ਮੋਗਾ ਪੁਲਿਸ ਡਰਿੰਕ ਐਂਡ ਡਰਾਈਵ ਖਿਲਾਫ਼ ਐਕਸ਼ਨ/ ਨਸ਼ੇ ’ਚ ਗੱਡੀ ਚਲਾਉਣ ਵਾਲਿਆਂ ਦੇ ਮੋਟੇ ਚਲਾਨ

0
2

 

ਮੋਗਾ ਵਿੱਚ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਮੋਗਾ ਪੁਲਿਸ ਵੱਲੋਂ ਸਖ਼ਤੀ ਕੀਤੀ ਜਾ ਰਹੀ ਹੈ। ਖਾਸ ਕਰਕੇ ਡਰਿੰਕ ਐਂਡ ਡਰਾਈਵ ਕਰਨ ਵਾਲਿਆਂ ਉੱਤੇ ਪੁਲਿਸ ਨੇ ਕਾਰਵਾਈ ਕਰਦਿਆਂ ਕਈ ਲੋਕਾਂ ਦੇ ਮੋਟੇ ਚਲਾਨ ਕੀਤੇ ਹਨ। ਬੀਤੀ ਰਾਤ ਮੋਗਾ ਸ਼ਹਿਰ ਦੇ ਵੱਖ-ਵੱਖ ਸਥਾਨਾਂ ‘ਤੇ ਨਾਕਾਬੰਦੀ ਕਰਕੇ ਪੁਲਿਸ ਵੱਲੋਂ ਚੈਕਿੰਗ ਮੁਹਿੰਮ ਚਲਾਈ ਗਈ, ਜਿਸ ਦੌਰਾਨ ਸ਼ਰਾਬ ਪੀ ਕੇ ਗੱਡੀ ਜਾਂ ਮੋਟਰਸਾਈਕਲ ਚਲਾਉਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਗਈ। ਇਸ ਤੋਂ ਇਲਾਵਾ ਜਿਹੜੇ ਨੌਜਵਾਨ ਬੁਲਟ ਮੋਟਰਸਾਈਕਲਾਂ ‘ਤੇ ਪਟਾਕੇ ਪਾਉਂਦੇ ਹਨ ਜਾਂ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹਨ, ਉਹਨਾਂ ਦੇ ਵੀ ਚਲਾਨ ਕੱਟੇ ਗਏ ਹਨ। ਪੁਲਿਸ ਨੇ ਕਿਹਾ ਕਿ ਅਜਿਹੇ ਮਾੜੇ ਅਨਸਰਾਂ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੈਫਿਕ ਇੰਚਾਰਜ ਸੁਖਮੰਦਰ ਸਿੰਘ ਨੇ ਦੱਸਿਆ ਕਿ ਐਸਐਸਪੀ ਅਜੇ ਗਾਂਧੀ ਦੀਆਂ ਹਦਾਇਤਾਂ ਅਨੁਸਾਰ ਟਰੈਫਿਕ ਪੁਲਿਸ ਦੀ ਟੀਮ ਵੱਲੋਂ ਸ਼ਹਿਰ ਵਿੱਚ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਡਰਿੰਕ ਐਂਡ ਡਰਾਈਵ ਦੇ ਕਰੀਬ 6 ਤੋਂ 7 ਚਲਾਨ ਕੀਤੇ ਗਏ ਹਨ। ਇਸ ਤੋਂ ਇਲਾਵਾ ਸਵੇਰੇ ਤੋਂ ਸ਼ਾਮ ਤੱਕ ਵੱਖ-ਵੱਖ ਨਾਕਿਆਂ ‘ਤੇ ਚੈਕਿੰਗ ਦੌਰਾਨ ਕਰੀਬ 20 ਤੋਂ 25 ਮੋਟਰਸਾਈਕਲਾਂ ਦੇ ਚਲਾਨ ਵੀ ਕੱਟੇ ਗਏ ਹਨ।
ਉਨ੍ਹਾਂ ਦੱਸਿਆ ਕਿ ਕਾਲੀਆਂ ਫਿਲਮਾਂ ਲਗਾ ਕੇ ਗੱਡੀ ਚਲਾਉਣ ਵਾਲਿਆਂ, ਬਿਨਾਂ ਸੀਟ ਬੈਲਟ ਡਰਾਈਵ ਕਰਨ ਵਾਲਿਆਂ, ਟ੍ਰਿਪਲ ਰਾਈਡਿੰਗ ਕਰਨ ਵਾਲਿਆਂ ਅਤੇ ਬੁਲਟ ਮੋਟਰਸਾਈਕਲਾਂ ‘ਤੇ ਪਟਾਕੇ ਪਾਉਣ ਵਾਲਿਆਂ ਦੇ ਵੀ ਕਰੀਬ 30 ਤੋਂ 31 ਚਲਾਨ ਕੀਤੇ ਗਏ ਹਨ। ਟਰੈਫਿਕ ਇੰਚਾਰਜ ਨੇ ਕਿਹਾ ਕਿ ਜਿਹੜੇ ਲੋਕ ਟਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਨਗੇ, ਉਹਨਾਂ ਖਿਲਾਫ ਇਸੇ ਤਰ੍ਹਾਂ ਨਿਰੰਤਰ ਕਾਰਵਾਈ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਅਤੇ ਜਿਹੜੇ ਲੋਕ ਨਿਯਮਾਂ ਦੀ ਪਾਲਣਾ ਕਰਦੇ ਹਨ, ਉਹਨਾਂ ਨੂੰ ਸਮਝਾ ਕੇ ਛੱਡਿਆ ਜਾਂਦਾ ਹੈ।
ਉਨ੍ਹਾਂ ਸ਼ਹਿਰ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੀਆਂ ਗੱਡੀਆਂ ਦੇ ਸਾਰੇ ਦਸਤਾਵੇਜ਼ ਪੂਰੇ ਰੱਖੋ, ਬੁਲਟ ਮੋਟਰਸਾਈਕਲਾਂ ‘ਤੇ ਪਟਾਕੇ ਨਾ ਪਾਓ, ਕਾਲੀਆਂ ਫਿਲਮਾਂ ਨਾ ਲਗਾਓ ਅਤੇ ਟ੍ਰਿਪਲ ਰਾਈਡਿੰਗ ਤੋਂ ਗੁਰੇਜ਼ ਕਰੋ। ਇਸ ਤੋਂ ਇਲਾਵਾ ਸ਼ਰਾਬ ਪੀ ਕੇ ਗੱਡੀ ਚਲਾਉਣ ਤੋਂ ਵੀ ਬਚੋ।ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਕਈ ਪਾਰਕਿੰਗ ਸਥਾਨ ਬਣੇ ਹੋਏ ਹਨ, ਜਿਵੇਂ ਕਿ ਕਮੇਟੀ ਘਰ ਕੋਲ, ਸਰਕਾਰੀ ਹਸਪਤਾਲ, ਦਾਣਾ ਮੰਡੀ ਅਤੇ ਬੱਸ ਸਟੈਂਡ। ਲੋਕ ਆਪਣੀਆਂ ਗੱਡੀਆਂ ਉਥੇ ਹੀ ਪਾਰਕ ਕਰਨ ਅਤੇ ਟਰੈਫਿਕ ਪੁਲਿਸ ਦਾ ਸਹਿਯੋਗ ਕਰਨ। ਸੁਖਮੰਦਰ ਸਿੰਘ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜਿਹੜੇ ਲੋਕ ਬੁਲਟ ਮੋਟਰਸਾਈਕਲਾਂ ‘ਤੇ ਗੈਰਕਾਨੂੰਨੀ ਸਾਈਲੈਂਸਰ ਲਗਾ ਕੇ ਪਟਾਕੇ ਪਾਉਂਦੇ ਹਨ, ਉਹਨਾਂ ਖਿਲਾਫ ਵੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਅਜਿਹੇ ਮਾੜੇ ਅਨਸਰਾਂ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ।

LEAVE A REPLY

Please enter your comment!
Please enter your name here