ਮੋਗਾ ਦੇ ਐਸਐਸਪੀ ਨੂੰ ਮਿਲੇ ਵਿਧਾਇਕ ਸੁਖਾਨੰਦ/ ਸਰਪੰਚ ਕਤਲ ਕੇਸ ਦੀ ਗਹਿਰਾਈ ਨਾਲ ਜਾਂਚ ਮੰਗੀ/ ਰੁਪਿੰਦਰ ਕੌਰ ਦੇ ਦਾਅਵਿਆਂ ਦੀ ਪੁਣਛਾਣ ਦੀ ਅਪੀਲ

0
1

 

ਬਾਘਾਪੁਰਾਣਾ ਵਿਖੇ ਪਿਛਲੇ ਦਿਨੀਂ ਵਾਪਰੇ ਹੈਪੀ ਸਰਪੰਚ ਕਤਲ ਮਾਮਲੇ ਨੇ ਲਗਾਤਾਰ ਤੁਲ ਫੜੀ ਹੋਈ ਹੈ। ਇਸ ਮਾਮਲੇ ਨੂੰ ਲੈ ਕੇ ਬਾਘਾਪੁਰਾਣਾ ਦੇ ਐਮ.ਐਲ.ਏ ਅਮ੍ਰਿਤਪਾਲ ਸਿੰਘ ਸੁਖਾਨੰਦ ਨੇ ਅੱਜ ਮੋਗਾ ਦੇ ਐੱਸ.ਐੱਸ.ਪੀ ਨਾਲ ਮੁਲਾਕਾਤ ਕਰ ਕੇ ਕੇਸ ਦੀ ਗਹਿਰਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਨੇ ਕਿਹਾ ਕਿ ਇਹ ਘਟਨਾਵਾਂ ਸਮਾਜ ਲਈ ਠੀਕ ਨਹੀਂ ਨੇ, ਜਿਸ ਕਾਰਨ ਉਨ੍ਹਾਂ ਨੇ ਐਸਐਸਪੀ ਨੂੰ ਮਿਲ ਕੇ ਨਿਰਪੱਖ ਜਾਂਚ ਕਰ ਕੇ ਸੱਚਾਈ ਲੋਕਾਂ ਸਾਹਮਣੇ ਲਿਆਉਣ ਦੀ ਮੰਗ ਰੱਖੀ ਹੈ। ਉਨ੍ਹਾਂ ਮੀਡੀਆ ਨੂੰ ਵੀ ਰੁਪਿੰਦਰ ਕੌਰ ਤੋਂ ਉਸ ਦੇ ਦਾਅਵਿਆਂ ਸਬੰਧੀ ਸਵਾਲ ਪੁੱਛਣ ਦੀ ਸਲਾਹ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਦੌਰਾਨ ਬਬਲੂ ਦੀ ਪਤਨੀ ਰੂਪਿੰਦਰ ਕੌਰ ਨੇ ਸ਼ੋਸ਼ਲ ਮੀਡੀਆ ਤੇ ਦਿੱਤੇ ਬਿਆਨਾਂ ਵਿਚ ਐਮ.ਐਲ.ਏ ਅਮ੍ਰਿਤਪਾਲ ਸਿੰਘ ਨੂੰ ਵੀ ਘੇਰਨ ਦੀ ਗੱਲ ਕਹੀ ਗਈ ਸੀ। ਸਰਪੰਚ ਨੇ ਕਿਹਾ ਕਿ ਰੁਪਿੰਦਰ ਕੌਰ ਨੂੰ ਮੀਡੀਆ ਦੇ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ।
ਉੱਧਰ ਪੁਲਿਸ ਵੱਲੋਂ ਹੈਪੀ ਸਰਪੰਚ ਦੇ ਕਤਲ ਦੇ ਦੋਸ਼ੀਆਂ ਨੂੰ ਲੱਦਾਖ ਤੋਂ ਗ੍ਰਿਫ਼ਤਾਰ ਕਰਕੇ ਪੰਜਾਬ ਲਿਆਂਦਾ ਜਾ ਚੁੱਕਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਐਮ.ਐਲ.ਏ ਅਮ੍ਰਿਤਪਾਲ ਸਿੰਘ ਸੁਖਾਨੰਦ ਨੇ ਕਿਹਾ ਕਿ ਰੂਪਿੰਦਰ ਕੌਰ ਨੇ ਸੋਸ਼ਲ ਮੀਡੀਆ ‘ਤੇ ਜੋ ਵੀ ਦੋਸ਼ ਲਗਾਏ ਹਨ, ਉਹ ਪੱਤਰਕਾਰਾਂ ਦੇ ਸਾਹਮਣੇ ਆ ਕੇ ਆਪਣੀ ਗੱਲ ਸਪਸ਼ਟ ਕਰੇ ਅਤੇ ਮੀਡੀਆ ਦੇ ਸਾਰੇ ਸਵਾਲਾਂ ਦੇ ਜਵਾਬ ਦੇਵੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨਾਲ ਜੁੜੀਆਂ ਜੋ ਵੀ ਗੱਲਾਂ ਉਨ੍ਹਾਂ ਦੇ ਧਿਆਨ ਵਿੱਚ ਆਈਆਂ ਹਨ, ਉਹ ਸਮਾਂ ਆਉਣ ‘ਤੇ ਖੁੱਲ੍ਹ ਕੇ ਸਾਹਮਣੇ ਲਿਆਉਣਗੇ।
ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਨੇ ਐੱਸ.ਐੱਸ.ਪੀ ਨੂੰ ਵੀ ਅਪੀਲ ਕੀਤੀ ਹੈ ਕਿ ਜਿਸ ਕਿਸੇ ਦੀ ਵੀ ਇਸ ਕੇਸ ਵਿੱਚ ਭੂਮਿਕਾ ਹੋ ਸਕਦੀ ਹੈ, ਉਸਦੀ ਪੂਰੀ ਤਰ੍ਹਾਂ ਨਿਰਪੱਖ ਅਤੇ ਗਹਿਰਾਈ ਨਾਲ ਜਾਂਚ ਕੀਤੀ ਜਾਵੇ।ਇਸ ਦੌਰਾਨ ਬਾਘਾਪੁਰਾਣਾ ਵਿੱਚ ਹਾਲ ਹੀ ਵਿੱਚ ਹੋਈ ਬਲਾਕ ਸਮਿਤੀ ਚੇਅਰਮੈਨ ਦੀ ਚੋਣ ਨੂੰ ਲੈ ਕੇ ਅਕਾਲੀ ਦਲ ਵੱਲੋਂ ਲਗਾਏ ਗਏ ਧੱਕੇਸ਼ਾਹੀ ਦੇ ਦੋਸ਼ਾਂ ‘ਤੇ ਵੀ ਐਮ.ਐਲ.ਏ ਨੇ ਸਫਾਈ ਦਿੱਤੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਕੰਮ ਸਿਰਫ ਦੋਸ਼ ਲਗਾਉਣਾ ਹੈ ਅਤੇ ਉਹ ਬਿਨਾਂ ਸਬੂਤਾਂ ਦੇ ਵੱਖ-ਵੱਖ ਤਰ੍ਹਾਂ ਦੇ ਇਲਜ਼ਾਮ ਲਾ ਰਹੇ ਹਨ। ਅਮ੍ਰਿਤਪਾਲ ਸਿੰਘ ਨੇ ਕਿਹਾ ਕਿ ਚੋਣਾਂ ਬਿਲਕੁਲ ਪਾਰਦਰਸ਼ੀ ਢੰਗ ਨਾਲ ਹੋਈਆਂ ਹਨ ਅਤੇ ਇਸ ਦੀ ਪੂਰੀ ਸੱਚਾਈ ਬਾਘਾਪੁਰਾਣਾ ਦੇ ਐਸ.ਡੀ.ਐਮ ਵੀ ਦੱਸ ਸਕਦੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਲਗਾਏ ਗਏ ਸਾਰੇ ਦੋਸ਼ ਬੇਬੁਨਿਆਦ ਹਨ।

LEAVE A REPLY

Please enter your comment!
Please enter your name here