ਜ਼ੀਰਕਪੁਰ ’ਚ ਨੌਜਵਾਨ ਨੂੰ ਹੂਟਰ ਵਜਾਉਣਾ ਪਿਆ ਮਹਿੰਗਾ/ ਟਰੈਫਿਕ ਪੁਲਿਸ ਨੇ ਟਰੇਸ ਕਰ ਕੇ ਕੱਟਿਆ ਚੱਲਾਨ/ ਹੂਟਰ ਵਜਾ ਕੇ ਲਾਲ ਬੱਤੀ ਲੰਘਣ ਤੇ ਕੀਤੀ ਕਾਰਵਾਈ

0
2

ਜ਼ੀਕਰਪੁਰ ਵਿਚ ਇਕ ਕਾਰ ਸਵਾਰ ਨੌਜਵਾਨ ਨੂੰ ਹੂਟਰ ਵਜਾਉਣਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਸਥਾਨਕ ਟਰੈਫਿਕ ਪੁਲਿਸ ਨੇ ਨੌਜਵਾਨ ਨੂੰ ਟਰੇਸ ਕਰ ਕੇ ਚੱਲਾਨ ਕਰ ਦਿੱਤਾ। ਜਾਣਕਾਰੀ ਅਨੁਸਾਰ ਕਰੇਟਾ ਕਾਰ ਵਿਚ ਸਵਾਰ ਇਹ ਨੌਜਵਾਨ ਹੂਟਰ ਵਜਾਉਂਦਾ ਹੋਇਆ ਤੇਜ਼ ਰਫ਼ਤਾਰ ਨਾਲ ਚੌਂਕ ‘ਤੇ ਪਹੁੰਚਿਆ ਅਤੇ ਲਾਲ ਬੱਤੀ ਦੀ ਪਰਵਾਹ ਕੀਤੇ ਬਿਨਾਂ ਸਿਗਨਲ ਤੋੜ ਕੇ ਅੱਗੇ ਨਿਕਲ ਗਿਆ। ਡਿਊਟੀ ‘ਤੇ ਤਾਇਨਾਤ ਟਰੈਫਿਕ ਮੁਲਾਜ਼ਮਾਂ ਵੱਲੋਂ ਰੋਕਣ ਦੇ ਇਸ਼ਾਰੇ ਦੇ ਬਾਵਜੂਦ ਚਾਲਕ ਨੇ ਗੱਡੀ ਨਹੀਂ ਰੋਕੀ, ਜਿਸ ਤੋਂ ਬਾਅਦ ਪੁਲਿਸ ਨੇ ਉਸ ਦਾ ਪਿੱਛਾ ਕਰ ਕੇ ਕਾਬੂ ਕਰਨ ਬਾਅਦ ਚੱਲਾਨ ਕਰ ਦਿੱਤਾ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜ਼ੀਰਕਪੁਰ ਦੇ ਟਰੈਫਿਕ ਇੰਚਾਰਜ ਇੰਸਪੈਕਟਰ ਮਨਫੂਲ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਕਰੀਬ ਇੱਕ ਵਜੇ ਅੰਬਾਲਾ ਰੋਡ ਤੋਂ ਪਟਿਆਲਾ ਚੌਂਕ ਵੱਲ ਇੱਕ ਕਰੇਟਾ ਕਾਰ ਨੰਬਰ ਪੀ.ਬੀ. 65 ਬੀ.ਡੀ. 5353 ਹੂਟਰ ਵਜਾਉਂਦੀ ਹੋਈ ਆ ਰਹੀ ਸੀ। ਚੌਂਕ ‘ਤੇ ਡਿਊਟੀ ਕਰ ਰਹੇ ਟਰੈਫਿਕ ਮੁਲਾਜ਼ਮਾਂ ਨੇ ਜਦੋਂ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਚਾਲਕ ਨੇ ਇਸ਼ਾਰੇ ਨੂੰ ਅਣਡਿੱਠਾ ਕਰਦਿਆਂ ਲਾਲ ਬੱਤੀ ਤੋੜ ਦਿੱਤੀ ਅਤੇ ਤੇਜ਼ੀ ਨਾਲ ਅੱਗੇ ਨਿਕਲ ਗਿਆ।
ਟਰੈਫਿਕ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਉਕਤ ਗੱਡੀ ਦਾ ਪਿੱਛਾ ਕੀਤਾ ਅਤੇ ਕੁਝ ਦੂਰੀ ‘ਤੇ ਜ਼ੀਰਕਪੁਰ–ਕਾਲਕਾ ਰੋਡ ‘ਤੇ ਕਾਰ ਨੂੰ ਰੋਕ ਲਿਆ। ਪੁਲਸ ਅਨੁਸਾਰ ਗੱਡੀ ਰੁਕਣ ਤੋਂ ਬਾਅਦ ਚਾਲਕ ਨੇ ਪਹਿਲਾਂ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦਾ ਵੱਡਾ ਨੇਤਾ ਦੱਸ ਕੇ ਪੁਲਸ ਮੁਲਾਜ਼ਮਾਂ ਉੱਤੇ ਰੋਬ ਪਾਉਣ ਦੀ ਕੋਸ਼ਿਸ਼ ਕੀਤੀ। ਬਾਅਦ ਵਿੱਚ ਉਹ ਆਪਣੇ ਆਪ ਨੂੰ ਭਾਰਤੀ ਜਨਤਾ ਪਾਰਟੀ ਦਾ ਸੂਬਾ ਮੀਤ ਪ੍ਰਧਾਨ ਦੱਸਣ ਲੱਗ ਪਿਆ ਅਤੇ ਟਰੈਫਿਕ ਮੁਲਾਜ਼ਮਾਂ ਨਾਲ ਤਕਰਾਰ ਕਰਨ ਲੱਗਾ।
ਇੰਸਪੈਕਟਰ ਮਨਫੂਲ ਸਿੰਘ ਨੇ ਦੱਸਿਆ ਕਿ ਗੱਡੀ ਚਾਲਕ ਨੇ ਆਪਣਾ ਨਾਮ ਸਾਹਿਲ ਕੁਕਰੇਜਾ ਦੱਸਿਆ ਅਤੇ ਉਸ ਵੱਲੋਂ ਪੁਲਸ ਉੱਤੇ ਦਬਾਅ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਇਸ ਦੌਰਾਨ ਜਦੋਂ ਟਰੈਫਿਕ ਮੁਲਾਜ਼ਮ ਨੇ ਉਸ ਦੀ ਗੱਲ ਇੰਸਪੈਕਟਰ ਨਾਲ ਕਰਵਾਈ ਤਾਂ ਸਾਹਿਲ ਕੁਕਰੇਜਾ ਨੇ ਆਪਣੇ ਸਬੰਧ ਪੰਜਾਬ ਦੇ ਮੁੱਖ ਮੰਤਰੀ ਨਾਲ ਹੋਣ ਦਾ ਦਾਅਵਾ ਕਰਦਿਆਂ ਪੁਲਸ ਉੱਤੇ ਰੋਬ ਪਾਉਣ ਦੀ ਕੋਸ਼ਿਸ਼ ਕੀਤੀ। ਇੰਸਪੈਕਟਰ ਮਨਫੂਲ ਸਿੰਘ ਨੇ ਦੱਸਿਆ ਕਿ ਸਾਰੀ ਘਟਨਾ ਨੂੰ ਰੋਜ਼ ਨਾਮਚੇ ਵਿੱਚ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਵੀ ਦੇ ਦਿੱਤੀ ਗਈ ਹੈ।
ਟਰੈਫਿਕ ਇੰਚਾਰਜ ਨੇ ਦੱਸਿਆ ਕਿ ਮੋਟਰ ਵਹੀਕਲ ਕਾਨੂੰਨ ਅਨੁਸਾਰ ਹੂਟਰ ਵਰਤਣ ਦੀ ਇਜਾਜ਼ਤ ਸਿਰਫ਼ ਐਮਰਜੈਂਸੀ ਸੇਵਾਵਾਂ ਜਿਵੇਂ ਪੁਲਸ, ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਵਰਗੀਆਂ ਸਰਕਾਰੀ ਗੱਡੀਆਂ ਨੂੰ ਹੀ ਹੁੰਦੀ ਹੈ। ਕਿਸੇ ਵੀ ਨਿੱਜੀ ਵਿਅਕਤੀ ਵੱਲੋਂ ਆਪਣੀ ਗੱਡੀ ‘ਤੇ ਹੂਟਰ ਲਗਾ ਕੇ ਜਾਂ ਵਜਾ ਕੇ ਟਰੈਫਿਕ ਵਿੱਚ ਦਬਾਅ ਬਣਾਉਣਾ ਕਾਨੂੰਨ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਉਕਤ ਮਾਮਲੇ ਵਿੱਚ ਲਾਲ ਬੱਤੀ ਦੀ ਉਲੰਘਣਾ ਕਰਨ, ਬਿਨਾਂ ਇਜਾਜ਼ਤ ਹੂਟਰ ਵਰਤਣ ਅਤੇ ਡਿਊਟੀ ਕਰ ਰਹੇ ਟਰੈਫਿਕ ਪੁਲਸ ਮੁਲਾਜ਼ਮਾਂ ਨਾਲ ਬਦਸਲੂਕੀ ਕਰਨ ਦੇ ਦੋਸ਼ ਹੇਠ ਗੱਡੀ ਦਾ ਚਲਾਨ ਕੱਟਿਆ ਗਿਆ ਹੈ। ਟਰੈਫਿਕ ਪੁਲਸ ਨੇ ਇਹ ਵੀ ਸਪੱਸ਼ਟ ਕੀਤਾ ਕਿ ਨਿਯਮਾਂ ਨੂੰ ਅਣਡਿੱਠਾ ਕਰਨ ਵਾਲਿਆਂ ਖ਼ਿਲਾਫ਼ ਅੱਗੇ ਵੀ ਇਸੇ ਤਰ੍ਹਾਂ ਸਖ਼ਤ ਕਾਰਵਾਈ ਜਾਰੀ ਰਹੇਗੀ।  ਘਟਨਾ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪੱਧਰ ਦੇ ਨੇਤਾਵਾਂ ਵੱਲੋਂ ਵੀ ਅਜਿਹੇ ਕਿਸੇ ਵਿਅਕਤੀ ਦੇ ਆਪਣੀ ਪਾਰਟੀ ਨਾਲ ਸੰਬੰਧਿਤ ਹੋਣ ਬਾਰੇ ਅਣਜਾਣਤਾ ਜਾਹਿਰ ਕੀਤੀ ਗਈ ਹੈ।

LEAVE A REPLY

Please enter your comment!
Please enter your name here