ਸੁਲਤਾਨਪੁਰ ਲੋਧੀ ਦੇ ਵਿੱਕੀ ਦਿਓਲ ਨੇ ਚਮਕਾਇਆ ਸ਼ਹਿਰ ਦਾ ਨਾਮ/ 40 ਸਕਿੰਟਾਂ ’ਚ 64 ਪੁਸ਼ਅੱਪ ਲਗਾ ਬਣਾਇਆ ਵਿਸ਼ਵ ਰਿਕਾਰਡ

0
1

 

ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਨਾਲ ਸਬੰਧਤ ਨੌਜਵਾਨ ਹਰਪ੍ਰੀਤ ਸਿੰਘ ਉਰਫ ਵਿੱਕੀ ਦਿਉਲ ਨੇ ਆਪਣੀ ਸਖਤ ਮਿਹਨਤ ਦੇ ਚਲਦਿਆਂ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਹੈ। ਇਸ ਨੌਜਵਾਨ ਨੇ ਫਿੱਟ ਇੰਡੀਆ ਕਾਰਨੀਵਲ ਦੌਰਾਨ ਅਦਭੁੱਤ ਪ੍ਰਦਰਸ਼ਨ ਕੀਤਾ ਹੈ। ਵਿੱਕੀ ਦਿਓਲ ਨੇ 40 ਸਕਿੰਟਾਂ ਵਿਚ 64 ਪੁਸ਼ਅੱਪ ਲਗਾ ਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ। ਇਸ ਉਪਲਬਧੀ ਦੀ ਖਾਸ ਗੱਲ ਇਹ ਰਹੀ ਕਿ ਵਿੱਕੀ ਦਿਓਲ ਨੇ ਇਸ ਪ੍ਰਦਰਸ਼ਨ ਨਾਲ ਆਪਣਾ ਹੀ ਪਹਿਲਾਂ ਬਣਾਇਆ ਰਿਕਾਰਡ ਤੋੜ ਦਿੱਤਾ ਹੈ। ਇਸ ਤੋਂ ਪਹਿਲਾਂ ਉਹ 40 ਸਕਿੰਟਾਂ ਵਿੱਚ 40 ਪੁਸ਼ਅੱਪ ਲਗਾ ਕੇ ਰਿਕਾਰਡ ਬਣਾ ਚੁੱਕੇ ਸਨ, ਪਰ ਹੁਣ ਉਸੇ ਰਿਕਾਰਡ ਨੂੰ ਪਿੱਛੇ ਛੱਡਦਿਆਂ ਉਹਨਾਂ ਨੇ 64 ਪੁਸ਼ਅੱਪ ਕਰ ਕੇ ਨਵਾਂ ਇਤਿਹਾਸ ਰਚ ਦਿੱਤਾ। ਇਹ ਕੀਰਤੀਮਾਨ ਵਰਲਡ ਬੁੱਕ ਆਫ ਰਿਕਾਰਡਜ਼ ਲੰਡਨ ਵੱਲੋਂ ਪ੍ਰਮਾਣਿਤ ਕੀਤਾ ਗਿਆ ਹੈ।
ਉਨ੍ਹਾਂ ਦੀ ਇਸ ਸ਼ਾਨਦਾਰ ਕਾਮਯਾਬੀ ਨਾਲ ਸੁਲਤਾਨਪੁਰ ਲੋਧੀ ਦਾ ਨਾਮ ਨਾ ਸਿਰਫ਼ ਪੰਜਾਬ ਬਲਕਿ ਦੇਸ਼ ਅਤੇ ਵਿਦੇਸ਼ ਵਿੱਚ ਵੀ ਮਾਣ ਨਾਲ ਲਿਆ ਜਾ ਰਿਹਾ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਸਹਿਯੋਗ ਨਾਲ ਆਯੋਜਿਤ ਫਿਟ ਇੰਡੀਆ ਕਾਰਨੀਵਲ ਦੌਰਾਨ ਵਿੱਕੀ ਦਿਓਲ ਨੇ ਕੇਵਲ 40 ਸਕਿੰਟਾਂ ਵਿੱਚ 64 ਦੋ ਅੰਗੂਠਿਆਂ ਵਾਲੀਆਂ ਪੁਸ਼ਅੱਪ (Both Thumb Push-Ups) ਲਗਾ ਕੇ ਇਕ ਨਵਾਂ ਵਿਸ਼ਵ ਰਿਕਾਰਡ ਬਣਾਇਆ। ਇਹ ਪ੍ਰਦਰਸ਼ਨ ਆਮ ਨਹੀਂ ਸੀ, ਕਿਉਂਕਿ ਇਸ ਦੌਰਾਨ ਉਹ ਤਿੰਨ ਫੁੱਟ ਉੱਚਾਈ ‘ਤੇ ਲੱਗੀਆਂ ਤਿੰਨ ਲੋਹੇ ਦੀਆਂ ਛੜਾਂ ਉੱਤੇ ਸੰਤੁਲਨ ਬਣਾਉਂਦੇ ਹੋਏ ਇੱਕ ਪੈਰ ਹਵਾ ਵਿੱਚ ਰੱਖ ਕੇ ਇਹ ਮੁਸ਼ਕਲ ਕਾਰਨਾਮਾ ਕਰ ਰਹੇ ਸਨ। ਮੌਕੇ ‘ਤੇ ਮੌਜੂਦ ਦਰਸ਼ਕਾਂ ਲਈ ਇਹ ਦ੍ਰਿਸ਼ ਹੈਰਾਨੀ ਅਤੇ ਜੋਸ਼ ਨਾਲ ਭਰਪੂਰ ਸੀ।
ਫਿਟ ਇੰਡੀਆ ਕਾਰਨੀਵਲ ਦੌਰਾਨ ਲਗਭਗ 1000 ਤੋਂ 1500 ਵਿਦਿਆਰਥੀਆਂ ਨੇ ਭਾਗ ਲਿਆ। ਕਾਰਨੀਵਲ ਵਿੱਚ ਵੱਖ-ਵੱਖ ਖੇਡ ਮੁਕਾਬਲੇ ਅਤੇ ਮਨੋਰੰਜਕ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ, ਜਿਸ ਨਾਲ ਵਿਦਿਆਰਥੀਆਂ ਵਿੱਚ ਫਿਟਨੈੱਸ ਪ੍ਰਤੀ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਵਿੱਕੀ ਦਿਓਲ ਦੀ ਪਰਫਾਰਮੈਂਸ ਨੇ ਮੌਕੇ ‘ਤੇ ਮੌਜੂਦ ਸਾਰੇ ਲੋਕਾਂ ਨੂੰ ਪ੍ਰੇਰਿਤ ਕੀਤਾ। ਇਸ ਵਿਸ਼ਵ ਰਿਕਾਰਡ ਤੋਂ ਬਾਅਦ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿੱਚ ਖੁਸ਼ੀ ਅਤੇ ਮਾਣ ਦੀ ਲਹਿਰ ਹੈ। ਲੋਕਾਂ ਦਾ ਕਹਿਣਾ ਹੈ ਕਿ ਵਿੱਕੀ ਦਿਓਲ ਨੇ ਆਪਣੇ ਸ਼ਹਿਰ ਦਾ ਨਾਮ ਵਿਸ਼ਵ ਪੱਧਰ ‘ਤੇ ਰੌਸ਼ਨ ਕੀਤਾ ਹੈ ਅਤੇ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਬਣੇ ਹਨ।
ਵਿਸ਼ੇਸ਼ ਗੱਲਬਾਤ ਦੌਰਾਨ ਹਰਪ੍ਰੀਤ ਸਿੰਘ ਵਿੱਕੀ ਦਿਓਲ ਨੇ ਦੱਸਿਆ ਕਿ ਇਸ ਮਕਾਮ ਤੱਕ ਪਹੁੰਚਣਾ ਆਸਾਨ ਨਹੀਂ ਸੀ। ਉਨ੍ਹਾਂ ਦੇ ਅਨੁਸਾਰ 40 ਸਕਿੰਟਾਂ ਵਿੱਚ 64 ਪੁਸ਼ਅੱਪ ਲਗਾਉਣ ਦੇ ਪਿੱਛੇ ਸਾਲਾਂ ਦੀ ਕਠੋਰ ਮਿਹਨਤ ਅਤੇ ਅਨੁਸ਼ਾਸਨ ਹੈ। ਉਹ ਰੋਜ਼ਾਨਾ ਲਗਭਗ ਸੱਤ ਤੋਂ ਅੱਠ ਘੰਟੇ ਵਰਜਿਸ਼ ਕਰਦੇ ਸਨ। ਇਸ ਤੋਂ ਇਲਾਵਾ ਜਦੋਂ ਵੀ ਉਹ ਵਿਦਿਆਰਥੀਆਂ ਨੂੰ ਸੈਲਫ ਡਿਫੈਂਸ ਦੀ ਟ੍ਰੇਨਿੰਗ ਦੇਣ ਲਈ ਜਾਂਦੇ ਸਨ, ਉਸ ਸਮੇਂ ਵੀ ਆਪਣੇ ਟੀਚੇ ਵੱਲ ਧਿਆਨ ਰੱਖਦਿਆਂ ਅਭਿਆਸ ਜਾਰੀ ਰੱਖਦੇ ਸਨ। ਉਨ੍ਹਾਂ ਨੇ ਦੱਸਿਆ ਕਿ ਫਿਟਨੈੱਸ ਦੇ ਖੇਤਰ ਵਿੱਚ ਆਉਣ ਦੀ ਪ੍ਰੇਰਣਾ ਉਨ੍ਹਾਂ ਨੂੰ ਆਪਣੀ ਮਾਤਾ ਤੋਂ ਮਿਲੀ, ਜੋ ਪ੍ਰਾਇਮਰੀ ਸਕੂਲ ਵਿੱਚ ਅਧਿਆਪਕਾ ਰਹੀ ਹਨ। ਮਾਂ ਨੇ ਹੀ ਬਚਪਨ ਤੋਂ ਉਨ੍ਹਾਂ ਨੂੰ ਖੇਡਾਂ ਅਤੇ ਤੰਦਰੁਸਤੀ ਵੱਲ ਉਤਸ਼ਾਹਿਤ ਕੀਤਾ ਅਤੇ ਇਹੀ ਪ੍ਰੇਰਣਾ ਉਨ੍ਹਾਂ ਨੂੰ ਲਗਾਤਾਰ ਅੱਗੇ ਵਧਾਉਂਦੀ ਰਹੀ।
ਵਿੱਕੀ ਦਿਓਲ ਮੁਤਾਬਕ ਦੋ ਅੰਗੂਠਿਆਂ ਵਾਲੀਆਂ ਪੁਸ਼ਅੱਪ ਬਹੁਤ ਹੀ ਮੁਸ਼ਕਲ ਹੁੰਦੀਆਂ ਹਨ ਅਤੇ ਇਸ ਦੀ ਪ੍ਰੈਕਟਿਸ ਲਈ ਉਨ੍ਹਾਂ ਨੂੰ ਲਗਭਗ 10 ਤੋਂ 15 ਸਾਲਾਂ ਦਾ ਸਮਾਂ ਲੱਗ ਗਿਆ। ਸ਼ੁਰੂਆਤ ਵਿੱਚ ਉਹ ਹੱਥਾਂ ‘ਤੇ ਪੁਸ਼ਅੱਪ ਕਰਦੇ ਸਨ, ਫਿਰ ਉਂਗਲਾਂ ‘ਤੇ, ਫਿਰ ਦੋ ਉਂਗਲਾਂ ‘ਤੇ ਅਤੇ ਅਖੀਰਕਾਰ ਉਹ ਆਪਣੇ ਅੰਗੂਠਿਆਂ ‘ਤੇ ਪੁਸ਼ਅੱਪ ਕਰਨ ਵਿੱਚ ਸਮਰੱਥ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਤਿੰਨ ਫੁੱਟ ਉੱਚਾਈ ‘ਤੇ ਲੋਹੇ ਦੀਆਂ ਰਾਡਾਂ ਉੱਤੇ ਸੰਤੁਲਨ ਬਣਾਕੇ ਇਹ ਪਰਫਾਰਮੈਂਸ ਕਰਨਾ ਬਹੁਤ ਹੀ ਚੈਲੈਂਜਿੰਗ ਹੁੰਦਾ ਹੈ। ਘਰ ਵਿੱਚ ਪ੍ਰੈਕਟਿਸ ਦੌਰਾਨ ਦਬਾਅ ਘੱਟ ਹੁੰਦਾ ਹੈ ਪਰ ਜਦੋਂ ਸੈਂਕੜਿਆਂ ਲੋਕਾਂ ਦੀ ਮੌਜੂਦਗੀ ਵਿੱਚ ਪ੍ਰਦਰਸ਼ਨ ਕਰਨਾ ਪੈਂਦਾ ਹੈ ਤਾਂ ਮਨ ਕਈ ਵਾਰ ਡੋਲ ਜਾਂਦਾ ਹੈ। ਉਹ ਕਹਿੰਦੇ ਹਨ ਕਿ ਹਰ ਪ੍ਰਦਰਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਉਹ ਅਕਾਲ ਪੁਰਖ ਦੇ ਅੱਗੇ ਅਰਦਾਸ ਕਰਦੇ ਹਨ ਅਤੇ ਇਸੇ ਵਿਸ਼ਵਾਸ ਨਾਲ ਉਹ ਆਪਣੇ ਟੀਚੇ ਤੱਕ ਪਹੁੰਚਦੇ ਹਨ।
ਉਨ੍ਹਾਂ ਨੇ ਕਿਹਾ ਕਿ ਜਦੋਂ ਇਸ ਵਾਰ ਉਹ ਆਪਣੇ ਹੀ 40 ਪੁਸ਼ਅੱਪ ਦੇ ਪੁਰਾਣੇ ਰਿਕਾਰਡ ਨੂੰ ਤੋੜਣ ਜਾ ਰਹੇ ਸਨ ਤਾਂ ਮਨ ਵਿੱਚ ਕਈ ਵਿਚਾਰ ਆ ਰਹੇ ਸਨ, ਕਿਉਂਕਿ ਇਸ ਮਕਾਮ ਤੱਕ ਪਹੁੰਚਣ ਲਈ ਉਨ੍ਹਾਂ ਨੂੰ ਕਈ ਸਾਲ ਲੱਗ ਗਏ ਸਨ ਅਤੇ ਅਜੇ ਤੱਕ ਕੋਈ ਵੀ ਉਹਨਾਂ ਦਾ ਪੁਰਾਣਾ ਰਿਕਾਰਡ ਨਹੀਂ ਤੋੜ ਸਕਿਆ ਸੀ। ਵਿੱਕੀ ਦਿਓਲ ਨੇ ਆਪਣੇ ਸੰਘਰਸ਼ ਬਾਰੇ ਦੱਸਦਿਆਂ ਕਿਹਾ ਕਿ ਇਸ ਮੰਜ਼ਿਲ ਤੱਕ ਪਹੁੰਚਣ ਲਈ ਉਹਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਹ ਰੋਜ਼ਾਨਾ ਸਵੇਰੇ ਤਿੰਨ ਵਜੇ ਉੱਠਦੇ ਹਨ ਅਤੇ ਲਗਭਗ ਛੇ ਤੋਂ ਸੱਤ ਘੰਟੇ ਪ੍ਰੈਕਟਿਸ ਕਰਦੇ ਹਨ। ਉਹ ਕਿਸੇ ਵੀ ਤਰ੍ਹਾਂ ਦੇ ਫੂਡ ਸਪਲੀਮੈਂਟ ਨਹੀਂ ਲੈਂਦੇ, ਸਗੋਂ ਸਿਰਫ਼ ਘਰੇਲੂ ਖੁਰਾਕ ਜਿਵੇਂ ਦੁੱਧ, ਲੱਸੀ ਅਤੇ ਪੰਜਾਬ ਦੀ ਪੇਂਡੂ ਖੁਰਾਕ ਦੀ ਹੀ ਵਰਤੋਂ ਕਰਦੇ ਹਨ।

LEAVE A REPLY

Please enter your comment!
Please enter your name here