ਅੰਮ੍ਰਿਤਸਰ ’ਚ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪ/ ਕਈ ਕਿਸਾਨ ਜ਼ਖਮੀ, ਅਨੇਕਾਂ ਗ੍ਰਿਫਤਾਰ/ ਕਿਸਾਨ ਆਗੂ ਪੰਧੇਰ ਨੇ ਲਾਏ ਧੱਕੇ ਦੇ ਇਲਜ਼ਾਮ

0
1

ਅੰਮ੍ਰਿਤਸਰ ਵਿੱਚ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਉਸ ਵੇਲੇ ਮਾਹੌਲ ਤਣਾਤਣੀ ਵਾਲਾ ਬਣ ਗਿਆ ਜਦੋਂ ਪੁਲਿਸ ਅਤੇ ਕਿਸਾਨਾਂ ਵਿਚ ਝੜਪ ਹੋ ਗਈ। ਕਿਸਾਨਾਂ ਦਾ ਦਾਅਵਾ ਹੈ ਕਿ ਉਹ ਆਪਣੇ ਹੱਕਾਂ ਲਈ ਸ਼ਾਂਤੀਪੂਰਨ ਢੰਗ ਨਾਲ ਪ੍ਰਦਰਸ਼ਨ ਕਰਨ ਆਏ ਸਨ, ਪਰ ਪੁਲਿਸ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਅਤੇ ਮਾਮਲਾ ਟਕਰਾਅ ਵਿੱਚ ਬਦਲ ਗਿਆ। ਇਸ ਦੌਰਾਨ ਲਾਠੀਚਾਰਜ ਹੋਣ ਦੇ ਵੀ ਦੋਸ਼ ਲਗੇ ਹਨ, ਜਿਸ ਨਾਲ ਕਈ ਕਿਸਾਨ ਜਖਮੀ ਹੋਏ ਹਨ। ਪੁਲਿਸ ਨੇ ਕਈ ਆਗੂਆਂ ਨੂੰ ਹਿਰਾਸਤ ਵਿਚ ਵੀ ਲਿਆ ਹੈ। ਕਿਸਾਨ ਆਗੂ ਸਰਵਨ ਸਿੰਘ ਪੰਧੇਰ ਦੇ ਦੱਸਣ ਮੁਤਾਬਕ ਉਹ ਡੀਸੀ ਦਫਤਰ ਤਕ ਜਾ ਕੇ ਮੰਗਾਂ ਦਾ ਮੈਮੋਰੰਡਮ ਦੇਣਾ ਚਾਹੁੰਦੇ ਸੀ ਪਰ ਨੇ ਬਿਨਾਂ ਕਾਰਨ ਟਕਰਾਅ ਪੈਦਾ ਕੀਤਾ, ਜਿਸ ਕਾਰਨ ਇਹ ਹਾਲਾਤ ਬਣੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤਕ ਪੁਲਿਸ ਗ੍ਰਿਫਤਾਰ ਆਗੂਆਂ ਦੀ ਰਿਹਾਈ ਨਹੀਂ ਹੁੰਦੀ, ਸੰਘਰਸ਼ ਜਾਰੀ ਰਹੇਗਾ।
ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਦਾ ਮਕਸਦ ਸਿਰਫ਼ ਡੀਸੀ ਦਫ਼ਤਰ ਤੱਕ ਜਾ ਕੇ ਆਪਣੀਆਂ ਮੰਗਾਂ ਦਾ ਮੈਮੋਰੈਂਡਮ ਦੇਣਾ ਸੀ ਅਤੇ ਸ਼ਾਂਤੀ ਨਾਲ ਧਰਨਾ ਦੇਣਾ ਸੀ। ਉਹਨਾਂ ਦੱਸਿਆ ਕਿ ਕਿਸਾਨ ਵੱਖ-ਵੱਖ ਪਿੰਡਾਂ ਤੋਂ ਇਕੱਠੇ ਹੋ ਕੇ ਆਏ ਸਨ, ਪਰ ਪੁਲਿਸ ਨੇ ਰਸਤੇ ਵਿੱਚ ਹੀ ਉਹਨਾਂ ਨੂੰ ਰੋਕ ਲਿਆ। ਪੰਧੇਰ ਦੇ ਅਨੁਸਾਰ, ਕਿਸਾਨਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਹਿੰਸਾ ਨਹੀਂ ਕੀਤੀ ਗਈ ਅਤੇ ਸਾਰਾ ਟਕਰਾਅ ਪੁਲਿਸ ਦੀ ਕਾਰਵਾਈ ਕਾਰਨ ਹੋਇਆ।
ਕਿਸਾਨਾਂ ਨੇ ਕੇਂਦਰ ਅਤੇ ਰਾਜ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹਨਾਂ ਦੀਆਂ ਮੁੱਖ ਮੰਗਾਂ ਵਿੱਚ ਭਾਰਤ-ਅਮਰੀਕਾ ਸਮਝੌਤੇ ਦੀ ਸਮੀਖਿਆ, ਬਿਜਲੀ ਸੋਧ ਬਿਲ, ਲੇਬਰ ਕੋਡ ਅਤੇ ਸੀਡ ਐਕਟ ਨੂੰ ਰੱਦ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ, ਉਹਨਾਂ ਨੇ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ, ਟਰਾਲੀਆਂ ਦੀ ਚੋਰੀ ਦੇ ਮਾਮਲਿਆਂ ਵਿੱਚ ਕਾਰਵਾਈ ਅਤੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇਣ ਦੀ ਮੰਗ ਵੀ ਉਠਾਈ।
ਝੜਪ ਦੌਰਾਨ ਰਾਮਤੀਰਥ ਰੋਡ ‘ਤੇ ਹਾਲਾਤ ਬੇਕਾਬੂ ਹੋ ਗਏ, ਜਿੱਥੇ ਤਿੰਨ ਤੋਂ ਚਾਰ ਕਿਸਾਨ ਜਖਮੀ ਹੋਏ। ਕਿਸਾਨਾਂ ਦਾ ਦਾਅਵਾ ਹੈ ਕਿ ਕੁਝ ਪੁਲਿਸ ਕਰਮਚਾਰੀਆਂ ਨੂੰ ਵੀ ਚੋਟਾਂ ਆਈਆਂ ਹਨ, ਪਰ ਲਾਠੀਚਾਰਜ ਦੀ ਸ਼ੁਰੂਆਤ ਪੁਲਿਸ ਵੱਲੋਂ ਕੀਤੀ ਗਈ ਸੀ। ਇਸ ਦੇ ਨਾਲ ਹੀ ਪੁਲਿਸ ਵੱਲੋਂ ਵੱਡੇ ਪੱਧਰ ‘ਤੇ ਕਾਰਵਾਈ ਕਰਦਿਆਂ 35 ਤੋਂ ਵੱਧ ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਮਹਿਲਾਵਾਂ ਅਤੇ ਇੱਕ ਬਜ਼ੁਰਗ ਮਹਿਲਾ ਵੀ ਸ਼ਾਮਲ ਹੈ।
ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਕਰੀਬ 10 ਕਿਲੋਮੀਟਰ ਦੇ ਇਲਾਕੇ ਨੂੰ ਪੁਲਿਸ ਵੱਲੋਂ ਘੇਰਿਆ ਗਿਆ ਸੀ ਅਤੇ ਕਿਸਾਨਾਂ ਨੂੰ ਸ਼ਹਿਰ ਵਿੱਚ ਦਾਖਲ ਹੋਣ ਤੋਂ ਰੋਕਿਆ ਗਿਆ। ਉਹਨਾਂ ਨੇ ਕਿਹਾ ਕਿ ਉਹ ਗੱਲਬਾਤ ਲਈ ਤਿਆਰ ਹਨ ਅਤੇ ਰਸਤਾ ਜਾਮ ਕਰਨ ਦਾ ਕੋਈ ਇਰਾਦਾ ਨਹੀਂ ਸੀ, ਪਰ ਸਰਕਾਰ ਵੱਲੋਂ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੰਤ ਵਿੱਚ ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜਦ ਤੱਕ ਗ੍ਰਿਫ਼ਤਾਰ ਸਾਥੀਆਂ ਨੂੰ ਰਿਹਾ ਨਹੀਂ ਕੀਤਾ ਜਾਂਦਾ ਅਤੇ ਉਹਨਾਂ ਦੀਆਂ ਮੰਗਾਂ ‘ਤੇ ਢੰਗ ਨਾਲ ਵਿਚਾਰ ਨਹੀਂ ਹੁੰਦਾ, ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਜੇ ਜਲਦੀ ਹੱਲ ਨਾ ਨਿਕਲਿਆ ਤਾਂ ਅੰਦੋਲਨ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ‘ਤੇ ਹੋਵੇਗੀ।

LEAVE A REPLY

Please enter your comment!
Please enter your name here