ਸੰਗਰੂਰ ਦੇ ਧੂਰੀ ’ਚ ਕਾਂਗਰਸੀ ਮਹਿਲਾ ਵਰਕਰਾਂ ਦਾ ਪ੍ਰਦਰਸ਼ਨ/ 1000 ਰੁਪਏ ਸਕੀਮ ਨੂੰ ਲੈ ਕੇ ਕੀਤੀ ਨਾਅਰੇਬਾਜ਼ੀ/ ਹਜ਼ਾਰ ਦੀ ਥਾਂ 60 ਹਜ਼ਾਰ ਪੂਰਾ ਕਰਨ ਦੀ ਕੀਤੀ ਮੰਗ

0
2

ਸੰਗਰੂਰ ਦੇ ਹਲਕਾ ਧੂਰੀ ਵਿਖੇ ਅੱਜ ਕਾਂਗਰਸ ਦੀਆਂ ਮਹਿਲਾ ਆਗੂਆਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ।  ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਪਤਨੀ ਸਿਮਰਨਜੀਤ ਕੌਰ ਖੰਗੂੜਾ ਦੀ ਅਗਵਾਈ ਹੇਠ ਇਕੱਤਰ ਹੋਈਆਂ ਬੀਬੀਆਂ ਨੇ ਬਾਜ਼ਾਰਾਂ ਵਿੱਚ ਰੋਸ ਮਾਰਚ ਕੱਢਣ ਤੋਂ ਬਾਅਦ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਬੀਬੀਆਂ ਦਾ ਕਹਿਣਾ ਸੀ ਕਿ ਸਰਕਾਰ ਔਰਤਾਂ ਨੂੰ ਕੇਵਲ 1000 ਰੁਪਏ ਦੇ ਕੇ ਸਾਰ ਰਹੀ ਹੈ ਜਦਕਿ ਔਰਤਾਂ ਦਾ ਸਰਕਾਰ ਵੱਲ 60 ਹਜ਼ਾਰ ਬਕਾਇਆ ਹੈ। ਉਨ੍ਹਾਂ ਸਰਕਾਰ ਤੋਂ ਹਰ ਔਰਤ ਨੂੰ 60-60 ਹਜ਼ਾਰ ਦੇਣ ਦੀ ਮੰਗ ਕੀਤੀ।
ਪ੍ਰਦਰਸ਼ਨ ਦੌਰਾਨ ਬੀਬੀਆਂ ਦੇ ਹੱਥਾਂ ‘ਚ ਤਖਤੀਆਂ ਸਨ, ਜਿਨ੍ਹਾਂ ‘ਤੇ ਲਿਖਿਆ ਸੀ “ਧੀਆਂ ਭੈਣਾਂ ਦੀ ਸੁਣੋ ਪੁਕਾਰ, ਰਾਜਨੀਤੀ ਦਾ ਰੱਖੋ ਮਿਆਰ” ਅਤੇ “ਸਰਕਾਰ ਜੀ ਤੁਹਾਡਾ ਵਾਅਦਾ ਹਾਲੇ ਵੀ ਅਧੂਰਾ, ਹਜ਼ਾਰ ਨਹੀਂ ਕਰੋ 60 ਹਜ਼ਾਰ ਪੂਰਾ। ਕਾਂਗਰਸੀ ਮਹਿਲਾਵਾਂ  ਨੇ ਦੋਸ਼ ਲਾਇਆ ਕਿ ਚੋਣਾਂ ਤੋਂ ਪਹਿਲਾਂ ਮਹਿਲਾਵਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ, ਜੋ ਅਜੇ ਤੱਕ ਪੂਰਾ ਨਹੀਂ ਹੋਇਆ। ਕਾਂਗਰਸੀ ਆਗੂਆਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਹੁਣ ਕੁਝ ਥੋੜੀਆਂ ਰਕਮਾਂ ਦੇ ਕੇ ਟੋਫੀਆਂ ਦਿੱਤੀਆਂ ਜਾ ਰਹੀਆਂ ਹਨ। ਅਸੀਂ ਇਹ ਟੋਫੀਆਂ ਨਹੀਂ ਲੈਣਗੇ, ਸਾਨੂੰ ਪੂਰਾ ਹੱਕ ਚਾਹੀਦਾ ਹੈ।
ਪ੍ਰਦਰਸ਼ਨਕਾਰੀਆਂ ਨੇ ਇਹ ਵੀ ਕਿਹਾ ਕਿ ਨਾ ਤਾਂ ਨਵੇਂ ਰਾਸ਼ਨ ਕਾਰਡ ਬਣ ਰਹੇ ਹਨ ਅਤੇ ਨਾ ਹੀ ਸਗਨ ਸਕੀਮ ਦਾ ਲਾਭ ਮਿਲ ਰਿਹਾ ਹੈ। ਕਾਂਗਰਸ ਨੇ ਧੂਰੀ ਨੂੰ ਚੁਣਿਆ ਕਿਉਂਕਿ ਇਹ ਮੁੱਖ ਮੰਤਰੀ ਦਾ ਵਿਧਾਨ ਸਭਾ ਹਲਕਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਨੇ ਜਿਨ੍ਹਾਂ ਵਾਅਦਿਆਂ ‘ਤੇ ਵੋਟ ਪਾਈ ਸੀ, ਉਹਨਾਂ ਦੀ ਯਾਦ ਦਿਵਾਉਣ ਲਈ ਇਹ ਪ੍ਰਦਰਸ਼ਨ ਕੀਤਾ ਗਿਆ ਹੈ। ਗੌਰਤਲਬ ਹੈ ਕਿ ਹਾਲ ਹੀ ‘ਚ ਧੂਰੀ ਵਿੱਚ ਸਰਕਾਰ ਦੇ ਚਾਰ ਸਾਲ ਪੂਰੇ ਹੋਣ ‘ਤੇ ਵੱਡਾ ਸਮਾਗਮ ਕੀਤਾ ਗਿਆ ਸੀ, ਜਿੱਥੇ ਸਰਕਾਰ ਵੱਲੋਂ ਸਾਰੇ ਵਾਅਦੇ ਪੂਰੇ ਕਰਨ ਦਾ ਦਾਅਵਾ ਕੀਤਾ ਗਿਆ ਸੀ। ਹੁਣ ਕਾਂਗਰਸ ਵੱਲੋਂ ਬੀਬੀਆਂ ਦੇ ਰਾਹੀਂ ਕੀਤੇ ਜਾ ਰਹੇ ਇਹ ਪ੍ਰਦਰਸ਼ਨ ਸਿਆਸੀ ਮਾਹੌਲ ਨੂੰ ਹੋਰ ਗਰਮਾਉਂਦੇ ਨਜ਼ਰ ਆ ਰਹੇ ਹਨ।

LEAVE A REPLY

Please enter your comment!
Please enter your name here