ਫਰੀਦਕੋਟ ਪੁਲਿਸ ਦਾ ਨਸ਼ਿਆਂ ਛੁਡਾਉਂ ਸੈਂਟਰ ’ਤੇ ਐਕਸ਼ਨ/ ਸਿਹਤ ਵਿਭਾਗ ਦੀ ਮਦਦ ਨਾਲ ਕੀਤੀ ਛਾਪੇਮਾਰੀ/ ਅਣ-ਅਧਿਕਾਰਤ ਸੈਂਟਰ ਨੂੰ ਕੀਤਾ ਸੀਲ

0
2

 

ਫਰੀਦਕੋਟ ਪੁਲਿਸ ਨੇ ਸਿਹਤ ਵਿਭਾਗ ਦੀ ਮਦਦ ਨਾਲ ਨਸ਼ਿਆਂ ਖਿਲਾਫ ਵੱਡੀ ਕਾਰਵਾਈ ਕਰਦਿਆਂ ਪਿੰਡ ਮਹਿਮੂਆਣਾ ਵਿਖੇ ਅਣ-ਅਧਿਕਾਰਿਤ ਤੌਰ ਤੇ ਚੱਲ ਰਹੇ ਨਸ਼ਾ ਛੁਡਾਊ ਸੈਂਟਰ ਨੂੰ ਸੀਲ ਕੀਤਾ ਹੈ। ਪੁਲਿਸ ਨੇ ਪਿੰਡ ਮਹਿਮੂਆਣਾ ਵਿਖੇ ਸਥਿਤ ਇਸ ਸੈਂਟਰ ਵਿਚੋਂ 78 ਦੇ ਕਰੀਬ ਨੌਜਵਾਨਾਂ ਨੂੰ ਰੈਸਕਿਊ ਕਰ ਕੇ ਮੈਡੀਕਲ ਕਾਲਜ ਫਰੀਦਕੋਟ ਵਿਖੇ ਭਰਤੀ ਕਰਵਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਡਾ. ਪ੍ਰਗਿਆ ਜੈਨ ਨੇ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਵੱਲੋਂ ਡਰੱਗ ਹੋਟ ਸਪਾਟ ਇਲਾਕਿਆ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਮਿਲ ਕੇ ਜਿਲ੍ਹੇ ਦੇ ਅਣ-ਅਧਿਕਾਰਿਤ ਤੌਰ ਤੇ ਚੱਲ ਰਹੇ ਨਸ਼ਾ ਛੁਡਾਊ ਕੇਂਦਰਾਂ ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਸੇ ਤਹਿਤ ਇੱਕ ਹੋਰ ਕਾਰਵਾਈ ਕਰਦੇ ਹੋਏ 9 ਮਾਰਚ ਨੂੰ ਇੱਕ ਸੂਚਨਾ ਪ੍ਰਾਪਤ ਹੋਈ ਕਿ ਪਿੰਡ ਮਹਿਮੂਆਣਾ ਵਿਖੇ ਇੱਕ ਅਣ-ਅਧਿਕਾਰਿਤ ਨਸ਼ਾ ਛੁਡਾਊ ਸੈਟਰ ਚਲਾਇਆ ਜਾ ਰਿਹਾ ਹੈ। ਜਿਸ ਤੇ ਤਰਲੋਚਨ ਸਿੰਘ ਡੀ.ਐਸ.ਪੀ (ਸਬ-ਡਵੀਜਨ) ਫਰੀਦਕੋਟ ਦੀ ਅਗਵਾਈ ਵਿੱਚ ਸਿਹਤ ਵਿਭਾਗ ਅਤੇ ਪੁਲਿਸ ਵਿਭਾਗ ਦੀਆਂ ਟੀਮਾਂ ਮੌਕਾ ਉਤੇ ਪੁੱਜੀਆਂ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਵਿਸ਼ਵਦੀਪ ਗੋਇਲ ਡੀ.ਐਮ.ਸੀ ਕਮ ਕਨਵੀਨਰ ਜਿਲ੍ਹਾ ਡੀ-ਅਡਿਕਸ਼ਨ ਤੇ ਰਿਹੈਬਲੀਟੇਸ਼ਨ ਸੁਸਾਇਟੀ, ਫਰੀਦਕੋਟ ਨੇ ਦੱਸਿਆ ਕਿ ਪਿੰਡ ਮਹਿਮੂਆਣਾ ਵਿਖੇ ਇੱਕ ਅਣਅਧਿਕਾਰਿਤ ਸੈਟਰ ਚੱਲਣ ਸਬੰਧੀ ਸੂਚਨਾ ਹਾਸਿਲ ਹੋਈ ਸੀ, ਜਿਸ ਸਬੰਧੀ ਜਿਲ੍ਹਾ ਪ੍ਰਸ਼ਾਸਨ ਅਤੇ ਸਿਵਲ ਸਰਜਨ ਵੱਲੋ ਇੱਕ ਟੀਮ ਗਠਿਤ ਕੀਤੀ ਗਈ ਸੀ, ਜਿਸ ਟੀਮ ਨੇ ਉਥੇ ਜਾ ਕੇ ਚੈਕਿੰਗ ਕੀਤੀ ਤਾ ਇਹ ਪਾਇਆ ਕਿ 78 ਦੇ ਕਰੀਬ ਨੌਜਵਾਨ ਉੱਥੇ ਮੌਜੂਦ ਸਨ, ਜਿਹਨਾ ਨੂੰ ਉੱਥੇ ਲਿਆ ਕੇ ਮੈਡੀਕਲ ਕਾਲਜ, ਫਰੀਦਕੋਟ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ ਅਤੇ ਉਸ ਸੈਟਰ ਨੂੰ ਸੀਲ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਤਰਲੋਚਨ ਸਿੰਘ ਡੀ.ਐਸ.ਪੀ(ਸਬ-ਡਵੀਜਨ) ਫਰੀਦਕੋਟ ਨੇ ਦੱਸਿਆ ਕਿ ਫਰੀਦਕੋਟ ਪੁਲਿਸ ਵੱਲੋਂ ਲਗਾਤਾਰ ਅਣਅਧਿਕਾਰਿਤ ਤੌਰ ਤੇ ਚੱਲ ਰਹੇ ਨਸ਼ਾ ਛੁਡਾਊ ਸੈਟਰਾਂ ਦੀ ਚੈਕਿੰਗ ਲਈ ਸਿਹਤ ਵਿਭਾਗ ਅਤੇ ਸਿਵਲ ਵਿਭਾਗ ਨਾਲ ਮਿਲ ਕੇ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੌਰਾਨ ਉਹਨਾਂ ਅਪੀਲ ਕੀਤੀ ਕਿ ਨਸ਼ੇ ਤੋਂ ਪੀੜਤ ਵਿਅਕਤੀਆਂ ਨੂੰ ਸਿਰਫ ਸਰਕਾਰੀ ਨਸ਼ਾ ਛੁਡਾਊ ਕੇਂਦਰ ਜਾਂ ਮਾਨਤਾ ਪ੍ਰਾਪਤ ਕੇਂਦਰਾਂ ਤੋਂ ਹੀ ਇਲਾਜ ਕਰਵਾਉਣਾ ਚਾਹੀਦਾ ਹੈ।

LEAVE A REPLY

Please enter your comment!
Please enter your name here