ਪੰਜਾਬ ਮੋਗਾ ਪੁਲਿਸ ਦਾ ਬੁਲਿਟ ਮੋਟਰ ਸਾਇਕਲਾਂ ਤੇ ਸਿਕੰਜ਼ਾ/ ਪਟਾਕੇ ਵਜਾਉਣ ਵਾਲੇ 15 ਬੁਲਿਟਾਂ ਦੇ ਕੀਤੇ ਚੱਲਾਨ/ ਮਕੈਨਿਕ ਬੁਲਾ ਕੇ ਉਤਾਰੇ ਸਾਈਲੈਂਸਰ By admin - March 18, 2026 0 1 Facebook Twitter Pinterest WhatsApp ਮੋਗਾ ਪੁਲਿਸ ਨੇ ਸ਼ਹਿਰ ਦੀਆਂ ਸੜਕਾਂ ‘ਤੇ ਬੁਲਿਟ ਨਾਲ ਪਟਾਕੇ ਮਾਰਨ ਵਾਲਿਆਂ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਟ੍ਰੈਫਿਕ ਪੁਲਿਸ ਇੰਚਾਰਜ ਸਬ ਇੰਸਪੈਕਟਰ ਸੁਖਮੰਦਰ ਸਿੰਘ ਨੇ ਟੀਮ ਸਮੇਤ ਕਾਰਵਾਈ ਕਰਦੇ ਹੋਏ ਪਟਾਖੇ ਮਾਰਨ ਵਾਲੀਆਂ 13 ਬੁਲੇਟ ਮੋਟਰਸਾਈਕਲਾਂ ਦੇ ਚਲਾਨ ਕੱਟੇ। ਇਸ ਤੋਂ ਇਲਾਵਾ ਬਲੈਕ ਫ਼ਿਲਮ ਲਗਾਉਣ ਵਾਲੀਆਂ 3 ਗੱਡੀਆਂ, ਟ੍ਰਿਪਲ ਰਾਈਡਿੰਗ ਕਰਨ ਵਾਲੇ 4 ਮੋਟਰਸਾਈਕਲ ਸਵਾਰਾਂ ਅਤੇ ਬਿਨਾਂ ਨੰਬਰ ਪਲੇਟ ਵਾਲੀਆਂ 2 ਗੱਡੀਆਂ ਦੇ ਵੀ ਚਲਾਨ ਕੀਤੇ ਗਏ। ਕਾਰਵਾਈ ਦੌਰਾਨ ਮੌਕੇ ‘ਤੇ ਮਕੈਨਿਕ ਬੁਲਾ ਕੇ ਕਈ ਬੁਲੇਟ ਮੋਟਰਸਾਈਕਲਾਂ ਦੇ ਗੈਰਕਾਨੂੰਨੀ ਸਾਈਲੈਂਸਰ ਵੀ ਉਤਾਰਵਾਏ ਗਏ। ਇਸ ਦੇ ਨਾਲ ਹੀ ਟ੍ਰੈਫਿਕ ਪੁਲਿਸ ਵੱਲੋਂ ਕਬਾੜੀ ਬਾਜ਼ਾਰ ਸਮੇਤ ਸ਼ਹਿਰ ਦੇ ਹੋਰ ਬਾਜ਼ਾਰਾਂ ਵਿੱਚ ਵੀ ਮੁਹਿੰਮ ਚਲਾਈ ਗਈ, ਜਿੱਥੇ ਸੜਕਾਂ ‘ਤੇ ਕੀਤੇ ਗਏ ਨਜਾਇਜ਼ ਕਬਜ਼ੇ ਵੀ ਹਟਵਾਏ ਗਏ ਅਤੇ ਦੁਕਾਨਦਾਰਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਗਈ। ਟ੍ਰੈਫਿਕ ਪੁਲਿਸ ਇੰਚਾਰਜ ਸਬ ਇੰਸਪੈਕਟਰ ਸੁਖਮੰਦਰ ਸਿੰਘ ਨੇ ਦੱਸਿਆ ਕਿ ਐਸਐਸਪੀ ਮੋਗਾ ਅਜੈ ਗਾਂਧੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆ ਦੇ ਖ਼ਿਲਾਫ਼ ਕਾਰਵਾਈ ਕੀਤੀ ਹੈ ਅਤੇ ਸ਼ਹਿਰ ਵਿੱਚ ਪਟਾਖੇ ਵਰਗੀ ਆਵਾਜ਼ ਕਰਨ ਵਾਲੀਆਂ ਬੁਲੇਟ ਮੋਟਰਸਾਈਕਲਾਂ ਦੇ ਕਾਰਨ ਲੋਕ ਕਾਫ਼ੀ ਪਰੇਸ਼ਾਨ ਹਨ ਅਤੇ ਇਸ ਸਬੰਧੀ ਪੁਲਿਸ ਕੋਲ ਕਈ ਸ਼ਿਕਾਇਤਾਂ ਮਿਲ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਜਿੱਥੇ ਵੀ ਟ੍ਰੈਫਿਕ ਪੁਲਿਸ ਵੱਲੋਂ ਨਾਕਾ ਲਗਾਇਆ ਜਾਵੇਗਾ, ਉਥੇ ਬੁਲੇਟ ਮੋਟਰਸਾਈਕਲਾਂ ਦੇ ਸਾਈਲੈਂਸਰਾਂ ਦੀ ਖ਼ਾਸ ਤੌਰ ‘ਤੇ ਜਾਂਚ ਕੀਤੀ ਜਾਵੇਗੀ। ਜੇਕਰ ਕੋਈ ਵੀ ਮੋਟਰਸਾਈਕਲ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੀ ਮਿਲੀ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਮੋਗਾ ਦੇ ਕਬਾੜੀ ਬਾਜ਼ਾਰ ਵਿੱਚ ਸੜਕਾਂ ‘ਤੇ ਹੋ ਰਹੇ ਨਜਾਇਜ਼ ਕਬਜੇ ਕਰਨ ਵਾਲਿਆ ਦੇ ਖ਼ਿਲਾਫ਼ ਵੀ ਟ੍ਰੈਫਿਕ ਪੁਲਿਸ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਦੌਰਾਨ ਬਾਜ਼ਾਰ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਕੇ ਗੈਰਕਾਨੂੰਨੀ ਕਬਜ਼ੇ ਹਟਵਾਏ ਗਏ। ਇਸ ਮੌਕੇ ਟ੍ਰੈਫਿਕ ਪੁਲਿਸ ਇੰਚਾਰਜ ਸੁਖਮੰਦਰ ਸਿੰਘ ਨੇ ਦੁਕਾਨਦਾਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਆਪਣਾ ਸਮਾਨ ਦੁਕਾਨ ਤੋਂ ਬਾਹਰ ਸਿਰਫ਼ ਢਾਈ ਫੁੱਟ ਦੀ ਹੱਦ ਤੱਕ ਹੀ ਰੱਖਣ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸੜਕ ‘ਤੇ ਸਮਾਨ ਰੱਖਣ ਨਾਲ ਬਣਦਾ ਹੈ ਜਾਮ ਉਨ੍ਹਾਂ ਦੱਸਿਆ ਕਿ ਕਬਾੜੀ ਬਾਜ਼ਾਰ ਵਿੱਚ ਕੁਝ ਦੁਕਾਨਦਾਰ ਦੁਕਾਨਾਂ ਤੋਂ ਬਾਹਰ 8 ਤੋਂ 10 ਫੁੱਟ ਤੱਕ ਸੜਕ ‘ਤੇ ਕਬਜ਼ਾ ਕਰਕੇ ਸਮਾਨ ਰੱਖਦੇ ਹਨ। ਇਸ ਗੈਰਕਾਨੂੰਨੀ ਕਬਜੇ ਕਾਰਨ ਅਕਸਰ ਟ੍ਰੈਫਿਕ ਜਾਮ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਸ਼ਹਿਰ ਵਿੱਚ ਵਧ ਰਹੀ ਟ੍ਰੈਫਿਕ ਸਮੱਸਿਆ ਨੂੰ ਧਿਆਨ ਵਿੱਚ ਰੱਖਦਿਆਂ ਐਸਐਸਪੀ ਮੋਗਾ ਦੇ ਹੁਕਮਾਂ ਅਨੁਸਾਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਇਹ ਕਾਰਵਾਈ ਸ਼ੁਰੂ ਕੀਤੀ ਗਈ ਹੈ, ਜੋ ਅੱਗੇ ਵੀ ਜਾਰੀ ਰਹੇਗੀ। ਜੀਟੀ ਰੋਡ ਜਾਣ ਵਾਲੇ ਲੋਕ ਵੀ ਇਸ ਰਸਤੇ ਤੋਂ ਲੰਘਦੇ ਹਨ। ਦੱਸਣਯੋਗ ਹੈ ਕਿ ਅਕਾਲਸਰ ਰੋਡ ਅਤੇ ਹੋਰ ਇਲਾਕਿਆਂ ਦੇ ਲੋਕ ਜੀਟੀ ਰੋਡ ਅਤੇ ਬੱਸ ਸਟੈਂਡ ਵੱਲ ਜਾਣ ਲਈ ਕਬਾੜੀ ਬਾਜ਼ਾਰ ਰਾਹੀਂ ਹੀ ਗੁਜ਼ਰਦੇ ਹਨ। ਪਰ ਕੁਝ ਕਬਾੜੀ ਦੁਕਾਨਦਾਰ ਕਬਾੜ ਵਿੱਚ ਆਏ ਸਮਾਨ ਨੂੰ ਅੱਗ ਲਗਾ ਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਦੇ ਹਨ ਅਤੇ ਸੜਕਾਂ ‘ਤੇ ਪੁਰਾਣੇ ਟਰੈਕਟਰਾਂ ਸਮੇਤ ਹੋਰ ਕਬਾੜ ਰੱਖ ਦਿੰਦੇ ਹਨ। ਇਸ ਕਾਰਨ ਅਕਸਰ ਜਾਮ ਦੀ ਸਥਿਤੀ ਬਣ ਜਾਂਦੀ ਹੈ ਅਤੇ ਟ੍ਰੈਫਿਕ ਪ੍ਰਬੰਧ ਪ੍ਰਭਾਵਿਤ ਹੁੰਦਾ ਹੈ।