤੀ ਜਾ ਰਹੀ ਹੈ।
ਤਰੁਣ ਚੁੱਗ ਨੇ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਦਿੱਤੇ ਗਏ ਸੁਝਾਅ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੇ ਸਾਰੇ ਸੰਸਦ ਮੈਂਬਰ ਲਿਖਤੀ ਰੂਪ ਵਿੱਚ ਮੰਗ ਕਰਨ, ਤਾਂ ਇਹ ਮਾਮਲਾ CBI ਨੂੰ ਦਿੱਤਾ ਜਾ ਸਕਦਾ ਹੈ। ਉਨ੍ਹਾਂ ਸਾਰੀਆਂ ਰਾਜਨੀਤਿਕ ਪਾਰਟੀਆਂ—ਕਾਂਗਰਸ, ਆਮ ਆਦਮੀ ਪਾਰਟੀ ਅਤੇ ਹੋਰਾਂ ਨੂੰ ਅਪੀਲ ਕੀਤੀ ਕਿ ਉਹ ਰਾਜਨੀਤੀ ਤੋਂ ਉੱਪਰ ਉੱਠ ਕੇ ਨਿਆਂ ਲਈ ਇਕੱਠੇ ਹੋਣ।
ਇਸਦੇ ਨਾਲ ਹੀ ਚੁੱਗ ਨੇ ਪੰਜਾਬ ਦੀ ਆਰਥਿਕ ਸਥਿਤੀ ‘ਤੇ ਵੀ ਚਿੰਤਾ ਜਤਾਈ ਅਤੇ ਕਿਹਾ ਕਿ ਰਾਜ ਕਰਜ਼ੇ ਦੇ ਬੋਝ ਹੇਠ ਦਬਦਾ ਜਾ ਰਿਹਾ ਹੈ, ਪਰ ਇਸ ਪੈਸੇ ਦਾ ਸਹੀ ਇਸਤੇਮਾਲ ਨਹੀਂ ਹੋ ਰਿਹਾ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਰਕਮ ਵਿਕਾਸ ਦੀ ਬਜਾਏ ਵਿਅਰਥ ਖਰਚੀ ਜਾ ਰਹੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਪੀੜਤ ਪਰਿਵਾਰ ਨੂੰ ਅਜੇ ਤੱਕ ਯੋਗ ਸੁਰੱਖਿਆ ਨਹੀਂ ਦਿੱਤੀ ਗਈ, ਜਦਕਿ ਦੋਸ਼ੀਆਂ ਨੂੰ ਸੁਰੱਖਿਆ ਮਿਲ ਰਹੀ ਹੈ। ਇਹ ਕਾਨੂੰਨ ਅਤੇ ਨਿਆਂ ਪ੍ਰਣਾਲੀ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ। ਅਖੀਰ ਵਿੱਚ ਤਰੁਣ ਚੁੱਗ ਨੇ ਕਿਹਾ ਕਿ ਪੰਜਾਬ ਇਸ ਸਮੇਂ ਆਜ਼ਾਦੀ ਤੋਂ ਬਾਅਦ ਦੇ ਸਭ ਤੋਂ ਮੁਸ਼ਕਲ ਦੌਰ ਵਿੱਚੋਂ ਲੰਘ ਰਿਹਾ ਹੈ ਅਤੇ ਜੇਕਰ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਨਿਆਂ ਨਾ ਮਿਲਿਆ, ਤਾਂ ਲੋਕਾਂ ਦਾ ਭਰੋਸਾ ਪ੍ਰਣਾਲੀ ਤੋਂ ਉੱਠ ਜਾਵੇਗਾ। ਉਨ੍ਹਾਂ ਦੁਹਰਾਇਆ ਕਿ ਇਸ ਮਾਮਲੇ ਦੀ ਨਿਰਪੱਖ CBI ਜਾਂਚ ਹੋਣੀ ਚਾਹੀਦੀ ਹੈ ਅਤੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਘਰੇ ਵਿੱਚ ਲਿਆਉਣਾ ਲਾਜ਼ਮੀ ਹੈ।

LEAVE A REPLY

Please enter your comment!
Please enter your name here