ਅੰਮ੍ਰਿਤਸਰ ਵਿਖੇ ਹੋਲੇ ਮੁਹੱਲੇ ਦੀਆਂ ਰੌਣਕਾਂ/ ਹੋਲੇ ਮੁਹੱਲੇ ਮੌਕੇ ਸਜਾਇਆ ਨਗਰ ਕੀਰਤਨ

0
1

ਖਾਲਸੇ ਦੀ ਚੜਦੀ ਕਲਾ ਦੇ ਪ੍ਰਤੀਕ ਹੋਲੇ ਮੋਹੱਲੇ ਦੇ ਪਾਵਨ ਦਿਹਾੜੇ ਮੌਕੇ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਖ਼ਾਸ ਰੌਣਕਾਂ ਵੇਖਣ ਨੂੰ ਮਿਲੀਆਂ। ਅੱਜ ਬਾਅਦ ਦੁਪਹਿਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੁਰਮਈ ਨਿਸ਼ਾਨ ਸਾਹਿਬ ਨਾਲ ਪੰਜ ਪਿਆਰਿਆਂ ਦੀ ਅਗਵਾਈ ਹੇਠ ਰਵਾਇਤੀ ਨਗਰ ਕੀਰਤਨ ਸਜਾਇਆ ਗਿਆ। ਇਹ ਸੁਰਮਈ  ਨਿਸ਼ਾਨ ਗੁਰੂ ਗੋਬਿੰਦ ਸਿੰਘ ਵਲੋਂ ਆਪਣੇ ਪਰਮ ਸੇਵਕ ਭਾਈ ਰਾਮ ਸਿੰਘ ਨੂੰ ਭੇਂਟ ਕੀਤੇ ਸਨ ਅਤੇ ਉਨ੍ਹਾਂ ਦੇ ਵੰਸ਼ਜਾਂ ਵਲੋਂ ਪੀੜੀ ਦਰ ਪੀੜ੍ਹੀ ਇਨ੍ਹਾਂ ਸੁਰਮਈ ਨਿਸ਼ਾਨ ਸਾਹਿਬਾਨ ਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਤੋਂ ਹਰ ਸਾਲ ਹੋਲੇ ਮੋਹੱਲੇ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਰਵਾਇਤੀ ਨਗਰ ਕੀਰਤਨ ਸਜਾਇਆ ਜਾਂਦਾ ਹੈ। ਇਸੇ ਤਹਿਤ ਅੱਜ ਇਹ ਨਗਰ ਕੀਰਤਨ ਸਜਾਇਆ ਗਿਆ।
ਅਜੋਕੇ ਸਮੇਂ ਭਾਈ ਰਾਮ ਸਿੰਘ ਦੇ 11ਵੇਂ ਵੰਸ਼ਜ ਜਸਬੀਰ  ਸਿੰਘ ਤੇ ਊਨ੍ਹਾਂ ਦੇ ਪਰਿਵਾਰ ਵਲੋਂ ਇਨ੍ਹਾਂ ਇਤਿਹਾਸਿਕ ਸੁਰਮਈ ਨਿਸ਼ਾਨ ਸਾਹਿਬਾਨ ਦੀ ਸਾਂਭ ਸੰਭਾਲ ਦੀ ਸੇਵਾ ਨਿਭਾਈ ਜਾ ਰਹੀ ਹੈ।  ਇਸ ਨਗਰ ਕੀਰਤਨ ਵਿਚ ਸ਼ਬਦੀ ਧੁਨਾਂ ਵਜਾਉਂਦੀਆਂ ਬੈਂਡ ਪਾਰਟੀਆਂ , ਸਿੱਖ ਮਾਰਸ਼ਲ ਆਰਟ ਦੇ ਹੈਰਤਅੰਗੇਜ਼ ਕਰਤੱਬ ਦਿਖਾਉਂਦੀਆਂ ਗਤਕਾ ਪਾਰਟੀਆਂ, ਸ਼੍ਰੋਮਣੀ ਕਮੇਟੀ ਤੇ ਦਰਬਾਰ ਸਾਹਿਬ ਦਾ ਸਟਾਫ ਅਤੇ ਗੁਰੂ ਜਸ ਗਾਇਨ ਕਰਦੀਆਂ ਸੰਗਤਾਂ ਵੱਡੀ ਗਿਣਤੀ ਵਿਚ ਸ਼ਾਮਿਲ ਹੋਈਆਂ।
ਇਹ ਨਗਰ ਕੀਰਤਨ ਸ਼ਹਿਰ ਦੇ ਵੱਖ ਵੱਖ ਬਜਾਰਾਂ ਵਿਚੋਂ ਹੁੰਦਾ ਹੋਇਆ ਬੁਰਜ ਗੁਰੁਦੁਆਰਾ ਅਕਾਲੀ ਫੂਲਾ ਸਿੰਘ ਵਿਖੇ ਪੁੱਜਾ ਅਤੇ ਵਾਪਿਸ ਬਜਾਰਾਂ ਚੋਂ ਹੁੰਦਾ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੁੱਜ ਕੇ ਸੰਪਨ ਹੋਇਆ। ਇਸ ਮੌਕੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ  ਵੱਡੀ ਗਿਣਤੀ ਚ ਨਗਰ ਕੀਰਤਨ ਚ ਸ਼ਮੂਲੀਅਤ ਕਰਨ ਪਹੁੰਚੀਆਂ।  ਨਗਰ ਕੀਰਤਨ ਦੇ ਰਸਤੇ ਵਿਚ ਥਾਂ ਥਾਂ ਤੇ ਸੰਗਤਾਂ ਵਲੋਂ ਸਜਾਵਟੀ ਗੇਟ ਲਗਾ ਕੇ ਤੇ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਤਰਾਂ ਤਰਾਂ ਦੇ ਲੰਗਰ ਅਤੁੱਟ ਵਰਤਾਏ ਗਏ।

LEAVE A REPLY

Please enter your comment!
Please enter your name here