ਫਰੀਦਕੋਟ ਅਦਾਲਤ ਦਾ ਵਿਧਾਇਕ ਡਿੰਪੀ ਢਿੱਲੋਂ ਨੂੰ ਝਟਕਾ/ ਹਰਜਾਨੇ ਲਈ ਬੱਸਾਂ ਕੁਰਕ ਕਰਨ ਦੇ ਹੁਕਮ/ 36 ਸਾਲ ਪੁਰਾਣੇ ਮਾਮਲੇ ’ਚ ਸੁਣਾਇਆ ਫੈਸਲਾ

0
2

ਫ਼ਰੀਦਕੋਟ ਦੀ ਅਦਾਲਤ ਨੇ ਵਿਧਾਇਕ ਡਿੱਪੀ ਢਿੱਲੋਂ ਨੂੰ 36 ਸਾਲ ਪੁਰਾਣਾ ਐਕਸੀਡੈਂਟ ਮਾਮਲੇ ਵਿਚ ਝਟਕਾ ਦਿੱਤਾ ਹੈ। ਅਦਾਲਤ ਨੇ ਵਿਧਾਇਕ ਦੇ ਭਰਾ ਦੇ ਨਾਮ ਰਜਿਸਟਰਡ ਨਿੱਜੀ ਬੱਸ ਕੰਪਨੀ ਖਿਲਾਫ ਇੱਕ ਅਹਿਮ ਫੈਸਲਾ ਸੁਣਾਉਦੇ ਹੋਏ ਕੰਪਨੀ ਦੀਆਂ ਦੋ ਬੱਸਾਂ ਨੂੰ ਕੁਰਕ ਕਰ ਕੇ ਹਰਜਾਨੇ ਦੀ ਰਕਮ ਵਸੂਲਣ ਦੇ ਹੁਕਮ ਦਿੱਤੇ ਹਨ। ਜਾਣਕਾਰੀ ਅਨੁਸਾਰ 36 ਸਾਲ ਪਹਿਲਾਂ ਵਾਪਰੇ ਹਾਦਸੇ ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋਈ ਸੀ। ਉਸ ਵੇਲੇ ਅਦਾਲਤ ਨੇ ਡੇਢ ਲੱਖ ਹਰਜਾਨੇ ਦੇ ਹੁਕਮ ਸੁਣਾਏ ਸੀ ਜੋ ਅਦਾ ਨਹੀਂ ਕੀਤੇ ਗਏ। ਹੁਣ ਅਦਾਲਤ ਨੇ ਇਸ ਮਾਮਲੇ ਵਿਚ ਸਮੇਤ ਵਿਆਜ 12 ਲੱਖ 36 ਹਜ਼ਾਰ ਰੁਪਏ ਵਸੂਲਣ ਦੇ ਹੁਕਮ ਜਾਰੀ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਿਤ ਪਰਿਵਾਰ ਦੇ ਵਕੀਲ ਕਰਨ ਬਰਾੜ ਨੇ ਦੱਸਿਆ ਕਿ 1989 ਵਿੱਚ ਮੁਕਤਸਰ ਜਿਲ੍ਹੇ ਦੇ ਪਿੰਡ ਖਿਲਜੇਬਾਨ ਵਿਖੇ ਦੀਪ ਬੱਸ ਸਰਵਿਸ ਕੰਪਨੀ ਦੀ ਬੱਸ ਦਾ ਐਕਸੀਡੈਂਟ ਹੋਇਆ ਸੀ ਜਿਸ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਕੁਝ ਲੋਕ ਜ਼ਖਮੀ ਹੋਏ ਸਨ। ਇਸ ਵਿੱਚੋਂ ਮੁਖਤਿਆਰ ਸਿੰਘ ਜਿਸਦੀ ਮੌਤ ਐਕਸੀਡੈਂਟ ਦੌਰਾਨ ਹੋਈ ਸੀ, ਉਸ ਦੀ ਪਤਨੀ ਧੰਨ ਕੌਰ ਵੱਲੋਂ ਅਦਾਲਤ ਵਿੱਚ ਦੀਪ ਬੱਸ ਕੰਪਨੀ ਖਿਲਾਫ ਕੇਸ ਕੀਤਾ ਗਿਆ ਸੀ ਜਿੱਥੇ 1992 ਸਾਲ ਚ ਮਾਨਯੋਗ ਅਦਾਲਤ ਵੱਲੋਂ ਕਰੀਬ ਡੇਢ ਲੱਖ ਰੁਪਆ ਜੁਰਮਾਨਾ ਮੁਆਵਜੇ ਦੇ ਤੌਰ ਤੇ ਬੱਸ ਕੰਪਨੀ ਵੱਲੋਂ ਅਦਾ ਕਰਨ ਲਈ ਹੁਕਮ ਸੁਣਾਏ ਸਨ।
ਨਿੱਜੀ ਬੱਸ ਕੰਪਨੀ ਮਾਲਕਾਂ ਵੱਲੋਂ ਇਸ ਹੁਕਮ ਦੇ ਖਿਲਾਫ ਹਾਈਕੋਰਟ ਦਾ ਰੁੱਖ ਕੀਤਾ ਗਿਆ ਜਿੱਥੇ ਹਾਈਕੋਰਟ ਵੱਲੋਂ ਇਸ ਹਰਜਾਨੇ ਦੀ ਰਕਮ ਨੂੰ ਡੇਢ ਲੱਖ ਤੋਂ ਵਧਾ ਕੇ 3 ਲੱਖ 36 ਹਜ਼ਾਰ ਰੁਪਏ ਕਰ ਦਿੱਤਾ ਗਿਆ ਜੋ ਕਰੀਬ 36 ਸਾਲ ਗੁਜਰਨ ਦੇ ਬਾਵਜੂਦ ਵੀ ਪੀੜਤਾਂ ਨੂੰ ਅਦਾ ਨਹੀਂ ਕੀਤੇ ਗਏ। ਹੁਣ ਫਰੀਦਕੋਟ ਦੇ ਮਾਨਯੋਗ ਜੱਜ ਕੇ.ਕੇ. ਜੈਨ ਦੀ ਅਦਾਲਤ ਵੱਲੋਂ ਇੱਕ ਅਹਿਮ ਫੈਸਲਾ ਸੁਣਾਉਂਦੇ ਹੋਏ ਕੰਪਨੀ ਦੀਆਂ ਦੋ ਬੱਸਾਂ ਨੂੰ ਕੁਰਕ ਕਰਕੇ ਉਸ ਨੂੰ ਨਿਲਾਮ ਕਰ ਹਰਜਾਨੇ ਦੀ ਰਕਮ ਜੋ ਕਿ ਸਮੇਤ ਵਿਆਜ ਹੁਣ 12 ਲੱਖ 36 ਹਜ਼ਾਰ ਰੁਪਏ ਵਸੂਲੀ ਜਾਣੀ ਹੈ ਉਹ ਇਨਾ ਦੋ ਬੱਸਾਂ ਦੀ ਨਿਲਾਮੀ ਨਾਲ ਵਸੁਲੀ ਜਾਵੇ। ਫਰੀਦਕੋਟ ਦੇ ਥਾਣਾ ਮੁਖੀ ਨੂੰ ਆਦੇਸ਼ ਦਿੱਤੇ ਗਏ ਹਨ ਕਿ ਫਰੀਦਕੋਟ ਦੀ ਹਦੂਦ ਅੰਦਰ ਆਉਂਦੀਆਂ ਕਿਸੇ ਵੀ ਦੋ ਬੱਸਾਂ ਜੋ ਦੀਪ ਬੱਸ ਕੰਪਨੀ ਦੀ ਬੱਸ ਸਰਵਿਸ ਨਾਲ ਸੰਬੰਧਿਤ ਹੋਣ ਉਹਨਾਂ ਦੀ ਪਹਿਚਾਣ ਕਰਕੇ 30 ਮਾਰਚ ਤੱਕ ਉਸ ਨੂੰ ਜਬਤ ਕੀਤਾ ਜਾਵੇ ਅਤੇ ਉਹਨਾਂ ਦੀ ਨਿਲਾਮੀ ਤੋਂ ਬਾਅਦ ਇਹ ਰਕਮ ਵਸੂਲ ਕਰਕੇ ਪੀੜਤ ਪਰਿਵਾਰ ਦੀ ਹਰਜਾਨੇ ਦੀ ਭਰਪਾਈ ਕੀਤੀ ਜਾਵੇ । ਗੌਰਤਲਬ ਹੈ ਕੇ ਨਿਊ ਦੀਪ ਬੱਸ ਸਰਵਿਸ ਕੰਪਨੀ ਦਾ ਕਾਨੂੰਨੀ ਅਧਿਕਾਰ ਹੈ ਕਿ ਉਹ ਇਸ ਫੈਸਲੇ ਦੇ ਖਿਲਾਫ ਉੱਚ ਅਦਾਲਤ ਵਿੱਚ ਰੁੱਖ ਕਰ ਸਕਦਾ ਹੈ।

LEAVE A REPLY

Please enter your comment!
Please enter your name here