ਪੰਜਾਬ ਸੁਲਤਾਨਪੁਰ ਲੋਧੀ ਪਰਤਿਆ ਵਿਦੇਸ਼ ’ਚ ਫਸਿਆ ਨੌਜਵਾਨ/ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਹੋਈ ਘਰ ਵਾਪਸੀ By admin - March 22, 2026 0 3 Facebook Twitter Pinterest WhatsApp ਦੁਬਈ ਵਿਚ ਫਸੇ ਨੌਜਵਾਨ ਦੀ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਸੁਰੱਖਿਅਤ ਘਰ ਵਾਪਸੀ ਹੋਈ ਹੈ। ਸੁਖਵਿੰਦਰ ਸਿੰਘ ਨਾਮ ਦਾ ਇਹ ਨੌਜਵਾਨ ਰੁਜਗਾਰ ਦੀ ਭਾਲ ਵਿਚ ਦੁਬਈ ਸੀ, ਜਿੱਥੇ ਏਜੰਟਾਂ ਨੇ ਉਸ ਦਾ ਪਾਸਪੋਰਟ ਖੋਹ ਲਿਆ ਅਤੇ ਬਿਨਾਂ ਤਨਖਾਹ ਤੋਂ ਕੰਮ ਲਈ ਮਜਬੂਰ ਕੀਤਾ। ਉਹ ਕਾਫੀ ਸਮੇਂ ਤੋਂ ਕਾਫੀ ਔਖੇ ਹਾਲਾਤਾਂ ਵਿਚ ਰਹਿ ਰਿਹਾ ਸੀ। ਪਰਿਵਾਰ ਵੱਲੋਂ ਮਾਮਲਾ ਬਾਬਾ ਬਲਬੀਰ ਸਿੰਘ ਸੀਚੇਵਾਲ ਦੇ ਧਿਆਨ ਵਿਚ ਲਿਆਂਦਾ ਗਿਆ, ਜਿਨ੍ਹਾਂ ਦੇ ਯਤਨਾ ਸਦਕਾ ਸੁਖਵਿੰਦਰ ਸਿੰਘ ਵਾਪਸ ਆ ਸਕਿਆ ਹੈ। ਸੁਖਵਿੰਦਰ ਸਿੰਘ ਨੇ ਸੁਰੱਖਿਅਤ ਘਰ ਵਾਪਸੀ ਲਈ ਸੰਤ ਸੀਚੇਵਾਲ ਦਾ ਧੰਨਵਾਦ ਕੀਤਾ ਹੈ। ਆਪਬੀਤੀ ਸੁਣਾਉਂਦਿਆਂ ਸੁਖਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਸੰਤ ਸੀਚੇਵਾਲ ਦੀ ਮਦਦ ਨਾ ਮਿਲਦੀ ਤਾਂ ਉਹ ਅਜੇ ਵੀ ਉਥੇ ਫਸਿਆ ਰਹਿੰਦਾ। ਸੁਖਵਿੰਦਰ ਨੇ ਭਾਰਤ ਸਰਕਾਰ ਅੱਗੇ ਉਸਦੀ ਬਕਾਇਆ ਤਨਖਾਹ ਦਿਵਾਉਣ ਵਿਚ ਮਦਦ ਦੀ ਅਪੀਲ ਕੀਤੀ ਹੈ। ਦੱਸਣਯੋਗ ਹੈ ਕਿ ਮੌਜੂਦਾ ਜੰਗੀ ਹਾਲਾਤਾਂ ਕਾਰਨ ਮੱਧ-ਪੂਰਬ ਵਿੱਚ ਡਰ ਅਤੇ ਅਣਿਸ਼ਚਿਤਤਾ ਦਾ ਮਾਹੌਲ ਬਣਿਆ ਹੋਇਆ ਹੈ। ਅਜਿਹੇ ਸੰਕਟਮਈ ਸਮੇਂ ਵਿੱਚ ਸ਼ਾਰਜਾਹ ਤੋਂ ਰਾਤ ਦੇ ਹਨੇਰੇ ਵਿੱਚ ਭਰੀ ਉਡਾਣ ਰਾਹੀਂ ਸੁਖਵਿੰਦਰ ਸਿੰਘ ਦੀ ਵਾਪਸੀ ਸੰਭਵ ਹੋਈ। ਸੁਖਵਿੰਦਰ ਸਿੰਘ ਨੇ ਸੁਲਤਾਨਪੁਰ ਲੋਧੀ ਸਥਿਤ ਨਿਰਮਲ ਕੁਟੀਆ ਪਹੁੰਚ ਕੇ ਆਪਣੇ ਦਰਦ ਸਾਂਝੇ ਕੀਤੇ। ਉਸਨੇ ਦੱਸਿਆ ਕਿ 2020 ਵਿੱਚ ਰੋਜ਼ਗਾਰ ਦੀ ਤਲਾਸ਼ ਵਿੱਚ ਦੁਬਈ ਗਿਆ ਸੀ, ਜਿੱਥੇ ਇੱਕ ਕੰਪਨੀ ਵੱਲੋਂ ਉਸ ਨਾਲ ਧੋਖਾਧੜੀ ਕੀਤੀ ਗਈ। ਕੰਪਨੀ ਨੇ ਉਸਦਾ ਪਾਸਪੋਰਟ ਆਪਣੇ ਕਬਜ਼ੇ ਵਿੱਚ ਰੱਖ ਲਿਆ, ਤਿੰਨ ਸਾਲ ਕੰਮ ਕਰਵਾਉਣ ਦੇ ਬਾਵਜੂਦ ਸਿਰਫ ਕੁੱਝ ਮਹੀਨਿਆਂ ਦੀ ਤਨਖਾਹ ਦਿੱਤੀ ਅਤੇ ਝੂਠੇ ਦੋਸ਼ ਲਗਾ ਕੇ ਉਸਨੂੰ ਕਾਨੂੰਨੀ ਮੁਸ਼ਕਲਾਂ ਵਿੱਚ ਫਸਾ ਦਿੱਤਾ। ਉਸਨੇ ਇਹ ਵੀ ਖੁਲਾਸਾ ਕੀਤਾ ਕਿ ਜੇਲ੍ਹਾਂ ਵਿੱਚ ਅਜੇ ਵੀ ਕਈ ਭਾਰਤੀ ਨਾਗਰਿਕ ਫਸੇ ਹੋਏ ਹਨ, ਜੋ ਓਵਰਸਟੇਅ ਜਾਂ ਝੂਠੇ ਮਾਮਲਿਆਂ ਕਾਰਨ ਪੀੜਤ ਹਨ ਅਤੇ ਉਨ੍ਹਾਂ ਨਾਲ ਬਹੁਤ ਮਾੜਾ ਵਤੀਰਾ ਕੀਤਾ ਜਾ ਰਿਹਾ ਹੈ। 6 ਦਸੰਬਰ ਤੋਂ ਉਸਦਾ ਆਪਣੇ ਪਰਿਵਾਰ ਨਾਲ ਸੰਪਰਕ ਟੁੱਟ ਚੁੱਕਾ ਸੀ, ਜਿਸ ਕਾਰਨ ਉਸਦੇ ਘਰ ਵਿੱਚ ਬਹੁਤ ਦੁੱਖਦਾਈ ਹਾਲਾਤ ਬਣ ਗਏ ਸਨ। ਸੁਖਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਸੰਤ ਸੀਚੇਵਾਲ ਜੀ ਦੀ ਮਦਦ ਨਾ ਮਿਲਦੀ ਤਾਂ ਉਹ ਅਜੇ ਵੀ ਉਥੇ ਫਸਿਆ ਰਹਿੰਦਾ। ਉਸਦੀ ਪਤਨੀ ਵੱਲੋਂ ਸੰਤ ਜੀ ਨਾਲ ਸੰਪਰਕ ਕਰਨ ਉਪਰੰਤ ਇਹ ਸੰਭਵ ਹੋਇਆ। ਸੁਖਵਿੰਦਰ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਸਦੀ ਬਕਾਇਆ ਤਨਖਾਹ ਦਿਵਾਉਣ ਲਈ ਵੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਾਵਾਸ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਵਿਦੇਸ਼ਾਂ ਵਿੱਚ ਫਸੇ ਹਰ ਭਾਰਤੀ ਦੀ ਸਹਾਇਤਾ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ “ਜੰਗੀ ਹਾਲਾਤਾਂ ਕਾਰਨ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਡਰ ਅਤੇ ਚਿੰਤਾ ਵਧ ਰਹੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਸਾਰੇ ਮਾਮਲਿਆਂ ਨੂੰ ਤਰਜੀਹ ਦੇ ਕੇ ਫਸੇ ਹੋਏ ਲੋਕਾਂ ਨੂੰ ਜਲਦੀ ਤੋਂ ਜਲਦੀ ਵਾਪਸ ਲਿਆਇਆ ਜਾਵੇ ਅਤੇ ਉਨ੍ਹਾਂ ਦੇ ਹੱਕਾਂ ਦੀ ਰੱਖਿਆ ਕੀਤੀ ਜਾਵੇ।” ਉਨ੍ਹਾਂ ਇਹ ਵੀ ਮੰਗ ਕੀਤੀ ਕਿ ਵਿਦੇਸ਼ਾਂ ਵਿੱਚ ਮਜ਼ਦੂਰੀ ਕਰਨ ਵਾਲੇ ਭਾਰਤੀਆਂ ਨਾਲ ਹੋ ਰਹੀ ਧੋਖਾਧੜੀ ਅਤੇ ਜ਼ੁਲਮਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ।