ਮਾਨਸਾ ਦੇ ਪਿੰਡ ਨੰਗਲ ਕਲਾਂ ’ਚ ਨੌਜਵਾਨ ਦੀ ਮੌਤ/ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਸ਼ੱਕ/ ਪਰਿਵਾਰ ਤੇ ਪੰਚਾਇਤ ਨੇ ਮੰਗੀ ਕਾਰਵਾਈ

0
1

ਪੰਜਾਬ ਸਰਕਾਰ ਦੀ ਸਖਤੀ ਦੇ ਬਾਵਜੂਦ ਨੌਜਵਾਨਾਂ ਦੀਆਂ ਨਸ਼ਿਆਂ ਨਾਲ ਮੌਤਾਂ ਦਾ ਸਿਲਸਿਲਾ ਥੰਮ੍ਹ ਨਹੀਂ ਰਿਹਾ। ਤਾਜ਼ਾ ਮਾਮਲਾ ਮਾਨਸਾ ਦੇ ਪਿੰਡ ਨੰਗਲ ਕਲਾਂ ਤੋਂ ਸਾਹਮੇਣੇ ਆਇਆ ਹੈ, ਜਿੱਥੇ 30 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅੰਮ੍ਰਿਤਪਾਲ ਸਿੰਘ ਗੱਗੀ ਵਜੋਂ ਹੋਈ ਹੈ। ਪਰਿਵਾਰ ਤੇ ਪਿੰਡ ਦੀ ਪੰਚਾਇਤ ਨੇ ਇਲਾਕੇ ਅੰਦਰ ਸ਼ਰੇਆਮ ਨਸ਼ੇ ਵਿੱਕਣ ਦੇ ਇਲਜ਼ਾਮ ਲਾਉਂਦਿਆਂ ਸਰਕਾਰ ਤੋਂ ਨਸ਼ਿਆਂ ਖਿਲਾਫ ਸਖਤ ਕਾਰਵਾਈ ਮੰਗੀ ਹੈ। ਮ੍ਰਿਤਕ ਦੇ ਭਰਾ ਸੇਵਕ ਸਿੰਘ ਦੇ ਦੱਸਣ ਮੁਤਾਬਕ ਉਨ੍ਹਾਂ ਗੁਆਂਢੀਆਂ ਵੱਲੋਂ ਨਸ਼ਾ ਵੇਚਣ ਦਾ ਕੰਮ ਕੀਤਾ ਜਾਂਦਾ ਹੈ, ਜਿਨ੍ਹਾਂ ਬਾਰੇ ਪੁਲਿਸ ਕੋਲ ਸ਼ਿਕਾਇਤ ਕੀਤੀ ਪਰ ਕਾਰਵਾਈ ਨਹੀਂ ਹੋਈ, ਜਿਸ ਦੇ ਚਲਦਿਆਂ ਉਸ ਦੇ ਭਰਾ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ।  ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਨਸ਼ਾ ਤਸਕਰ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਪਰਿਵਾਰ ਅਤੇ ਪੰਚਾਇਤ ਨੇ ਦੋਸ਼ ਲਗਾਇਆ ਹੈ ਕਿ ਗੁਆਂਢੀ ਮੂੰਗੀ ਸਿੰਘ ਵੱਲੋਂ ਨਸ਼ਾ ਵੇਚਿਆ ਜਾ ਰਿਹਾ ਜਿਸ ਨੂੰ ਪਹਿਲਾਂ ਵੀ ਕਈ ਵਾਰ ਵਾਰ ਚਿਤਾਵਨੀਆਂ ਦਿੱਤੀਆਂ ਗਈਆਂ ਅਤੇ ਇਸ ਵਿਅਕਤੀ ਨੇ ਪੂਰੀ ਪੰਚਾਇਤ ਕੋਲੋਂ ਮਾਫੀ ਵੀ ਮੰਗੀ ਸੀ ਕਿ ਉਹ ਅੱਗੇ ਤੋਂ ਨਸ਼ਾ ਨਹੀਂ ਵੇਚੇਗਾ ਪਰ ਫਿਰ ਵੀ ਨਸ਼ਾ ਵੇਚਣ ਦਾ ਕੰਮ ਜਾਰੀ ਹੈ ਜਿਸ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਸੀ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਦੇ ਲਈ ਸਿੱਧੇ ਤੌਰ ਤੇ ਪੰਜਾਬ ਪੁਲਿਸ ਇਸ ਦੀ ਜਿੰਮੇਵਾਰ ਹੈ ਜਿੱਥੇ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਦੇ ਵਿਰੁੱਧ ਕਾਰਵਾਈ ਕਰਨ ਦੇ ਦਾਅਵੇ ਕੀਤੇ ਜਾ ਰਹੇ ਨੇ ਉੱਥੇ ਹੀ ਅੱਜ ਫਿਰ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਈ ਹੈ।
ਪਿੰਡ ਦੀ ਪੰਚਾਇਤ ਸਰਪੰਚ ਰੇਸ਼ਮ ਸਿੰਘ ਜਿੰਦਾ ਨੇ ਕਿਹਾ ਕਿ ਪਿੰਡ ਨੰਗਲ ਕਲਾਂ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਮੂੰਗੀ ਸਿੰਘ ਅਤੇ ਇਸਦਾ ਪਰਿਵਾਰ ਨਸ਼ਾ ਵੇਚਣ ਦਾ ਕੰਮ ਕਰ ਰਿਹਾ ਹੈ ਜਿਸ ਸਬੰਧੀ ਪੁਲਿਸ ਨੂੰ ਪਹਿਲਾਂ ਵੀ ਕਈ ਵਾਰ ਸੂਚਨਾ ਦਿੱਤੀ ਗਈ ਅਤੇ ਇਸ ਵਿਅਕਤੀ ਵੱਲੋਂ ਪਿੰਡ ਦੇ ਇਕੱਠ ਵਿੱਚ ਆ ਕੇ ਮਾਫੀ ਵੀ ਮੰਗੀ ਗਈ ਸੀ ਕਿ ਉਹ ਨਸ਼ਾ ਅੱਗੇ ਤੋਂ ਨਹੀਂ ਵੇਚੇਗਾ ਪਰ ਨਸ਼ਾ ਵੇਚਣ ਦਾ ਕੰਮ ਨਹੀਂ ਛੱਡ ਰਿਹਾ ਅਤੇ ਪੁਲਿਸ ਵੱਲੋਂ ਵੀ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਉਹਨਾਂ ਕਿਹਾ ਕਿ ਪਹਿਲਾਂ ਵੀ ਇਸ ਘਰ ਦੇ ਵਿੱਚ ਹੀ ਇੱਕ ਨੌਜਵਾਨ ਦੀ ਨਸ਼ੇ ਦੇ ਕਾਰਨ ਮੌਤ ਹੋ ਗਈ ਸੀ ਅਤੇ ਅੱਜ ਫਿਰ ਇੱਕ ਨੌਜਵਾਨ ਦੀ ਮੌਤ ਹੋਈ ਹੈ ਅਤੇ ਬਿਲਕੁਲ ਨਸ਼ਾ ਤਸਕਰ ਦੇ ਘਰ ਦੇ ਨਾਲ ਘਰ ਦੇ ਵਿੱਚ ਮੌਤ ਹੋਣ ਦਾ ਮਾਮਲਾ ਹੈ ਉਹਨਾਂ ਕਿਹਾ ਕਿ ਇਸ ਵਿਅਕਤੀ ਤੇ ਤੁਰੰਤ ਕਾਰਵਾਈ ਕੀਤੀ ਜਾਵੇ ਜਿੱਥੇ ਪੰਜਾਬ ਪੁਲਿਸ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਦੇ ਤਹਿਤ ਨਸ਼ਾ ਤਸਕਰਾਂ ਦੇ ਘਰਾਂ ਤੇ ਪੀਲਾ ਪੰਜਾ ਚਲਾਉਣ ਦੇ ਦਾਅਵੇ ਕਰ ਰਹੀ ਹੈ ਤਾਂ ਇਸ ਵਿਅਕਤੀ ਵੱਲੋਂ ਨਸ਼ੇ ਦੀ ਤਸਕਰੀ ਨਾਲ ਬਣਾਏ ਗਏ ਘਰ ਤੇ ਪੀਲਾ ਪੰਜਾ ਕਿਉਂ ਨਹੀਂ ਚਲਾਇਆ ਜਾ ਰਿਹਾ।

LEAVE A REPLY

Please enter your comment!
Please enter your name here