ਪੰਜਾਬ ਹੋਲਾ ਮੁਹੱਲਾ ਨੂੰ ਲੈ ਕੇ ਦਾ ਹਰਜੋਤ ਬੈਂਸ ਦੀ ਪ੍ਰੈੱਸ ਕਾਨਫਰੰਸ/ ਸਰਕਾਰ ਦੇ ਪ੍ਰਬੰਧਾਂ ਬਾਰੇ ਸਾਂਝਾ ਕੀਤੀ ਜਾਣਕਾਰੀ By admin - March 2, 2026 0 2 Facebook Twitter Pinterest WhatsApp ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਪ੍ਰੈੱਸ ਕਾਨਫਰੰਸ ਕਰ ਕੇ ਸਰਕਾਰ ਵੱਲੋਂ ਹੋਲਾ ਮੁਹੱਲਾ ਮੌਕੇ ਕੀਤੇ ਪ੍ਰਬੰਧਾਂ ਦਾ ਬਿਊਰਾ ਸਾਂਝਾ ਕੀਤਾ ਹੈ। ਸੰਗਤ ਨੂੰ ਹੋਲੇ ਮੁਹੱਲੇ ਦੀ ਵਧਾਈ ਦਿੰਦਿਆਂ ਹਰਜੋਤ ਬੈਂਸ ਨੇ ਕਿਹਾ ਕਿ ਸਰਕਾਰ ਵੱਲੋਂ ਧਾਰਮਿਕ ਤੇ ਇਤਿਹਾਸਕ ਦਿਹਾੜੇ ਮਨਾਉਣ ਲਈ ਵੱਡੀਆਂ ਸਰਗਰਮੀਆਂ ਕੀਤੀਆਂ ਜਾ ਰਹੀਆਂ ਨੇ, ਜਿਸ ਦਾ ਸਬੂਤ ਬੀਤੇ ਸਮੇਂ ਹੋਏ ਵੱਡੇ ਧਾਰਮਿਕ ਸਮਾਗਮਾਂ ਦੌਰਾਨ ਵੇਖਣ ਨੂੰ ਮਿਲੇ ਸਨ। ਉਨ੍ਹਾਂ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਰਕਾਰ ਵੱਲੋਂ ਪ੍ਰਦੂਸ਼ਣ ਰੋਕਣ ਲਈ ਜੈਵਿਕ ਕਰੋਕਰੀ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੁੰਦਰ ਰੰਗ ਬਿਰੰਗੀ ਲਾਈਟਾਂ ਤੋਂ ਇਲਾਵਾ ਸੰਗਤ ਦੀ ਸਹੂਲਤ ਲਈ ਟੈਂਟ ਸਿਟੀ ਵੀ ਉਸਾਰੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਸੱਦਾ ਦਿੰਦਾ ਹਾਂ ਕਿ ਗੁਰੂ ਸਾਹਿਬ ਦਾ ਫ਼ੁਰਮਾਨ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸੰਦੇਸ਼ ਹੈ ਕਿ ਜਿਸ ਨੇ ਮੇਰੇ ਦਰਸ਼ਨ ਕਰਨੇ ਹਨ, ਮੈਂ ਹਰ ਸਾਲ ਤੁਹਾਨੂੰ ਹੋਲੇ-ਮਹੱਲੇ ‘ਤੇ ਸ੍ਰੀ ਅਨੰਦਪੁਰ ਸਾਹਿਬ ਮਿਲੂੰਗਾ। ਉਨ੍ਹਾਂ ਕਿਹਾ ਮੈਂ ਸੱਦਾ ਦਿੰਦਾ ਹਾਂ ਕਿ ਤੁਸੀਂ ਆਪਣੇ ਪਰਿਵਾਰ ਸਮੇਤ ਇਸ ਖਾਲਸਾਈ ਜਾਹੋ ਜਲਾਲ ‘ਚ ਸ਼ਾਮਲ ਹੋਵੋ। ਉਨ੍ਹਾਂ ਨੇ ਇਸ ਦੇ ਨਾਲ ਹੋਲੇ ਮਹੱਲੇ ਲਈ ਕੀਤੇ ਗਏ ਵਿਸ਼ੇਸ਼ ਪ੍ਰਬੰਧਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੂਰੇ ਅਨੰਦਪੁਰ ਸਾਹਿਬ ਨੂੰ ਲਾਈਟਾਂ ਤੇ ਸਜਾਵਟ ਦੇ ਸਮਾਨ ਨਾਲ ਸਜਾਇਆ ਗਿਆ ਹੈ, ਜਿਸ ਨਾਲ ਰਾਤ ਵੇਲੇ ਬਹੁਤ ਅਲੌਕਿਕ ਨਜ਼ਾਰਾ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਗ੍ਰੀਨ ਹੋਲਾ ਮਹੱਲਾ ਹੋਵੇਗਾ, ਜਿਸ ਲਈ ਕਿਸੇ ਵੀ ਥਾਂ ਲੰਗਰ ਲੱਗੇ ਚਾਹੇ ਪਿੰਡਾਂ ‘ਚ ਹੋਵੇ ਜਾਂ ਗੁਰਦੁਆਰਿਆਂ ‘ਚ ਇਸ ‘ਚ ਜੈਵਿਕ ਕਰੋਕਰੀ ਵੰਡੀ ਜਾਵੇਗੀ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਇਸ ਕਰੋਕਰੀ ਦਾ ਸਾਰਾ ਖ਼ਰਚਾ ਚੁੱਕਿਆ ਜਾ ਰਿਹਾ ਹੈ। ਚਾਹੇ ਚਾਹ ਦਾ ਕੱਪ ਹੋਵੇ ਜਾਂ ਫਿਰ ਪਲੇਟ ਸਭ ਕੁੱਝ ਜੈਵਿਕ ਯਾਨੀ ਕਿ ਬਾਇਓਡਿਗ੍ਰੇਡੇਬਲ ਵਸਤੂ ਦਾ ਹੋਵੇਗਾ। ਇਸ ਦੇ ਨਾਲ ਹੀ ਕ੍ਰਾਫਟ ਮੇਲਾ ਵੀ ਹੋਵੇਗਾ ਜੋ ਕਿ 4 ਤਰੀਕ ਤੱਕ ਚਲੇਗਾ। ਪੰਜ ਪਿਆਰਾ ਪਾਰਕ ਜੋ ਕਿ ਪਹਿਲਾਂ ਬਹੁਤ ਮਾੜੇ ਹਾਲਤ ‘ਚ ਸੀ, ਜਿੱਥੇ ਗਲਤ ਅਨਸਰ ਬੈਠਦੇ ਸਨ ਪਰ ਹੁਣ ਸਰਕਾਰ ਦੇ ਯਤਨਾਂ ਸਦਕਾ ਇਸ ਦੀ ਨੁਹਾਰ ਬਦਲ ਦਿੱਤੀ ਗਈ ਹੈ। ਹੁਣ ਲੋਕ ਇੱਥੇ ਆਪਣੇ ਪਰਿਵਾਰਾਂ ਸਮੇਤ ਘੁੰਮਣ-ਫਿਰਨ ਲਈ ਆਉਂਦੇ ਹਨ ਤੇ ਇੱਥੇ ਦੀ ਸੁੰਦਰਤਾ ਦਾ ਆਨੰਦ ਮਾਣਦੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਸਥਿਤ ਭਾਈ ਜੈਤਾ ਜੀ ਮਿਊਜ਼ਿਯਮ, ਨੇਚਰ ਪਾਰਕ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਮਿਊਜ਼ਿਯਮ ਖਿੱਚ ਦਾ ਕੇਂਦਰ ਹੋਣਗੇ। ਸੰਗਤ ਦੀ ਸਹੂਲਤ ਲਈ 28 ਪਾਰਕਿੰਗ ਦੇ 2 ਟ੍ਰਾਲੀ ਸਿਟੀ ਤੇ ਟ੍ਰਾਲੀ ਸਟ੍ਰੀਟ ਬਣਾਏ ਗਏ ਹਨ। ਇੱਥੇ ਟ੍ਰਾਲੀ-ਟਰੈਕਟਰ ਖੜ੍ਹੇ ਕਰਨ, ਨਹਾਉਣ-ਰਹਿਣ, ਸੀਸੀਟੀਵੀ ਕੈਮਰਿਆਂ ਤੇ ਐਲਈਡੀ ਦਾ ਪ੍ਰਬੰਧ ਹੋਵੇਗਾ। ਇਸ ਦੇ ਨਾਲ ਹੀ ਸੰਗਤ ਦੀ ਸਹੂਲਤ ਲਈ 100 ਈ-ਰਿਕਸ਼ਾ ਮੁਹੱਈਆ ਕਰਵਾਏ ਗਏ ਨੇ ਜੋ ਸੰਗਤਾਂ ਨੂੰ ਇੱਧਰ ਤੋਂ ਉੱਧਰ ਜਾਣ ਵਿਚ ਮਦਦ ਕਰਨਗੇ। ਇਸ ਤੋਂ ਇਲਾਵਾ ਪਰਮਾਨੈਂਟ ਟੈਂਟ ਸਿਟੀ ਦਾ ਅੱਜ ਤੋਂ ਲੋਕ-ਅਰਪਣ ਕੀਤਾ ਜਾਵੇਗਾ ਜੋ 12 ਮਹੀਨੇ ਹਮੇਸ਼ਾ ਲਈ ਕਾਇਮ ਰਹੇਗਾ। 20 ਐਲਈਡੀ ਸਕ੍ਰੀਨ ਲਗਾਈਆਂ ਜਾਣਗੀਆਂ, ਜਿਸ ‘ਚ ਹਰ ਇੱਕ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ ਜਾਵੇਗੀ। ਸਾਰੀਆਂ ਮੋਬਾਈਲ ਕੰਪਨੀਆਂ ਨੂੰ ਟੈਂਪਰੇਰੀ ਟਾਵਰ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਲੋਕਾਂ ਨੂੰ ਨੈਟਵਰਕ ਦੀ ਦਿੱਕਤ ਨਾ ਆਵੇ। ਜਿੰਨੇ ਵੀ ਟੇਂਪਰੇਰੀ ਜਾਂ ਪਰਮਾਨੇਂਟ ਟਾਇਲਟ ਹਨ, ਉਨ੍ਹਾਂ ਦੀ ਹਰ ਦੋ ਘੰਟਿਆਂ ‘ਚ ਸਫ਼ਾਈ ਹੋਵੇਗੀ। ਸੰਗਤ ਨੂੰ ਸਿਹਤ ਸਹੂਲਤਾਂ ਦੇਣ ਲਈ 21 ਆਮ ਆਦਮੀ ਕਲੀਨਿਕ ਸਿਹਤ ਸੁਵਿਧਾਵਾਂ ਕੇਂਦਰ ਖੋਲ੍ਹੇ ਗਏ ਨੇ ਜੋ ਸੰਗਤਾਂ ਨੂੰ ਹਰ ਤਰ੍ਹਾਂ ਦੀ ਸਿਹਤ ਨਾਲ ਜੁੜੀ ਸਹੂਲਤ ਪ੍ਰਦਾਨ ਕਰਨਗੇ। ਇਸੇ ਤਰ੍ਹਾਂ ਚਰਨ ਗੰਗਾ ਸਟੇਡੀਅਮ, ਜਿੱਥੇ ਹੋਲਾ ਮਹੱਲਾ ਨਿਕਲਦਾ ਹੈ, ਉੱਥੇ ਤਿੰਨ ਲੇਅਰ ਬੈਰਿਕੇਡਿੰਗ ਕੀਤੀ ਗਈ ਹੈ ਤਾਂ ਜੋ ਕੋਈ ਅਣ-ਸੁਖਾਵੀਂ ਘਟਨਾ ਨਾ ਵਾਪਰੇ। ਉਨ੍ਹਾਂ ਸਮੂਹ ਸੰਗਤ ਨੂੰ ਹੋਲੇ ਮੁਹੱਲੇ ਮੌਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੁੰਮ-ਹੁੰਮਾ ਕੇ ਪਹੁੰਚਣ ਦੀ ਅਪੀਲ ਕੀਤੀ ਤਾਂ ਜੋ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾ ਸਕਣ।