ਗੁਰਦਾਸਪੁਰ ਦੇ ਧਾਰੀਵਾਲ ’ਚ ਵੀ ਜੰਗ ਦਾ ਅਸਰ/ ਪੈਟਰੋਲ ਪੰਪਾਂ ’ਤੇ ਲੱਗੀਆਂ ਲੋਕਾਂ ਦੀਆਂ ਲਾਈਨਾਂ/ ਗੱਡੀਆਂ ਦੀਆਂ ਟੈਂਕੀਆਂ ਭਰਵਾ ਰਹੇ ਲੋਕ

0
2

 

ਅਮਰੀਕਾ ਤੇ ਇਰਾਨ ਵਿਚਾਲੇ ਸ਼ੁਰੂ ਹੋਈ ਲੜਾਈ ਤੋਂ ਬਾਦ ਤੇਲ ਦੀਆਂ ਕੀਮਤਾਂ ਵਧਣ ਦੇ ਸ਼ੰਕਿਆਂ ਦਰਮਿਆਨ ਲੋਕਾਂ ਨੇ ਤੇਲ ਦੀ ਜਮ੍ਹਾਖੋਰੀ ਸ਼ੁਰੂ ਕਰ ਦਿੱਤੀ ਹੈ। ਇਸ ਦੀ ਮਿਸਾਲ ਗੁਰਦਾਸਪੁਰ ਅਧੀਨ ਆਉਂਦੇ ਧਾਰੀਵਾਲ ਵਿਖੇ ਵੇਖਣ ਨੂੰ ਮਿਲੀ ਹੈ, ਜਿੱਥੇ ਪਟਰੋਲ ਪੰਪਾਂ ਉਤੇ ਲੋਕਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ ਹਨ। ਇਹ ਲੋਕ ਵਾਹਨਾਂ ਦੀਆਂ ਟੈਕੀਆਂ ਭਰਵਾਉਣ ਦੇ ਨਾਲ ਨਾਲ ਕੈਨੀਆਂ ਤੇ ਡਰੰਮਾਂ ਵਿਚ ਤੇਲ ਪੁਆ ਕੇ ਘਰਾਂ ਨੂੰ ਲਿਜਾ ਰਹੇ ਹਨ। ਭਾਵੇਂ ਸਰਕਾਰ ਵੱਲੋਂ ਦੇਸ਼ ਕੋਲ 25 ਤੋਂ 30 ਦਿਨਾਂ ਦਾ ਤੇਲ ਸਟਾਕ ਹੋਣ ਦੇ ਦਾਅਵੇ ਕੀਤੇ ਜਾ ਰਹੇ ਨੇ ਪਰ ਲੜਾਈ ਲਮਕਣ ਦੀ ਸੂਰਤ ਵਿਚ ਇਸ ਦਾ ਅਸਰ ਤੇਲ ਦੀ ਆਮਦ ਤੇ ਕੀਮਤਾਂ ਉਤੇ ਪੈ ਸਕਦਾ ਹੈ, ਜਿਸ ਕਾਰਨ ਲੋਕ ਤੇਲ ਦਾ ਸਟਾਕ ਜਮ੍ਹਾਂ ਕਰਨ ਲੱਗੇ ਹਨ। ਇਸੇ ਦੌਰਾਨ ਪੰਪ ਮਾਲਕਾਂ ਨੇ ਲੋੜੀਂਦਾ ਸਟਾਕ ਹੋਣ ਦਾ ਹਵਾਲਾ ਦਿੰਦਿਆਂ ਲੋਕਾਂ ਨੂੰ ਦਹਿਸ਼ਤ ਵਿਚ ਨਾ ਆਉਣ ਦੀ ਅਪੀਲ ਕੀਤੀ ਹੈ।
ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਧਾਰੀਵਾਲ ਦੀਆਂ ਨੇ। ਇਜ਼ਰਾਇਲ ਤੇ ਅਮਰੀਕਾ ਵੱਲੋਂ ਸਾਂਝੇ ਤੌਰ ਤੇ ਇਰਾਕ ਦੇ ਖਿਲਾਫ ਜੰਗ ਛੇੜ ਦਿੱਤੀ ਗਈ ਹੈ ਜਿਸ ਦਾ ਅਸਰ  ਗੁਰਦਾਸਪੁਰ ਜਿਲ੍ਹੇ ਦੇ ਪੈਟਰੋਲ ਪੰਪਾਂ ਤੇ ਦੇਖਣ ਨੂੰ ਮਿਲਿਆ। ਬੀਤੇ ਕੱਲ ਦੀਆਂ ਸੋਸ਼ਲ ਮੀਡੀਆ ਤੇ ਇਹ ਖਬਰਾਂ ਤੇਜ਼ੀ ਦੇ ਨਾਲ ਆ ਰਹੀਆਂ ਸੀ ਕਿ ਇਰਾਨ ਵੱਲੋਂ ਸਮੁੰਦਰੀ ਰਸਤੇ ਜੋ ਕੱਚਾ ਤੇਲ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਆਉਂਦਾ ਹੈ ਉਹਨਾਂ ਜਹਾਜਾਂ ਦੇ ਉੱਪਰ ਹਮਲਾ ਕੀਤਾ ਜਾ ਰਿਹਾ ਹੈ। ਜਿਸ ਦੇ ਨਾਲ ਲੋਕਾਂ ਦੇ ਵਿੱਚ ਇਹ ਗੱਲ ਫੈਲ ਗਈ ਹੈ ਕਿ ਸ਼ਾਇਦ ਅਗਲੇ ਦਿਨਾਂ ਦੇ ਵਿੱਚ ਪੈਟਰੋਲ ਡੀਜ਼ਲ ਮਿਲਣਾ ਬੰਦ ਨਾ ਹੋ ਜਾਏ ਜਾਂ ਕਿਤੇ ਉਹਨਾਂ ਦੇ ਰੇਟ ਨਾ ਵੱਧ ਜਾਣ। ਇਸ ਨੂੰ ਲੈ ਕੇ ਅੱਜ ਧਾਰੀਵਾਲ ਦੇ ਪੈਟਰੋਲ ਪੰਪਾਂ ਤੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ।
ਗੱਲ ਜੇਕਰ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਸਥਿਤ ਰਿਲਾਇੰਸ ਜੀਓ ਪੰਪ ਦੀ ਕਰੀਏ ਤਾਂ ਇੱਥੇ ਲੋਕਾਂ ਦਾ ਵੱਡਾ ਹਜੂਮ ਕਤਾਰਾਂ ਦੇ ਵਿੱਚ ਦਿਖਾਈ ਦਿੱਤਾ। ਇਥੋਂ ਤੱਕ ਕਿ ਲੋਕ ਜਿੱਥੇ ਆਪਣੇ ਵਾਹਨਾਂ ਦੇ ਵਿੱਚ ਪੈਟਰੋਲ ਡੀਜ਼ਲ ਲੈਂਦੇ ਨਜ਼ਰ ਆਏ ਉੱਥੇ ਹੀ ਕਈ ਲੋਕ ਡਰੰਮ, ਕੈਨੀਆਂ ਤੇ ਬੋਤਲਾਂ ਤੱਕ ਲੈ ਕੇ ਆਏ ਹੋਏ ਸੀ। ਤੀਜਾ ਇਹ ਹੋਇਆ ਕਿ ਸ਼ਾਹ ਪੈਟਰੋਲ ਪੰਪ ਤੇ ਤੇਲ ਹੀ ਖਤਮ ਹੋ ਗਿਆ। ਗੱਲਬਾਤ ਦੌਰਾਨ ਲੋਕਾਂ ਨੇ ਕਿਹਾ ਕਿ ਖਬਰਾਂ ਸੁਣ ਕੇ ਲੱਗ ਰਿਹਾ ਹੈ ਕਿ ਅਗਲੇ ਦਿਨਾਂ ਦੇ ਵਿੱਚ ਪੈਟਰੋਲ ਡੀਜ਼ਲ ਦੀ ਕਿੱਲਤ ਆ ਸਕਦੀ ਹੈ। ਜਦੋਂ ਰਿਲਾਇੰਸ ਜੀਓ ਪੰਪ ਧਾਰੀਵਾਲ ਦੇ ਮੈਨੇਜਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨੇ ਕਿਹਾ ਕਿ ਉਹਨਾਂ ਕੋਲ ਸਟੋਕ ਦੀ ਕੋਈ ਕਮੀ ਨਹੀਂ ਹੈ ਲੋਕ ਪੈਨਿਕ ਨਾ ਹੋਣ ਅਤੇ ਉਹਨਾਂ ਦੇ ਕੋਲ ਕਈ ਦਿਨਾਂ ਦਾ ਸਟੋਕ ਹੈ ਔਰ ਲਗਾਤਾਰ ਉਹਨਾਂ ਦੇ ਪੈਟਰੋਲ ਪੰਪ ਤੇ ਪੈਟਰੋਲ ਡੀਜਲ ਦੀ ਸਪਲਾਈ ਜਾਰੀ ਰਹੇਗੀ।

LEAVE A REPLY

Please enter your comment!
Please enter your name here