ਚੰਡੀਗੜ੍ਹ ਵਿਖੇ ਮੁੱਖ ਮੰਤਰੀ ਮਾਨ ਦੀ ਪ੍ਰੈੱਸ ਕਾਨਫਰੰਸ/ ਖੇਡ ਖੇਤਰ ਦੀਆਂ ਪ੍ਰਾਪਤੀਆਂ ਦਾ ਕੀਤਾ ਗੁਣਗਾਣ

0
2

ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰ ਕੇ ਪੰਜਾਬ ਸਰਕਾਰ ਦੀਆਂ 4 ਸਾਲਾਂ ਦੌਰਾਨ ਖੇਡਾਂ ਦੇ ਖੇਤਰ ਵਿਚ ਕੀਤੀਆਂ ਪ੍ਰਾਪਤੀਆਂ ਦਾ ਗੁਣਗਾਣ ਕੀਤਾ ਹੈ। ਮੀਡੀਆ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਪਹਿਲੇ ਦਿਨ ਤੋਂ ਖੇਡਾਂ ਦੇ ਖੇਤਰ ਵਿਚ ਸੁਧਾਰ ਕਰ ਰਹੀ ਹੈ, ਜਿਸ ਦਾ ਅਸਰ ਸਾਫ ਦਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ 2023 ਵਿਚ ਪੰਜਾਬ ਵਿਚ ਇਕ ਨਵੀਂ ਖੇਡ ਨੀਤੀ ਲਾਗੂ ਕੀਤੀ ਗਈ। ਸਰਕਾਰ ਨੇ ਖੇਡ ਬਜਟ 350 ਕਰੋੜ ਤੋਂ ਵਧਾ ਕੇ 1791 ਕਰੋੜ ਕਰ ਦਿੱਤਾ ਹੈ। ਪੰਜਾਬ ਵਿਚ ਕੋਚਾਂ ਦੀ ਗਿਣਤੀ 500 ਤੋਂ ਵਧਾ ਕੇ 2,458 ਕਰ ਦਿੱਤੀ ਹੈ ਅਤੇ 324 ਨਵੇਂ ਕੋਚ ਭਰਤੀ ਕੀਤੇ ਗਏ ਅਤੇ 48 ਐਥਲੀਟਾਂ ਨੂੰ ਕੋਚ ਨਿਯੁਕਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਲੰਪਿਕ ਤਿਆਰੀ ਲਈ 15 ਲੱਖ ਅਤੇ ਏਸ਼ੀਆਈ ਖੇਡਾਂ ਲਈ 8 ਲੱਖ ਪ੍ਰਦਾਨ ਕੀਤੇ ਗਏ।
ਉਨ੍ਹਾਂ ਕਿਹਾ ਕਿ ਖ਼ੇਡਾਂ ਵਿਚ ਪੰਜਾਬ ਦੀ ਧਰਤੀ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਨਾਲ ਹੀ ਪੰਜਾਬ ਦਾ ਖ਼ੇਡਾਂ ਦਾ ਬਹੁਤ ਲੰਬਾ ਇਤਿਹਾਸ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਨੂੰ ਏਸ਼ੀਆਈ ਹਾਕੀ ਚੈਂਪੀਅਨਸ਼ਿਪ ਟਰਾਫੀ ਦੀ ਮੇਜ਼ਬਾਨੀ ਦਾ ਮੌਕਾ ਮਿਲਿਆ ਹੈ।  ਉਨ੍ਹਾਂ ਕਿਹਾ ਕਿ ਪਹਿਲੀ ਵਾਰ ਪੰਜਾਬ ਨੂੰ ਅੰਤਰਰਾਸ਼ਟਰੀ ਟੂਰਨਾਮੈਂਟ ਮਿਲਿਆ ਹੈ ਤੇ ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਨੇ ਕਈ ਵੱਡੇ ਖਿਡਾਰੀ ਦੇਸ਼ ਨੂੰ ਦਿੱਤੇ ਹਨ ਤੇ ਹਾਕੀ ਵਿਚ 50 ਤੋਂ ਵੱਧ ਖਿਡਾਰੀਆਂ ਨੇ ਉਲੰਪਿਕ ਤਗਮੇ ਜਿੱਤੇ ਹਨ। ਉਨ੍ਹਾਂ ਕਿਹਾ ਕਿ ਏਸ਼ੀਆਈ ਖੇਡਾਂ ਦੀਆਂ ਚੋਟੀ ਦੀਆਂ ਛੇ ਟੀਮਾਂ ਇਸ ਟੂਰਨਾਮੈਂਟ ਵਿਚ ਹਿੱਸਾ ਲੈਣਗੀਆਂ । ਪਹਿਲਾ ਮੈਚ 26-27 ਅਕਤੂਬਰ ਨੂੰ ਹੋਵੇਗਾ ਤੇ ਸਾਰੇ ਮੈਚ ਮੋਹਾਲੀ ਅਤੇ ਜਲੰਧਰ ਵਿਚ ਹੋਣਗੇ।
ਉਨ੍ਹਾਂ ਅੱਗੇ ਕਿਹਾ ਕਿ ਸੋਨ ਤਗਮਾ ਜੇਤੂਆਂ ਨੂੰ 1 ਕਰੋੜ ਦਾ ਇਨਾਮ ਮਿਲਿਆ, ਜਿਸ ਵਿਚ ਚਾਰ ਸਾਲਾਂ ਵਿਚ ਲਗਭਗ 100 ਕਰੋੜ ਦੇ ਇਨਾਮ ਦਿੱਤੇ ਗਏ। ਫੌਜ/ਹਵਾਈ ਸੈਨਾ ਦੇ ਐਥਲੀਟਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਤੇ 9  ਖਿਡਾਰੀਆਂ ਨੂੰ ਪੀ.ਸੀ.ਐਸ. ਅਤੇ ਡੀ.ਐਸ.ਪੀ. ਦੀਆਂ ਨੌਕਰੀਆਂ ਮਿਲੀਆਂ। 3,100 ਖੇਡ ਮੈਦਾਨ (1350 ਕਰੋੜ), 2,700 ‘ਤੇ ਕੰਮ ਚੱਲ ਰਿਹਾ ਹੈ ਤੇ ਜੂਨ 2026 ਤੱਕ ਪੂਰਾ ਹੋ ਜਾਵੇਗਾ। 3,000 ਥਾਵਾਂ ‘ਤੇ ਜਿੰਮ ਤੇ 17,000 ਖੇਡ ਕਿੱਟਾਂ ਵੰਡੀਆਂ ਗਈਆਂ। ਮੋਹਾਲੀ, ਬਠਿੰਡਾ ਅਤੇ ਲੁਧਿਆਣਾ ਵਿਚ ਟਰਫ ਅੱਪਗ੍ਰੇਡ ਅਤੇ ਮੋਹਾਲੀ ਵਿਚ ਇਕ ਸਿੰਥੈਟਿਕ ਟਰੈਕ ਬਣਾਇਆ ਗਿਆ। ਇਸ ਦੇ ਨਾਲ ਹੀ ਖੁਰਾਕ ਭੱਤਾ 240 ਤੋਂ ਵਧਾ ਕੇ 480 ਕੀਤਾ ਗਿਆ। ਉਨ੍ਹਾਂ ਕਿਹਾ ਕਿ 1,046 ਖ਼ਿਡਾਰੀਆਂ ਨੂੰ ਸਿੱਧੇ ਫੰਡ ਟ੍ਰਾਂਸਫਰ ਕੀਤੇ ਗਏ ਹਨ।
‘ਖੇਡਾਂ ਵਤਨ ਪੰਜਾਬ ਦੀਆਂ’ ਵਿਚ ਭਾਗੀਦਾਰੀ 1.5 ਲੱਖ ਤੋਂ 5 ਲੱਖ ਰੁਪਏ ਤੱਕ ਹੈ ਤੇ ਹਰ ਸਾਲ 10,000 ਐਥਲੀਟਾਂ ਨੂੰ 10 ਕਰੋੜ ਰੁਪਏ ਇਨਾਮ, ਜਿਨ੍ਹਾਂ ਵਿਚ ਪੈਰਾ-ਸਪੋਰਟਸ ਸ਼ਾਮਿਲ ਹਨ, ਦਿੱਤੇ ਗਏ। ਪੰਜਾਬ ਸਰਕਾਰ ਵੱਲੋਂ ਮਹਿਲਾ ਕ੍ਰਿਕਟ ਵਿਸ਼ਵ ਕੱਪ ਜਿੱਤਣ ਵਾਲੀਆਂ ਤਿੰਨ ਖਿਡਾਰਨਾਂ ਹਰਮਨਪ੍ਰੀਤ ਕੌਰ, ਹਰਲੀਨ ਅਤੇ ਅਮਨਜੋਤ ਕੌਰ ਦੇ ਖਾਤਿਆਂ ਵਿਚ 1.50-1.50 ਕਰੋੜ ਰੁਪਏ ਟਰਾਂਸਫਰ ਕੀਤੇ ਗਏ। ਉਨ੍ਹਾਂ ਕਿਹਾ ਬੇਸ਼ੱਕ ਹਰਲੀਨ ਹਿਮਾਚਲ ਪ੍ਰਦੇਸ਼ ਲਈ ਖੇਡਦੀ ਹੈ ਉਸ ਦਾ ਪਿਛੋਕੜ ਪੰਜਾਬ ਨਾਲ ਸਬੰਧਤ ਹੈ ਉਸ ਨੂੰ ਅਸੀਂ ਪੰਜਾਬ ਲੈ ਕੇ ਆਵਾਂਗੇ ਅਤੇ ਉਹ ਪੰਜਾਬ ਆਉਣ ਲਈ ਤਿਆਰ ਹੈ।

LEAVE A REPLY

Please enter your comment!
Please enter your name here