ਅੰਮ੍ਰਿਤਸਰ ਵਾਸੀ ਨੌਜਵਾਨ ਦਾ ਕੈਨੇਡਾ ’ਚ ਕਤਲ/ ਅਣਪਛਾਤੇ ਨੇ ਮਾਰੀ ਗੋਲੀ/ ਪਰਿਵਾਰ ਨੇ ਮੰਗਿਆ ਇਨਸਾਫ਼

0
1

ਅੰਮ੍ਰਿਤਸਰ ਨਾਲ ਸਬੰਧਤ ਪੰਜਾਬੀ ਨੌਜਵਾਨ ਦੀ ਕੈਨੇਡਾ ਵਿਚ ਗੋਲੀ ਮਾਰ ਕੇ ਹੱਤਿਆ ਕਰਨ ਦੀ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ 22 ਸਾਲਾ ਬਿਰਿੰਦਰ ਸਿੰਘ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ ਜੋ ਸਟੱਡੀ ਵੀਜ਼ੇ ‘ਤੇ ਕੈਨੇਡਾ ਗਿਆ ਸੀ। ਇਹ ਵਾਰਦਾਤ 14 ਮਾਰਚ ਨੂੰ ਐਡਮਿੰਟਨ ਨੇੜੇ ਲੇਡੁਕ ਖੇਤਰ ਵਿੱਚ ਹਾਈਵੇਅ-2 ‘ਤੇ ਵਾਪਰੀ, ਜਿੱਥੇ ਅਣਪਛਾਤੇ ਨੇ ਬਰਿੰਦਰ ਸਿੰਘ ਤੇ ਗੋਲੀ ਚਲਾ ਦਿੱਤੀ। ਪਰਿਵਾਰ ਨੇ ਘਟਨਾ ਨੂੰ ਨਸਲੀ ਭੇਦਭਾਦ ਕਰਾਰ ਦਿੰਦਿਆਂ ਕਾਰਵਾਈ ਮੰਗੀ ਹੈ।
ਜਾਣਕਾਰੀ ਮੁਤਾਬਕ ਬਿਰਿੰਦਰ ਸਿੰਘ ਆਪਣੇ ਦੋਸਤਾਂ ਨਾਲ ਛੁੱਟੀ ਦੇ ਦਿਨ ਲੰਬੀ ਡਰਾਈਵ ‘ਤੇ ਗਿਆ ਹੋਇਆ ਸੀ। ਇਸ ਦੌਰਾਨ ਇੱਕ ਹੋਰ ਕਾਰ ਉਨ੍ਹਾਂ ਦਾ ਪਿੱਛਾ ਕਰਦੀ ਰਹੀ ਅਤੇ ਰੇਸ ਲਗਾਉਂਦੀ ਰਹੀ। ਕੁਝ ਸਮੇਂ ਬਾਅਦ ਉਹ ਕਾਰ ਅੱਗੇ ਆ ਕੇ ਅਚਾਨਕ ਰੁਕ ਗਈ। ਦੋਸਤਾਂ ਦੇ ਬਿਆਨਾਂ ਅਨੁਸਾਰ ਦੂਜੇ ਵਾਹਨ ਵਿੱਚ ਬੈਠੇ ਵਿਅਕਤੀ ਨੇ ਸ਼ੀਸ਼ਾ ਥੱਲੇ ਕਰਕੇ ਇਸ਼ਾਰਾ ਕੀਤਾ, ਜਿਸ ‘ਤੇ ਬਿਰਿੰਦਰ ਅਤੇ ਉਸਦੇ ਸਾਥੀਆਂ ਨੇ ਵੀ ਵਾਪਸ ਵੇਵ ਕੀਤਾ। ਇਸੇ ਦੌਰਾਨ ਅਚਾਨਕ ਹਮਲਾਵਰ ਨੇ ਗੋਲੀ ਚਲਾ ਦਿੱਤੀ, ਜੋ ਬਿਰਿੰਦਰ ਨੂੰ ਲੱਗੀ ਅਤੇ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਣਪਛਾਤੇ ਹਮਲਾਵਰਾਂ ਦੀ ਭਾਲ ਜਾਰੀ ਹੈ। ਹਾਲਾਂਕਿ ਇਸ ਹਮਲੇ ਦੇ ਕਾਰਨਾਂ ਬਾਰੇ ਅਜੇ ਤੱਕ ਕੋਈ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ, ਪਰ ਪਰਿਵਾਰ ਨੇ ਇਸਨੂੰ ਭੇਦਭਾਵ ਨਾਲ ਜੁੜੀ ਘਟਨਾ ਕਰਾਰ ਦਿੱਤਾ ਹੈ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ।
ਬਿਰਿੰਦਰ ਸਿੰਘ ਅੰਮ੍ਰਿਤਸਰ ਦੇ ਪਲਸ ਸਾਹਿਬ ਰੋਡ ਨੇੜੇ ਰਹਿੰਦਾ ਸੀ ਅਤੇ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਹ ਤਿੰਨ ਸਾਲ ਪਹਿਲਾਂ ਉੱਚ ਸਿੱਖਿਆ ਲਈ ਕੈਨੇਡਾ ਗਿਆ ਸੀ ਅਤੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਲਬਰਟਾ ਵਿੱਚ ਕੰਸਟਰਕਸ਼ਨ ਦੇ ਕੰਮ ਨਾਲ ਜੁੜਿਆ ਹੋਇਆ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਬਿਰਿੰਦਰ ਨੇ ਆਪਣੀ ਮਿਹਨਤ ਨਾਲ ਉੱਥੇ ਵਧੀਆ ਸੈਟਲਮੈਂਟ ਕਰ ਲਈ ਸੀ ਅਤੇ ਵੱਡੇ ਸੁਪਨੇ ਸਾਕਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।
ਮ੍ਰਿਤਕ ਦੇ ਦੋਸਤਾਂ ਵੱਲੋਂ ਉਸਦੀ ਲਾਸ਼ ਭਾਰਤ ਲਿਆਉਣ ਲਈ ‘ਗੋ ਫੰਡ ਮੀ’ ਰਾਹੀਂ ਫੰਡ ਇਕੱਠੇ ਕੀਤੇ ਜਾ ਰਹੇ ਹਨ, ਤਾਂ ਜੋ ਮਾਪੇ ਆਪਣੇ ਪੁੱਤਰ ਦਾ ਆਖਰੀ ਦਰਸ਼ਨ ਕਰ ਸਕਣ। ਇਸ ਘਟਨਾ ਨਾਲ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਇਲਾਕੇ ਵਿੱਚ ਵੀ ਗਹਿਰਾ ਦੁੱਖ ਪਾਇਆ ਜਾ ਰਿਹਾ ਹੈ।

LEAVE A REPLY

Please enter your comment!
Please enter your name here