ਅੰਮ੍ਰਿਤਸਰ ਦੇ ਸਕੂਲਾਂ ਨੇ ਮਿਡ ਡੇ ਮੀਲ ਲਈ ਕੀਤੇ ਬਦਲਵੇਂ ਪ੍ਰਬੰਧ/ ਗੈਸ ਕਮੀ ਕਾਰਨ ਲੱਕੜਾਂ ਨਾਲ ਬਣ ਰਿਹਾ ਮਿਡ-ਡੇ ਮੀਲ/ ਸਰਕਾਰ ਵੱਲੋਂ ਬਦਲਵੇਂ ਪ੍ਰਬੰਧਾਂ ਦੇ ਹੁਕਮਾਂ ਬਾਅਦ ਚੁੱਕਿਆ ਕਦਮ

0
1

ਪੰਜਾਬ ਸਰਕਾਰ ਅਤੇ ਪੰਜਾਬ ਸਿੱਖਿਆ ਵਿਭਾਗ ਦੇ ਨਵੇਂ ਨਿਰਦੇਸ਼ਾਂ ਤੋਂ ਬਾਅਦ ਰਾਜ ਦੇ ਕਈ ਸਰਕਾਰੀ ਸਕੂਲਾਂ ਵਿੱਚ ਮਿਡ-ਡੇ ਮੀਲ ਤਿਆਰ ਕਰਨ ਦੇ ਢੰਗ ਵਿੱਚ ਵੱਡਾ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ। LPG ਗੈਸ ਸਿਲੰਡਰ ਦੀ ਕਮੀ ਦੇ ਚਲਦੇ ਹੁਣ ਸਕੂਲਾਂ ਵਿੱਚ ਰਵਾਇਤੀ ਚੁੱਲ੍ਹਿਆਂ ‘ਤੇ ਬਾਲਣ ਨਾਲ ਖਾਣਾ ਤਿਆਰ ਕੀਤਾ ਜਾ ਰਿਹਾ ਹੈ, ਤਾਂ ਜੋ ਬੱਚਿਆਂ ਦੀ ਖੁਰਾਕ ‘ਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਾ ਆਵੇ। ਅੰਮ੍ਰਿਤਸਰ ਦੇ ਸਰਕਾਰੀ ਹਾਈ ਸਕੂਲ ਇੱਬਣ ਕਲਾਂ ਵਿੱਚ ਇਹ ਤਸਵੀਰ ਸਾਫ਼ ਤੌਰ ‘ਤੇ ਵੇਖਣ ਨੂੰ ਮਿਲ ਰਹੀ ਹੈ, ਜਿੱਥੇ ਪਿਛਲੇ ਚਾਰ ਦਿਨਾਂ ਤੋਂ ਮਿਡ-ਡੇ ਮੀਲ ਗੈਸ ਦੀ ਬਜਾਏ ਲੱਕੜੀ ਦੇ ਚੁੱਲ੍ਹਿਆਂ ‘ਤੇ ਬਣਾਇਆ ਜਾ ਰਿਹਾ ਹੈ। ਸਕੂਲ ਦੀ ਪ੍ਰਿੰਸੀਪਲ ਸਿੰਮੀ ਬੇਰੀ ਦੇ ਮੁਤਾਬਕ ਹਰ ਰੋਜ਼ ਲਗਭਗ 10 ਤੋਂ 15 ਕਿਲੋ ਬਾਲਣ ਦੀ ਖਪਤ ਹੋ ਰਹੀ ਹੈ, ਪਰ ਇਸ ਦੇ ਬਾਵਜੂਦ ਬੱਚਿਆਂ ਨੂੰ ਸਮੇਂ ‘ਤੇ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਇਸ ਸਥਿਤੀ ਦੇ ਪਿੱਛੇ ਮੁੱਖ ਕਾਰਨ ਮਿਡਲ ਈਸਟ ਵਿੱਚ ਵਧਦਾ ਤਣਾਅ ਮੰਨਿਆ ਜਾ ਰਿਹਾ ਹੈ, ਜਿਸ ਕਾਰਨ LPG ਗੈਸ ਦੀ ਸਪਲਾਈ ਚੇਨ ਪ੍ਰਭਾਵਿਤ ਹੋਈ ਹੈ। ਇਸਦਾ ਅਸਰ ਹੁਣ ਭਾਰਤ ਦੇ ਕਈ ਹਿੱਸਿਆਂ ਸਮੇਤ ਪੰਜਾਬ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ, ਸਿੱਖਿਆ ਵਿਭਾਗ ਵੱਲੋਂ ਪਹਿਲਾਂ ਹੀ ਇਸ ਸੰਭਾਵਨਾ ਨੂੰ ਦੇਖਦੇ ਹੋਏ ਸਕੂਲਾਂ ਨੂੰ ਬਦਲਵਾਂ ਪ੍ਰਬੰਧ ਕਰਨ ਲਈ ਹੁਕਮ ਜਾਰੀ ਕਰ ਦਿੱਤੇ ਗਏ ਸਨ।
ਤਾਜ਼ਾ ਹੁਕਮਾਂ ਅਨੁਸਾਰ ਜੇਕਰ ਕਿਸੇ ਸਕੂਲ ਵਿੱਚ ਗੈਸ ਸਿਲੰਡਰ ਉਪਲਬਧ ਨਾ ਹੋਵੇ ਤਾਂ ਤੁਰੰਤ ਵਿਕਲਪਕ ਪ੍ਰਬੰਧ ਜਿਵੇਂ ਕਿ ਲੱਕੜ, ਇਲੈਕਟ੍ਰਿਕ ਜਾਂ ਹੋਰ ਢੰਗ ਨਾਲ ਮਿਡ-ਡੇ ਮੀਲ ਤਿਆਰ ਕੀਤਾ ਜਾਵੇ। ਵਿਭਾਗ ਨੇ ਸਖ਼ਤ ਲਹਿਜ਼ੇ ਵਿੱਚ ਕਿਹਾ ਹੈ ਕਿ ਕਿਸੇ ਵੀ ਹਾਲਤ ਵਿੱਚ ਬੱਚਿਆਂ ਦੇ ਖਾਣੇ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ। ਮਿਡ-ਡੇ ਮੀਲ ਵਰਕਰ ਹਰਜਿੰਦਰ ਕੌਰ ਨੇ ਵੀ ਦੱਸਿਆ ਕਿ ਹਾਲਾਤਾਂ ਦੇ ਬਾਵਜੂਦ ਉਹ ਪੂਰੀ ਜ਼ਿੰਮੇਵਾਰੀ ਨਾਲ ਖਾਣਾ ਤਿਆਰ ਕਰ ਰਹੇ ਹਨ ਅਤੇ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾ ਰਹੀ। ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਜ਼ਮੀਨੀ ਪੱਧਰ ‘ਤੇ ਕੀਤੀਆਂ ਜਾ ਰਹੀਆਂ ਇਹ ਤਿਆਰੀਆਂ ਇਹ ਦਰਸਾਉਂਦੀਆਂ ਹਨ ਕਿ ਸੰਕਟ ਦੇ ਸਮੇਂ ਵੀ ਬੱਚਿਆਂ ਦੀ ਭਲਾਈ ਨੂੰ ਸਭ ਤੋਂ ਉੱਪਰ ਰੱਖਿਆ ਜਾ ਰਿਹਾ ਹੈ।

LEAVE A REPLY

Please enter your comment!
Please enter your name here