ਪਾਇਲ ਪੁਲਿਸ ਨੇ ਪਿੰਡ ਰਾਣੋ ’ਚ ਐਕਸ਼ਨ ਦੀ ਤਿਆਰੀ/ ਸਾਬਕਾ ਸਰਪੰਚ ਦੀ ਗੈਰ ਕਾਨੂੰਨੀ ਜਾਇਦਾਦ ਦੀ ਪੈਮਾਇਸ਼/ ਨਸ਼ੇ ਨਾਲ ਜੁੜੇ ਹੋਣ ਤੇ ਚਲਦਿਆਂ ਹੋ ਸਕਦੀ ਬੁਲਡੋਜਰ ਕਾਰਵਾਈ

0
2

ਪੰਜਾਬ ਸਰਕਾਰ ਦੀ ਨਸ਼ਿਆਂ ਖਿਲਾਫ ਮੁਹਿੰਮ ਦੇ ਤਹਿਤ ਪਾਇਲ ਪੁਲਿਸ ਨੇ ਸਥਾਨਕ ਪਿੰਡ ਰਾਣੋ ਨਾਲ ਸਬੰਧਤ ਸਾਬਕਾ ਸਰਪੰਚ ਖਿਲਾਫ ਕਾਰਵਾਈ ਦੀ ਤਿਆਰੀ ਖਿੱਚ ਲਈ ਹੈ। ਇਸੇ ਤਹਿਤ ਅੱਜ ਪੁਲਿਸ ਨੇ ਅਧਿਕਾਰੀਆਂ ਦੀ ਮਦਦ ਨਾਲ ਸਾਬਕਾ ਸਰਪੰਚ ਗੁਰਦੀਪ ਸਿੰਘ ਰਾਣੋ ਦੀ ਕਥਿਤ ਗੈਰ ਕਾਨੂੰਨੀ ਜਾਇਦਾਦ ਦੀ ਪੈਮਾਇਸ਼ ਕੀਤੀ। ਮੌਕੇ ਤੇ ਮੌਜੂਦ ਅਧਿਕਾਰੀਆਂ ਦੇ ਦੱਸਣ ਮੁਤਾਬਕ ਇਹ ਜਾਇਦਾਦ ਨਸ਼ਿਆਂ ਦੇ ਕਾਰੋਬਾਰ ਦੀ ਕਮਾਈ ਨਾਲ ਗੈਰ ਕਾਨੂੰਨੀ ਤੌਰ ਬਣੀ ਹੈ, ਜਿਸ ਦੇ ਚਲਦਿਆਂ ਇਸ ਦੀ ਪੈਮਾਇਸ਼ ਕੀਤੀ ਗਈ ਹੈ ਅਤੇ ਜਲਦ ਹੀ ਇਸ ਉਤੇ ਬੁਲਡੋਜ਼ਰ ਕਾਰਵਾਈ ਹੋ ਸਕਦੀ ਹੈ।
ਦੱਸਣਯੋਗ ਹੈ ਕਿ ਪਾਇਲ ਹਲਕੇ ਦੇ ਪਿੰਡ ਰਾਣੋ ਨਾਲ ਸੰਬੰਧਿਤ ਸਾਬਕਾ ਸਰਪੰਚ ਗੁਰਦੀਪ ਸਿੰਘ ਰਾਣੋ ਦੇ ਤਾਰ ਕਥਿਤ ਬਹੁ ਕਰੋੜੀ ਹੈਰੋਇਨ ਤਸਕਰੀ ਨੈਟਵਰਕ ਨਾਲ ਜੁੜੇ ਹੋਏ ਹਨ।  ਗੁਰਦੀਪ ਸਿੰਘ ਰਾਣੋ ਖਿਲਾਫ ਨਸ਼ਾ ਤਸਕਰੀ ਦੇ ਵੱਖ-ਵੱਖ ਧਾਰਾਵਾਂ ਅਧੀਨ 11 ਮੁੱਕਦਮੇ ਦਰਜ ਹਨ। ਸਾਲ 2020 ‘ਚ ਗੁਰਦੀਪ ਰਾਣੋ ਨੂੰ ਐਸ.ਟੀ.ਐਫ ਦੀ ਟੀਮ ਨੇ ਕਰੀਬ 31 ਕਿੱਲੋ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਸੀ। ਉਸਤੋਂ ਬਾਅਦ ਗੁਰਦੀਪ ਰਾਣੋ ਦੇ ਬਹੁ ਕਰੋੜੀ ਹੈਰੋਇਨ ਤਸਕਰੀ ਦਾ ਪਰਦਾਫਾਸ਼ ਹੋਇਆ ਸੀ।
ਗੁਰਦੀਪ ਸਿੰਘ ਰਾਣੋ ਦੇ ਸੰਬੰਧ ਸਰਹੱਦ ਪਾਰ ਪਾਕਿਸਤਾਨ ਤੱਕ ਫੈਲੇ ਹੋਏ ਨਸ਼ਾ ਤਸਕਰੀ ਨੈਟਵਰਕ ਨਾਲ ਵੀ ਜੁੜੇ ਸੀ। ਇਸ ਮਾਮਲੇ ਵਿੱਚ ਪੁਲਿਸ ਅਤੇ ਹੋਰ ਜਾਂਚ ਏਜੰਸੀਆਂ ਵੱਲੋਂ ਪਹਿਲਾਂ ਵੀ ਕਈ ਵਾਰ ਵੱਡੀ ਮਾਤਰਾ ਵਿੱਚ ਨਸ਼ੇ ਦੀ ਬਰਾਮਦਗੀ ਕੀਤੀ ਗਈ ਸੀ। ਇਸੇ ਤਹਿਤ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ) ਦੇ ਅਧਿਕਾਰੀ ਭਾਰੀ ਪੁਲਿਸ ਬਲ ਦੇ ਸਾਥ ਨਾਲ ਗੁਰਦੀਪ ਸਿੰਘ ਰਾਣੋ ਦੀ ਆਲੀਸ਼ਾਨ ਕੋਠੀ ਵਿੱਚ ਪਹੁੰਚੇ ਅਤੇ ਘਰ ਦੀ ਚਾਰਦੀਵਾਰੀ ਸਮੇਤ ਪੂਰੀ ਜਾਇਦਾਦ ਦੀ ਮੌਕੇ ’ਤੇ ਮਿਣਤੀ ਕੀਤੀ। ਇਸ ਦੌਰਾਨ ਮੌਕੇ ਦੀ ਤਾਜ਼ਾ ਸਥਿਤੀ ਦੀਆਂ ਤਸਵੀਰਾਂ ਵੀ ਖਿੱਚੀਆਂ ਗਈਆਂ, ਜੋ ਉੱਚ ਅਧਿਕਾਰੀਆਂ ਨੂੰ ਅਗਲੀ ਕਾਰਵਾਈ ਲਈ ਭੇਜੀਆਂ ਜਾਣਗੀਆਂ।
ਜੇ.ਈ. ਗਲਾਡਾ ਅਮਨਦੀਪ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੌਕੇ ਦੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮਕਾਨ ਦੀ ਉਸਾਰੀ ਤੋਂ ਪਹਿਲਾਂ ਗਲਾਡਾ ਤੋਂ ਨਕਸ਼ਾ ਪਾਸ ਨਹੀਂ ਕਰਵਾਇਆ ਗਿਆ ਅਤੇ ਬਿਨਾਂ ਮਨਜ਼ੂਰੀ ਇਹ ਕੋਠੀ ਗੈਰ ਕਾਨੂੰਨੀ ਢੰਗ ਨਾਲ ਤਿਆਰ ਕੀਤੀ ਗਈ ਹੈ। ਉਨ੍ਹਾਂ ਹੋਰ ਦੱਸਿਆ ਕਿ ਇਸ ਕੋਠੀ ਨੂੰ ਢਾਹੁਣ ਤੋਂ ਰੋਕਣ ਲਈ ਪਰਿਵਾਰ ਵੱਲੋਂ ਪਹਿਲਾਂ ਅਦਾਲਤ ਵਿੱਚ ਰਿੱਟ ਪਟੀਸ਼ਨ ਵੀ ਦਾਇਰ ਕੀਤੀ ਗਈ ਸੀ, ਜਿਸ ਨੂੰ 9 ਮਈ ਨੂੰ ਡਿਸਪੋਜ਼ ਆਫ ਕਰ ਦਿੱਤਾ ਗਿਆ ਸੀ। ਇਸ ਫੈਸਲੇ ਤੋਂ ਬਾਅਦ ਹੁਣ ਗਲਾਡਾ ਵੱਲੋਂ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਕਰਨ ਦਾ ਰਾਹ ਸਾਫ ਹੋ ਗਿਆ ਹੈ।
ਇਸ ਪੈਮਾਇਸ਼ ਦੌਰਾਨ ਡੀ.ਐਸ.ਪੀ (ਹੈਡਕੁਆਰਟਰ) ਖੰਨਾ ਪ੍ਰਿਤਪਾਲ ਸਿੰਘ ਸੰਧੂ, ਡੀ.ਐਸ.ਪੀ ਪਾਇਲ ਜਸਵਿੰਦਰ ਸਿੰਘ ਖਹਿਰਾ, ਐਸ.ਐਚ.ਓ ਪਾਇਲ ਤਰਵਿੰਦਰ ਕੁਮਾਰ ਬੇਦੀ, ਐਸ.ਐਚ.ਓ ਮਲੌਦ ਚਰਨਜੀਤ ਸਿੰਘ ਅਤੇ ਐਸ.ਐਚ.ਓ ਦੋਰਾਹਾ ਅਕਾਸ਼ ਦੱਤ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਕਰਮਚਾਰੀ ਮੌਜੂਦ ਰਹੇ। ਕਾਨੂੰਨ-ਵਿਵਸਥਾ ਨੂੰ ਕਾਇਮ ਰੱਖਣ ਲਈ ਕੋਠੀ ਦੇ ਚੱਪੇ-ਚੱਪੇ ’ਤੇ ਪੁਲਿਸ ਤਾਇਨਾਤ ਕੀਤੀ ਗਈ ਸੀ। ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਗੁਰਦੀਪ ਸਿੰਘ ਰਾਣੋ ਦੇ ਖਿਲਾਫ ਐਨ.ਡੀ.ਪੀ.ਐਸ ਐਕਟ ਸਮੇਤ ਹੋਰ ਸੰਗੀਨ ਧਾਰਾਵਾਂ ਹੇਠ ਕਰੀਬ 11 ਮਾਮਲੇ ਦਰਜ ਹਨ। ਨਸ਼ਿਆਂ ਦੀ ਵੱਡੀ ਮਾਤਰਾ ਵਿੱਚ ਬਰਾਮਦਗੀ ਤੋਂ ਬਾਅਦ ਉਹ ਪਿਛਲੇ ਕਰੀਬ ਪੰਜ ਸਾਲਾਂ ਦੌਰਾਨ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਰਿਹਾ ਹੈ। ਕਰੀਬ ਚਾਰ ਮਹੀਨੇ ਪਹਿਲਾਂ ਹੀ ਗੁਰਦੀਪ ਰਾਣੋ ਜਮਾਨਤ ਉਪਰ ਬਾਹਰ ਆਇਆ।
ਪੁਲਿਸ ਮੁਤਾਬਕ ਨਸ਼ਿਆਂ ਦੇ ਕਾਲੇ ਕਾਰੋਬਾਰ ਰਾਹੀਂ ਕਮਾਈ ਗਈ ਰਕਮ ਨਾਲ ਉਸਨੇ ਵੱਡੀ ਮਾਤਰਾ ਵਿੱਚ ਪ੍ਰਾਪਰਟੀ ਅਤੇ ਮਹਿੰਗੀਆਂ ਗੱਡੀਆਂ ਦੀ ਖਰੀਦੋ-ਫਰੋਖਤ ਕੀਤੀ। ਇਸੇ ਕਾਰਨ ਹੁਣ ਸਰਕਾਰ ਵੱਲੋਂ ਉਸਦੀ ਜਾਇਦਾਦ ਦੀ ਜਾਂਚ ਕਰਕੇ ਗੈਰ ਕਾਨੂੰਨੀ ਉਸਾਰੀਆਂ ਨੂੰ ਢਾਹੁਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜੇ ਮਿਣਤੀ ਦੌਰਾਨ ਕੋਈ ਵੀ ਨਜਾਇਜ਼ ਉਸਾਰੀ ਸਾਹਮਣੇ ਆਉਂਦੀ ਹੈ ਤਾਂ ਜਲਦ ਹੀ ਬੁਲਡੋਜ਼ਰ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਮੌਕੇ ਪੁਲਿਸ ਜ਼ਿਲ੍ਹਾ ਖੰਨਾ ਦੇ ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਸਖਤ ਸੰਦੇਸ਼ ਦਿੰਦਿਆਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਅਤੇ ਡੀ.ਜੀ.ਪੀ ਪੰਜਾਬ ਸ਼੍ਰੀ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਸ਼ਿਆਂ ਦਾ ਮੁਕੰਮਲ ਸਫਾਇਆ ਕਰਨ ਲਈ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ।

LEAVE A REPLY

Please enter your comment!
Please enter your name here