ਗੁਰਦਾਸਪੁਰ ’ਚ ਸ਼ਹੀਦ ਹੋਏ ਅਸ਼ੋਕ ਕੁਮਾਰ ਦਾ ਅੰਤਮ ਸਸਕਾਰ/ ਏਡੀਜੀਪੀ ਸਮੇਤ ਸੀਨੀਅਰ ਅਧਿਕਾਰੀ ਵੀ ਰਹੇ ਮੌਜੂਦ/ ਮੁੱਖ ਮੰਤਰੀ ਮਾਨ ਪਰਵਾਰ ਨਾਲ ਕਰਨਗੇ ਮੁਲਾਕਾਤ

0
1

ਗੁਰਦਾਸਪੁਰ ਦੀ ਆਦੀਆਂ ਚੈੱਕ ਪੋਸਟ ਤੇ ਸ਼ਹੀਦ ਹੋਏ ਪੰਜਾਬ ਹੋਮਗਾਰਡ ਦੇ ਜਵਾਨ ਅਸ਼ੋਕ ਕੁਮਾਰ ਦਾ ਉਨ੍ਹਾਂ ਦੇ ਜੱਦੀ ਪਿੰਡ ਅਖਲਾਸਪੁਰ ਵਿਖੇ ਅੰਤਮ ਸੰਸਕਾਰ ਕਰ ਦਿੱਤਾ ਗਿਆ ਹੈ। ਇਸ ਮੌਕੇ ਏਡੀਜੀਪੀ ਐਮਐਫ ਫਾਰੂਕੀ, ਐਸਐਸਪੀ ਅਦਿੱਤਿਆ ਤੋਂ ਇਲਾਵਾ ਸੀਨੀਅਰ ਪੁਲਿਸ ਅਧਿਕਾਰੀ ਮੌਜੂਦ ਰਹੇ। ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਅਧਿਕਾਰੀਆਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਹਮੇਸ਼ਾ ਪਰਿਵਾਰ ਨਾਲ ਖੜ੍ਹਾ ਹੈ ਅਤੇ ਹਰ ਸੰਭਵ ਮਦਦ ਕੀਤੀ ਜਾਵੇਗੀ। ਇਸ ਤੋਂ ਇਲਾਵਾ ਹਲਕਾ ਇੰਚਾਰਜ ਜਗਰੂਪ ਸਿੰਘ ਸੇਖਵਾਂ ਨੇ ਵੀ ਸ਼ਹੀਦ ਨੂੰ ਸ਼ਰਧਾਜਲੀਆਂ ਦਿੰਦਿਆਂ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਵੀ ਛੇਤੀ ਹੀ ਪਰਿਵਾਰ ਨੂੰ ਮਿਲ ਕੇ ਦੁੱਖ ਸਾਂਝਾ ਕਰਨਗੇ।
ਆਪਣੇ ਸੰਬੋਧਨ ਵਿਚ ਆਮ ਆਦਮੀ ਪਾਰਟੀ ਦੇ ਹਲਕਾ ਕਾਦੀਆਂ ਤੋਂ ਇੰਚਾਰਜ ਤੇ ਸੂਬਾ ਜਨਰਲ ਸਕੱਤਰ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਘਟਨਾ ਤੇ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਇਹ ਬੇਹਦ ਦੁਖਦਾਈ ਘਟਨਾ ਹੈ, ਜਿਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਥੋੜ੍ਹੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਪਰਿਵਾਰ ਨੂੰ ਮਿਲਣ ਆਉਣਗੇ, ਪਰਿਵਾਰ ਨਾਲ ਦੁੱਖ ਵੰਡਾਉਣ ਤੋਂ ਇਲਾਵਾ ਬਣਦਾ ਮਾਨ ਸਨਮਾਨ ਦੇਣ ਦੇ ਨਾਲ ਨਾਲ ਹੋਰ ਐਲਾਨ ਵੀ ਕਰਨਗੇ।
ਇਸ ਮੌਕੇ ਤੇ ਸ਼ਹੀਦ ਪਰਿਵਾਰ ਸੁਰੱਖਿਆ ਪਰਿਸ਼ਦ ਦੇ ਕੁੰਵਰ ਰਵਿੰਦਰ ਵਿੱਕੀ ਨੇ ਕਿਹਾ ਕਿ ਉਹਨਾਂ ਨੂੰ ਅਸ਼ੋਕ ਕੁਮਾਰ ਦੀ ਸ਼ਹਾਦਤ ’ਤੇ ਮਾਨ ਹੈ। ਜਿਸ ਬਹਾਦਰੀ ਦੇ ਨਾਲ ਅਸ਼ੋਕ ਕੁਮਾਰ ਬਾਰਡਰ ਦੇ ਨਜ਼ਦੀਕ ਡਿਊਟੀ ਦੇ ਰਹੇ ਸਨ, ਉਹਨਾਂ ਦਾ ਚਲੇ ਜਾਣਾ ਪਰਿਵਾਰ ਦੇ ਇਲਾਵਾ ਸਮਾਜ ਦੇ ਲਈ ਵੀ ਬੇਹਦ ਨੁਕਸਾਨਦਾਈ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਸ਼ਹੀਦ ਦੇ ਪਰਿਵਾਰ ਨੂੰ ਬਣਦਾ ਮਾਨ ਸਤਿਕਾਰ ਦੇਣ ਦੀ ਮੰਗ ਕੀਤੀ।

LEAVE A REPLY

Please enter your comment!
Please enter your name here