ਪੰਜਾਬ ਛੇਹਰਟਾ ’ਚ ਕਾਂਗਰਸੀ ਪਰਿਵਾਰ ਦੇ ਨੌਜਵਾਨ ’ਤੇ ਹਮਲਾ/ ਐਕਟਿਵਾ ’ਤੇ ਆਇਆ ਹਮਲਾਵਰ ਗੋਲੀ ਚਲਾ ਕੇ ਫਰਾਰ/ ਡਾ. ਵੇਰਕਾ ਨੇ ਚੁੱਕੇ ਸਵਾਲ, ਪੁਲਿਸ ਕਰ ਰਹੀ ਜਾਂਚ By admin - March 18, 2026 0 1 Facebook Twitter Pinterest WhatsApp ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਅੰਦਰ ਦੇਰ ਰਾਤ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਅਣਪਛਾਤਿਆਂ ਨੇ ਇਕ ਨੌਜਵਾਨ ਉਤੇ ਗੋਲੀਆਂ ਚਲਾ ਦਿੱਤੀ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀ ਦੀ ਪਛਾਣ ਸਾਗਰ ਉਰਫ ਲਵ ਵਾਸੀ ਛੇਹਰਟਾ ਵਜੋਂ ਹੋਈ ਹੈ ਜੋ ਇਕ ਕਾਂਗਰਸੀ ਪਰਿਵਾਰ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਜ਼ਖਮੀ ਨੌਜਵਾਨ ਨੂੰ ਅਮਨਦੀਪ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਉਧਰ ਸੀਨੀਅਰ ਕਾਂਗਰਸੀ ਆਗੂ ਡਾ. ਰਾਜ ਕੁਮਾਰ ਵੇਰਕਾ ਨੇ ਘਟਨਾ ਦੀ ਸਖਤ ਨਿੰਦਾ ਕਰਦਿਆਂ ਦੋਸ਼ੀਆਂ ਖਿਲਾਫ ਛੇਤੀ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਕੇ ‘ਤੇ ਪਹੁੰਚੇ ਏਸੀਪੀ ਸ਼ਿਵ ਦਰਸ਼ਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਹਮਲਾ ਉਸ ਵੇਲੇ ਹੋਇਆ ਜਦੋਂ ਨੌਜਵਾਨ ਆਪਣੇ ਘਰ ਦੇ ਬਾਹਰ ਖੜਾ ਸੀ ਅਤੇ ਉਸਦੀ ਭੈਣ ਨਾਲ ਸੀ। ਇਸ ਦੌਰਾਨ ਇੱਕ ਨਕਾਬਪੋਸ਼ ਨੌਜਵਾਨ ਐਕਟਿਵਾ ‘ਤੇ ਆਇਆ ਅਤੇ ਅਚਾਨਕ ਗੋਲੀ ਚਲਾ ਕੇ ਫਰਾਰ ਹੋ ਗਿਆ। ਗੋਲੀ ਨੌਜਵਾਨ ਦੇ ਪੇਟ ਵਿੱਚ ਲੱਗੀ। ਪੁਲਿਸ ਦੇ ਮੁਤਾਬਕ ਫਿਲਹਾਲ ਕੋਈ ਪੁਰਾਣੀ ਰੰਜਿਸ਼ ਜਾਂ ਧਮਕੀ ਦੀ ਗੱਲ ਸਾਹਮਣੇ ਨਹੀਂ ਆਈ, ਪਰ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਇਲਾਕੇ ਦੇ ਸੀਸੀਟੀਵੀ ਫੁਟੇਜ ਵੀ ਖੰਗਾਲੇ ਜਾ ਰਹੇ ਹਨ ਅਤੇ ਕੁਝ ਮਹੱਤਵਪੂਰਨ ਸੁਰਾਗ ਹੱਥ ਲੱਗੇ ਹਨ। ਏਸੀਪੀ ਨੇ ਇਹ ਵੀ ਸਪਸ਼ਟ ਕੀਤਾ ਕਿ ਇਸ ਮਾਮਲੇ ਵਿੱਚ ਕਿਸੇ ਗੈਂਗਸਟਰ ਲਿੰਕ ਦੀ ਪੁਸ਼ਟੀ ਨਹੀਂ ਹੋਈ ਹੈ, ਪਰ ਪੁਲਿਸ ਇਸ ਕੋਣ ਤੋਂ ਵੀ ਜਾਂਚ ਕਰ ਰਹੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਦੋਸ਼ੀਆਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ, ਸਾਬਕਾ ਕੈਬਿਨੇਟ ਮੰਤਰੀ ਡਾ. ਰਾਜਕੁਮਾਰ ਵੇਰਕਾ ਨੇ ਇਸ ਘਟਨਾ ਦੀ ਕੜੀ ਨਿੰਦਾ ਕਰਦੇ ਹੋਏ ਪੰਜਾਬ ਦੀ ਕਾਨੂੰਨ-ਵਿਵਸਥਾ ‘ਤੇ ਸਵਾਲ ਖੜੇ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਗੁੰਡਾਗਰਦੀ ਵੱਧ ਰਹੀ ਹੈ ਅਤੇ ਆਮ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਵੇਰਕਾ ਨੇ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹ ਸਰਕਾਰ ਹਰ ਮੋਰਚੇ ‘ਤੇ ਨਾਕਾਮ ਰਹੀ ਹੈ ਅਤੇ ਮੁੱਖ ਮੰਤਰੀ ਨੂੰ ਇਸਦੀ ਜ਼ਿੰਮੇਵਾਰੀ ਲੈਂਦੇ ਹੋਏ ਅਸਤੀਫਾ ਦੇਣਾ ਚਾਹੀਦਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਇੱਕ-ਦੋ ਦਿਨਾਂ ਵਿੱਚ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ ਤਾਂ ਕਾਂਗਰਸ ਵੱਲੋਂ ਤਿੱਖਾ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਵਿੱਚ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਦੇ ਦਫ਼ਤਰਾਂ ਦਾ ਘਿਰਾਓ ਵੀ ਸ਼ਾਮਲ ਹੋਵੇਗਾ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸ਼ਹਿਰ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ।