Uncategorized ਮੋਗਾ ਦੇ ਖਹਿਰਾ ਬੇਟ ’ਚ ਕਿਸਾਨਾਂ ਦਾ ਮੋਰਚਾ ਜਾਰੀ/ ਧੁੱਸੀ ਬੰਨ੍ਹ ਨੇੜੇ ਰੇਤ ਮਾਇਨਿੰਗ ਖਿਲਾਫ ਦੇ ਰਹੇ ਧਰਨਾ/ 4 ਤਰੀਕ ਤਕ ਦਿੱਤਾ ਅਲਟੀਮੇਟਮ By admin - March 2, 2026 0 1 Facebook Twitter Pinterest WhatsApp ਸਤਲੁਜ ਦਰਿਆ ਦੇ ਧੁੱਸੀ ਬੰਨ ਨੇੜੇ ਖਹਿਰਾ ਬੇਟ ਖੇਤਰ ਵਿੱਚ ਰੇਤ ਖਣਨ ਦੇ ਮਾਮਲੇ ਨੂੰ ਲੈ ਕੇ ਕਿਸਾਨਾਂ ਦਾ ਮੋਰਚਾ ਲਗਾਤਾਰ 25ਵੇਂ ਦਿਨ ਵੀ ਜਾਰੀ ਹੈ। ਭਾਰਤੀ ਕਿਸਾਨ ਯੂਨੀਅਨ (ਖੋਸਾ) ਦੀ ਅਗਵਾਈ ਹੇਠ ਕਿਸਾਨ ਇਸ ਮਸਲੇ ਨੂੰ ਗੰਭੀਰਤਾ ਨਾਲ ਉਠਾਉਂਦੇ ਹੋਏ ਨਜਾਇਜ਼ ਮਾਈਨਿੰਗ ਤੁਰੰਤ ਰੋਕਣ ਦੀ ਮੰਗ ਕਰ ਰਹੇ ਹਨ। ਕਿਸਾਨ ਆਗੂਆਂ ਨੇ ਦੱਸਿਆ ਕਿ ਖਹਿਰਾ ਬੇਟ ਵਿੱਚ ਬਣਿਆ ਧੁੱਸੀ ਬੰਨ ਕਰੀਬ 25 ਤੋਂ 30 ਪਿੰਡਾਂ ਲਈ ਸੁਰੱਖਿਆ ਦੀ ਲਾਈਨ ਹੈ, ਜਿਸਨੂੰ ਲੋਕਾਂ ਨੇ ਆਪਣੇ ਖਰਚੇ ਅਤੇ ਮਿਹਨਤ ਨਾਲ ਮਜ਼ਬੂਤ ਕੀਤਾ ਹੈ। ਕਿਸਾਨਾਂ ਨੇ 5 ਤਰੀਕ ਤਕ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਮਸਲਾ ਹੱਲ ਨਾ ਹੋਇਆ ਤਾਂ ਡਿਪਟੀ ਕਮਿਸ਼ਨਰ ਦਫਤਰ ਦਾ ਘਿਰਾਓ ਕੀਤਾ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਸੁਖਜਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਇਸ ਇਲਾਕੇ ਦੇ ਕਰੀਬ 25 ਤੋਂ 30 ਪਿੰਡ ਦਰਿਆ ਦੇ ਨੀਵੇਂ ਹਿੱਸੇ ਵਿੱਚ ਵਸਦੇ ਹਨ, ਜਿਸ ਕਾਰਨ ਰੇਤ ਖਣਨ ਨਾਲ ਬੰਨ ਕਮਜ਼ੋਰ ਹੋਣ ਦਾ ਖ਼ਤਰਾ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਸਰਕਾਰ ਵੱਲੋਂ ਬਿਨਾਂ ਪੂਰੀ ਜਾਣਕਾਰੀ ਦਿੱਤੇ ਠੇਕੇਦਾਰਾਂ ਨੂੰ ਮਸ਼ੀਨਾਂ ਰਾਹੀਂ ਬੰਨ ਤੋਂ ਲਗਭਗ 100 ਮੀਟਰ ਦੀ ਦੂਰੀ ’ਤੇ ਰੇਤ ਕੱਢਣ ਦੀ ਆਗਿਆ ਦਿੱਤੀ ਗਈ ਸੀ। ਜਦੋਂ ਇਸ ਬਾਰੇ ਪਿੰਡਾਂ ਦੇ ਲੋਕਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਇਕੱਠੇ ਹੋ ਕੇ ਵਿਰੋਧ ਕੀਤਾ ਅਤੇ ਮੀਟਿੰਗ ਕਰਕੇ ਸੰਘਰਸ਼ ਸ਼ੁਰੂ ਕੀਤਾ। ਸੁਖਜਿੰਦਰ ਸਿੰਘ ਖੋਸਾ ਨੇ ਕਿਹਾ ਕਿ ਜੇ ਰੇਤ ਖਣਨ ਜਾਰੀ ਰਿਹਾ ਤਾਂ ਬੰਨ ਕਮਜ਼ੋਰ ਹੋ ਸਕਦਾ ਹੈ, ਜਿਸ ਨਾਲ ਵੱਡਾ ਹੜ੍ਹ ਆ ਸਕਦਾ ਹੈ ਅਤੇ ਪਿੰਡਾਂ ਨੂੰ ਭਾਰੀ ਨੁਕਸਾਨ ਝੇਲਣਾ ਪੈ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਵੀ ਦਰਿਆਈ ਖੇਤਰਾਂ ਵਿੱਚ ਨੁਕਸਾਨ ਹੋਇਆ ਹੈ ਪਰ ਕੇਂਦਰ ਸਰਕਾਰ ਵੱਲੋਂ ਯੋਗ ਮੁਆਵਜ਼ਾ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਇਸ ਮੋਰਚੇ ਵਿੱਚ ਸਮਾਜਿਕ ਜਥੇਬੰਦੀਆਂ, ਐਨਆਰਆਈ ਭਰਾਵਾਂ ਅਤੇ ਹੋਰ ਵਰਗਾਂ ਵੱਲੋਂ ਵੀ ਪੂਰਾ ਸਹਿਯੋਗ ਮਿਲ ਰਿਹਾ ਹੈ। ਲੋਕ ਆਪਣੇ ਘਰਾਂ ਨੂੰ ਤਾਲੇ ਲਾ ਕੇ ਦਿਨ-ਰਾਤ ਮੋਰਚੇ ’ਤੇ ਡਟੇ ਹੋਏ ਹਨ ਅਤੇ ਲੰਗਰ ਦੀ ਵੀ ਵਿਵਸਥਾ ਕੀਤੀ ਗਈ ਹੈ। ਕਿਸਾਨ ਆਗੂਆਂ ਨੇ ਪ੍ਰਸ਼ਾਸਨ ਅਤੇ ਮੁੱਖ ਮੰਤਰੀ ਮਾਨ ਨੂੰ ਅਪੀਲ ਕਰਦਿਆਂ ਕਿਹਾ ਕਿ 5 ਤਰੀਕ ਤੋਂ ਪਹਿਲਾਂ ਇਸ ਮਾਮਲੇ ’ਤੇ ਸਪੱਸ਼ਟ ਭਰੋਸਾ ਦਿੱਤਾ ਜਾਵੇ ਕਿ ਇੱਥੇ ਰੇਤ ਖਣਨ ਨਹੀਂ ਹੋਵੇਗਾ। ਨਹੀਂ ਤਾਂ 5 ਤਰੀਕ ਤੋਂ ਬਾਅਦ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਦਾ ਘੇਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਲੜਾਈ ਲੋਕਾਂ ਦੇ ਜੀਵਨ ਅਤੇ ਜ਼ਮੀਨ ਦੀ ਰੱਖਿਆ ਲਈ ਹੈ ਅਤੇ ਜੇ ਲੋੜ ਪਈ ਤਾਂ ਇਸਨੂੰ ਆਰ-ਪਾਰ ਦੀ ਲੜਾਈ ਵਜੋਂ ਲੜਿਆ ਜਾਵੇਗਾ।