ਪੰਜਾਬ ਵਿਸ਼ਵ ਜਲ ਦਿਵਸ ਮੌਕੇ ਸੰਤ ਸੀਚੇਵਾਲ ਦਾ ਖਾਸ ਸੁਨੇਹਾ/ ਵਾਤਾਵਰਣ ਸੰਭਾਲ ਲਈ ਅੱਗੇ ਆਉਣ ਦੀ ਅਪੀਲ/ ਕੁਦਰਤੀ ਸੋਮਿਆਂ ਦੀ ਸੰਭਾਲ ਲਈ ਜਾਗਰੂਕਤਾ ਫੈਲਾਉਣ ’ਤੇ ਜ਼ੋਰ By admin - March 22, 2026 0 1 Facebook Twitter Pinterest WhatsApp ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਸ਼ਵ ਜਲ ਦਿਵਸ ਮੌਕੇ ਵਾਤਾਵਰਣ ਸੰਭਾਲ ਲਈ ਖਾਸ ਸੁਨੇਹਾ ਦਿੱਤਾ ਹੈ। ਆਪਣੇ ਸੁਨੇਹਾ ਵਿਚ ਸੰਤ ਸੀਚੇਵਾਲ ਨੇ ਸਮੂਹ ਲੋਕਾਈ ਨੂੰ ਆਪਣੇ ਆਲੇ-ਦੁਆਲੇ ਨੂੰ ਹਰਿਆ-ਭਰਿਆ ਬਣਾਉਣ ਅਤੇ ਪਾਣੀ ਦੇ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਜਾਗਰੂਕਤਾ ਫੈਲਾਉਣ ਦੀ ਲੋੜ ‘ਤੇ ਜ਼ੋਰ ਦਿੱਤਾ ਹੈ। ਆਪਣੇ ਸੁਨੇਹੇ ਵਿਚ ਸੰਤ ਸੀਚੇਵਾਲ ਨੇ ਕਿਹਾ ਕਿ ਨਦੀਆਂ ਅਤੇ ਦਰਿਆ ਸਾਡੇ ਜੀਵਨ ਦੀਆਂ ਮੁੱਖ ਰੇਖਾਵਾਂ ਹਨ। ਜਿਵੇਂ ਸਰੀਰ ਦੀਆਂ ਨਾੜੀਆਂ ਦਾ ਸਾਫ ਰਹਿਣਾ ਜ਼ਰੂਰੀ ਹੈ, ਓਸੇ ਤਰ੍ਹਾਂ ਦਰਿਆਵਾਂ ਦਾ ਸਾਫ-ਸੁਥਰਾ ਰਹਿਣਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਚਿੰਤਾ ਜਤਾਈ ਕਿ ਪੰਜਾਬ ਦੇ ਪਾਣੀਆਂ ਵਿੱਚ ਜ਼ਹਿਰੀਲੀਆਂ ਧਾਤਾਂ ਦੀ ਮਿਲਣਾ ਇੱਕ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ। ਇਸ ਲਈ ਉਨ੍ਹਾਂ ਨੇ ਸਮੂਹ ਦੇਸ਼ ਵਾਸੀਆਂ ਨੂੰ ਨਦੀ-ਨਾਲਿਆਂ ਨੂੰ ਗੰਦਾ ਹੋਣ ਤੋਂ ਬਚਾਉਣ ਦੇ ਨਾਲ ਨਾਲ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਆਪਣੇ ਆਲੇ-ਦੁਆਲੇ ਨੂੰ ਸਾਫ ਸੁਥਰਾ ਰੱਖਣ ਦੀ ਅਪੀਲ ਕੀਤੀ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਆਲਮੀ ਤਪਸ਼ (ਗਲੋਬਲ ਵਾਰਮਿੰਗ) ਦੇ ਪ੍ਰਭਾਵ ਹੁਣ ਸਾਫ ਤੌਰ ‘ਤੇ ਦਿਖਾਈ ਦੇ ਰਹੇ ਹਨ, ਜਿਸ ਬਾਰੇ ਮਾਹਿਰਾਂ ਪਹਿਲਾਂ ਹੀ ਚੇਤਾਵਨੀ ਦੇ ਚੁੱਕੇ ਹਨ। ਇਸ ਪ੍ਰਸੰਗ ਵਿੱਚ ਪਾਣੀ ਅਤੇ ਵਾਤਾਵਰਣ ਦੀ ਸੰਭਾਲ ਹੋਰ ਵੀ ਅਹਿਮ ਹੋ ਜਾਂਦੀ ਹੈ। ਉਨ੍ਹਾਂ ਅਪੀਲ ਕੀਤੀ ਕਿ ਕੁਦਰਤੀ ਸੋਮਿਆਂ ਦੀ ਸੰਭਾਲ ਕਰਕੇ ਹੀ ਅਸੀਂ ਆਪਣੇ ਦਰਿਆਵਾਂ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾ ਸਕਦੇ ਹਾਂ। ਦੁਨੀਆ ਦਾ ਕੋਈ ਵੀ ਧਰਮ ਸਾਨੂੰ ਕੁਦਰਤ ਦੇ ਬਖਸ਼ੇ ਹੋਏ ਖਜ਼ਾਨਿਆਂ ਦਾ ਸਤਿਕਾਰ ਕਰਨ ਤੋਂ ਨਹੀਂ ਰੋਕਦਾ, ਸਗੋਂ ਇਹ ਸਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਪਾਣੀ ਅਤੇ ਵਾਤਾਵਰਣ ਦੀ ਰੱਖਿਆ ਲਈ ਸਾਂਝੇ ਯਤਨ ਕਰੀਏ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਅਤੇ ਪਾਣੀ ਦੀ ਬਚਤ ਨੂੰ ਆਪਣੀ ਜੀਵਨ ਦਾ ਹਿੱਸਾ ਬਣਾਇਆ ਜਾਵੇ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ-ਸੁਥਰਾ ਵਾਤਾਵਰਣ ਯਕੀਨੀ ਬਣਾਇਆ ਜਾ ਸਕੇ।