ਮੋਗਾ ’ਚ ਸੀਵਰੇਜ ਕਾਰਨ ਬਣੇ ਖੱਡੇ ’ਚ ਡਿੱਗੀ ਕਾਰ/ ਗੱਡੀ ਡਿੱਗਣ ਨਾਲ 2 ਲੱਖ ਕਰੀਬ ਦਾ ਹੋਇਆ ਨੁਕਸਾਨ/ ਕੌਂਸਲਰ ਨੇ ਨਿਗਮ ਦੀ ਲਾਪ੍ਰਵਾਹੀ ’ਤੇ ਚੁੱਕੇ ਸਵਾਲ

0
1

 

ਮੋਗਾ ਦੇ ਵਾਰਡ ਨੰਬਰ 28 ਅਧੀਨ ਪ੍ਰੀਤ ਨਗਰ ਇਲਾਕੇ ਅੰਦਰ ਸੀਵਰੇਜ ਵਿਭਾਗ ਦੀ ਲਾਪ੍ਰਵਾਹੀ ਕਾਰਨ ਹਾਦਸੇ ਵਾਪਰਨ ਦਾ ਸਿਲਸਿਲਾ ਲਗਾਤਾਰ ਹੈ। ਤਾਜ਼ਾ ਮਾਮਲੇ ਵਿਚ ਇਕ ਸਕਾਰਪਿਉ ਗੱਡੀ ਸੀਵਰੇਜ ਵਿਭਾਗ ਵਿਚ ਡਿੱਗ ਪਈ, ਜਿਸ ਕਾਰਨ ਗੱਡੀ ਦਾ ਭਾਰੀ ਨੁਕਸਾਨ ਹੋਇਆ ਹੈ। ਸਥਾਨਕ ਕੌਂਸਲਰ ਨੇ ਇਸ ਸਭ ਲਈ ਨਿਗਮ ਦੀ ਲਪ੍ਰਵਾਹੀ ਨੂੰ ਜ਼ਿੰਮੇਵਾਰ ਦੱਸਿਆ ਹੈ। ਸਥਾਨਕ ਵਾਸੀਆਂ ਦਾ ਇਲਜਾਮ ਹੈ ਕਿ ਇੱਥੇ ਸੀਵਰੇਜ ਲਾਈਨ ਦੀ ਮੁਰੰਮਤ ਲਈ ਟੋਆ ਪੁੱਟਿਆ ਗਿਆ ਸੀ, ਜਿਸ ਨੂੰ ਭਰਿਆ ਨਹੀਂ ਗਿਆ, ਜਿਸ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਹਨ।
ਗੌਰਤਲਬ ਹੈ ਕਿ ਪਿਛਲੇ ਮਹੀਨੇ ਵਾਰਡ ਨੰਬਰ 28 ਦੇ ਪ੍ਰੀਤ ਨਗਰ ਵਿੱਚ ਸੀਵਰੇਜ ਦੀ ਪਾਈਪਲਾਈਨ ਟੁੱਟ ਗਈ ਸੀ, ਜਿਸ ਨਾਲ ਸੜਕ ਧਸ ਗਈ ਅਤੇ ਉੱਥੇ ਗਹਿਰਾ ਗੱਡਾ ਬਣ ਗਿਆ। ਇਸ ਗੱਡੇ ਕਾਰਨ ਸੜਕ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਗੰਦੇ ਪਾਣੀ ਦਾ ਜਮਾ ਹੋ ਗਿਆ ਸੀ। ਇਸ ਬਾਰੇ ਸੰਬੰਧਿਤ ਕੌਂਸਲਰ ਵੱਲੋਂ ਨਿਗਮ ਅਧਿਕਾਰੀਆਂ ਨੂੰ ਵੀ ਜਾਣੂ ਕਰਵਾਇਆ ਗਿਆ ਸੀ, ਪਰ ਸਮੱਸਿਆ ਦਾ ਕੋਈ ਪੱਕਾ ਹੱਲ ਨਹੀਂ ਨਿਕਲਿਆ। ਮਹੱਲਾ ਵਾਸੀਆਂ ਦੇ ਸੰਘਰਸ਼ ਤੋਂ ਬਾਅਦ ਨਿਗਮ ਵੱਲੋਂ ਕੰਮ ਤਾਂ ਸ਼ੁਰੂ ਕਰ ਦਿੱਤਾ ਗਿਆ, ਪਰ ਪਾਈਪਲਾਈਨ ਜੋੜਦੇ ਸਮੇਂ ਕਾਂਟ੍ਰੈਕਟ ਅਧੀਨ ਕੰਮ ਕਰ ਰਹੇ ਇੱਕ ਕਰਮਚਾਰੀ ‘ਤੇ ਮਿੱਟੀ ਦੀ ਡਿੱਗ ਡਿੱਗੀ ਸੀ, ਜਿਸ ਨਾਲ ਉਸਦੀ ਪੱਟ ਟੁੱਟ ਗਿਆ ਅਤੇ ਪੱਸਲੀਆਂ ਨੂੰ ਵੀ ਚੋਟ ਆਈ। ਇਸ ਕਾਰਨ ਕੁਝ ਦਿਨ ਕੰਮ ਰੁਕਿਆ ਰਿਹਾ, ਬਾਅਦ ਵਿੱਚ ਫਿਰ ਕੰਮ ਸ਼ੁਰੂ ਕੀਤਾ ਗਿਆ।
ਲੰਬੇ ਯਤਨਾਂ ਤੋਂ ਬਾਅਦ ਟੁੱਟੀ ਹੋਈ ਸੀਵਰੇਜ ਪਾਈਪਲਾਈਨ ਨੂੰ ਠੀਕ ਕਰ ਦਿੱਤਾ ਗਿਆ, ਪਰ ਨਿਗਮ ਕਰਮਚਾਰੀਆਂ ਵੱਲੋਂ ਬਣੇ ਗੱਡੇ ਨੂੰ ਢੰਗ ਨਾਲ ਨਹੀਂ ਭਰਿਆ ਗਿਆ। ਇਸ ਦਾ ਨਤੀਜਾ ਮੰਗਲਵਾਰ ਸਵੇਰੇ ਉਸ ਵੇਲੇ ਸਾਹਮਣੇ ਆਇਆ ਜਦੋਂ ਇਲਾਕੇ ਵਿੱਚ ਆਈ ਇੱਕ ਸਕਾਰਪਿਓ ਗੱਡੀ ਸੜਕ ਦੇ ਇਸ ਗੱਡੇ ਵਿੱਚ ਡਿੱਗ ਗਈ। ਭਾਵੇਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਗੱਡੀ ਨੂੰ ਕਾਫ਼ੀ ਨੁਕਸਾਨ ਪਹੁੰਚਿਆ।
ਇਸ ਮਾਮਲੇ ਸਬੰਧੀ ਵਾਰਡ ਦੇ ਕੌਂਸਲਰ ਜਗਜੀਤ ਸਿੰਘ ਜੀਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਲਾਕੇ ਵਿੱਚ ਸੀਵਰੇਜ ਲਾਈਨ ਟੁੱਟਣ ਕਾਰਨ ਕਾਫ਼ੀ ਸਮੇਂ ਤੋਂ ਇੱਕ ਵੱਡਾ ਖੱਡਾ ਬਣਿਆ ਹੋਇਆ ਹੈ, ਜਿਸ ਦਾ ਹੱਲ ਅਜੇ ਤੱਕ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਇਹ ਸਮੱਸਿਆ ਪਿਛਲੇ ਜਨਵਰੀ ਮਹੀਨੇ ਦੇ ਅਖੀਰ ਤੋਂ ਚੱਲ ਰਹੀ ਹੈ। ਹਾਲਾਂਕਿ ਸੀਵਰੇਜ ਦੀ ਲੀਕੇਜ ਤਾਂ ਠੀਕ ਕਰ ਦਿੱਤੀ ਗਈ ਸੀ ਪਰ ਉਸ ਤੋਂ ਬਾਅਦ ਬਣਿਆ ਖੱਡਾ ਅਜੇ ਵੀ ਨਹੀਂ ਭਰਿਆ ਗਿਆ। ਉਹਨਾਂ ਦੱਸਿਆ ਕਿ ਧਰਮਕੋਟ ਇਲਾਕੇ ਤੋਂ ਆ ਰਹੀ ਇੱਕ ਸਕਾਰਪਿਓ ਗੱਡੀ ਨੂੰ ਇਹ ਖੱਡਾ ਦਿਖਾਈ ਨਹੀਂ ਦਿੱਤਾ ਅਤੇ ਗੱਡੀ ਉਸ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਗੱਡੀ ਨੂੰ ਕਾਫ਼ੀ ਨੁਕਸਾਨ ਪਹੁੰਚਿਆ। ਗੱਡੀ ਦੇ ਪਿੱਛਲੇ ਟਾਇਰ ਬਲੌਕ ਹੋ ਗਏ, ਬੰਪਰ ਟੁੱਟ ਗਿਆ ਅਤੇ ਸਾਈਡਾਂ ਨੂੰ ਵੀ ਨੁਕਸਾਨ ਹੋਇਆ।
ਕੌਂਸਲਰ ਜਗਜੀਤ ਸਿੰਘ ਜੀਤਾ ਨੇ ਕਿਹਾ ਕਿ ਇਸ ਮਾਮਲੇ ਬਾਰੇ ਉਹਨਾਂ ਵੱਲੋਂ ਨਗਰ ਨਿਗਮ ਦੇ ਕਮਿਸ਼ਨਰ ਸਮੇਤ ਸੰਬੰਧਿਤ ਅਧਿਕਾਰੀਆਂ ਨੂੰ ਕਈ ਵਾਰ ਬੇਨਤੀ ਕੀਤੀ ਗਈ ਹੈ ਕਿ ਖੱਡੇ ਨੂੰ ਜਲਦੀ ਭਰਿਆ ਜਾਵੇ। ਉਹਨਾਂ ਨੇ ਦੱਸਿਆ ਕਿ ਕਮਿਸ਼ਨਰ ਵੱਲੋਂ ਵੀ ਅਧਿਕਾਰੀਆਂ ਨੂੰ ਡਿਊਟੀ ਲਗਾਉਣ ਦੇ ਹੁਕਮ ਦਿੱਤੇ ਗਏ ਸਨ, ਪਰ ਇਸ ਦੇ ਬਾਵਜੂਦ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਉਹਨਾਂ ਦੋਸ਼ ਲਗਾਇਆ ਕਿ ਨਗਰ ਨਿਗਮ ਵੱਲੋਂ ਇਸ ਮਾਮਲੇ ਵਿੱਚ ਘੋਰ ਲਾਪਰਵਾਹੀ ਵਰਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸ਼ਾਇਦ ਉਹ ਵਿਰੋਧੀ ਧਿਰ ਨਾਲ ਸੰਬੰਧਿਤ ਕੌਂਸਲਰ ਹਨ, ਇਸ ਕਰਕੇ ਉਹਨਾਂ ਦੇ ਵਾਰਡ ਦੇ ਵਿਕਾਸ ਕਾਰਜਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਉਹਨਾਂ ਮੰਗ ਕੀਤੀ ਕਿ ਇਸ ਖੱਡੇ ਨੂੰ ਤੁਰੰਤ ਭਰਿਆ ਜਾਵੇ ਅਤੇ ਵਾਰਡ ਦੀਆਂ ਹੋਰ ਸਮੱਸਿਆਵਾਂ ਜਿਵੇਂ ਪੀਣ ਵਾਲੇ ਪਾਣੀ ਅਤੇ ਵਿਕਾਸ ਕਾਰਜਾਂ ਨੂੰ ਵੀ ਜਲਦੀ ਹੱਲ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਬਚਿਆ ਜਾ ਸਕੇ।
ਮਹੱਲਾ ਨਿਵਾਸੀ ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਘਰ ਭਾਰਤ ਦੇ ਹਿਊਮਨ ਰਾਈਟਸ ਕਮਿਸ਼ਨ ਦੇ ਚੇਅਰਮੈਨ, ਜੋ ਕਿ ਸੁਪਰੀਮ ਕੋਰਟ ਦੇ ਸੀਟਿੰਗ ਜੱਜ ਵੀ ਹਨ, ਉਨ੍ਹਾਂ ਨੂੰ ਮਿਲਣ ਲਈ ਉਹਨਾਂ ਦੇ ਘਰ ਆ ਰਹੇ ਸਨ। ਅਤੇ ਉਨ੍ਹਾਂ ਦੇ ਪਿੱਛੇ ਆ ਰਹੀ ਇੱਕ ਗੱਡੀ  ਜੀਟੀ ਰੋਡ ਤੋਂ ਗਲੀ ਵੱਲ ਮੁੜੇ ਤਾਂ ਗਲੀ ਵਿੱਚ ਬਣੇ ਗਹਿਰੇ ਟੋਏ ਵਿੱਚ ਉਨ੍ਹਾਂ ਦੀ ਗੱਡੀ ਡਿੱਗ ਗਈ, ਜਿਸ ਨਾਲ ਗੱਡੀ ਨੂੰ ਕਾਫੀ ਨੁਕਸਾਨ ਪਹੁੰਚਿਆ।
ਉਨ੍ਹਾਂ ਦੱਸਿਆ ਕਿ ਮੌਕੇ ‘ਤੇ ਨਾ ਤਾਂ ਕਿਸੇ ਤਰ੍ਹਾਂ ਦੀ ਚੇਤਾਵਨੀ ਲਈ ਬੋਰਡ ਲਗਾਇਆ ਗਿਆ ਸੀ ਅਤੇ ਨਾ ਹੀ ਕੋਈ ਰਿਫਲੈਕਟਰ ਲਗਾਇਆ ਗਿਆ ਸੀ, ਜਿਸ ਕਾਰਨ ਰਾਤ ਸਮੇਂ ਇਹ ਟੋਆ ਦਿਸਣਾ ਬਹੁਤ ਮੁਸ਼ਕਲ ਹੈ। ਜਸਵਿੰਦਰ ਸਿੰਘ ਨੇ ਕਿਹਾ ਕਿ ਇਸ ਹਾਦਸੇ ਨਾਲ ਗੱਡੀ ਦਾ ਤਕਰੀਬਨ ਦੋ ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਉਨ੍ਹਾਂ ਹੋਰ ਦੱਸਿਆ ਕਿ ਇਸ ਗਲੀ ਵਿੱਚ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਇਹ ਸਮੱਸਿਆ ਬਣੀ ਹੋਈ ਹੈ, ਪਰ ਸੰਬੰਧਿਤ ਵਿਭਾਗ ਵੱਲੋਂ ਅਜੇ ਤੱਕ ਇਸਨੂੰ ਠੀਕ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ। ਮਹੱਲਾ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਬਚਿਆ ਜਾ ਸਕੇ।

LEAVE A REPLY

Please enter your comment!
Please enter your name here