ਬਰਨਾਲਾ ਰੈਲੀ ਦੌਰਾਨ ਕੇਂਦਰ ’ਤੇ ਵਰ੍ਹੇ ਰਾਹੁਲ ਗਾਂਧੀ/ ਦੇਸ਼ ਨੂੰ ਅਮਰੀਕਾ ਅੱਗੇ ਵੇਚਣ ਦੇ ਲਾਏ ਇਲਜ਼ਾਮ/ ਪ੍ਰਧਾਨ ਮੰਤਰੀ ਦਾ ਨਾਮ ਲੈ ਕੇ ਸਾਧੇ ਨਿਸ਼ਾਨੇ

0
2

ਕਾਂਗਰਸ ਪਾਰਟੀ ਵੱਲੋਂ ਅੱਜ ਬਰਨਾਲਾ ਵਿਖੇ ਇਕ ਵਿਸ਼ਾਲ ਰੈਲੀ ਕੀਤੀ ਹੈ। ਮਨਰੇਗਾ ਤੇ ਟਰੇਡ ਡੀਲ ਨੂੰ ਲੈ ਕੇ ਕੀਤੀ ਗਈ ਇਸ ਰੈਲੀ ਵਿਚ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਅਰਜੁਨ ਖੜਗੇ, ਸੀਨੀਅਰ ਆਗੂ ਰਾਹੁਲ ਗਾਂਧੀ ਤੋਂ ਇਲਾਵਾ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਰਹੀ। ਇਸ ਮੌਕੇ ਆਪਣੇ ਸੰਬੋਧਨ ਵਿਚ ਸੀਨੀਅਰ ਆਗੂ ਰਾਹੁਲ ਗਾਂਧੀ ਤੇ ਪ੍ਰਧਾਨ ਮਲਿਕਾਅਰਜਨ ਖੜਗੇ ਨੇ ਕੇਂਦਰ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆਂ ਤਿੱਖੇ ਹਮਲੇ ਕੀਤੇ। ਰਾਹੁਲ ਗਾਂਧੀ ਨੇ ਕਿਹਾ ਕਿ ਖੇਤੀਬਾੜੀ ਸੈਕਟਰ ਨੂੰ ਖੋਲ੍ਹਣ ਦੇ ਮਤਭੇਦਾਂ ਕਾਰਨ ਇਹ ਸੌਦਾ ਚਾਰ ਮਹੀਨਿਆਂ ਤੋਂ ਰੁਕਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਸਵਾਲ ਪੈਦਾ ਹੁੰਦਾ ਹੈ, ਜੋ ਕੰਮ ਪ੍ਰਧਾਨ ਮੰਤਰੀ ਨੇ ਚਾਰ ਮਹੀਨਿਆਂ ਤੱਕ ਨਹੀਂ ਕੀਤਾ, ਉਹ ਉਨ੍ਹਾਂ ਨੇ 15 ਮਿੰਟਾਂ ਵਿੱਚ ਕਿਉਂ ਕਰ ਦਿੱਤਾ?
ਗਾਂਧੀ ਨੇ ਕਿਹਾ ਕਿ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਗਾਰੰਟੀ ਦਿੱਤੀ ਹੈ ਕਿ ਭਾਰਤ ਹਰ ਸਾਲ 9 ਲੱਖ ਕਰੋੜ ਰੁਪਏ ਦੇ ਅਮਰੀਕੀ ਉਤਪਾਦ ਖਰੀਦੇਗਾ। ਉਨ੍ਹਾਂ ਕਿਹਾ ਕਿ ਇਹ ਸੌਦਾ “ਭਾਰਤੀ ਕਿਸਾਨਾਂ ਨੂੰ ਤਬਾਹ ਕਰ ਦੇਵੇਗਾ। ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਹਾਲ ਹੀ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਤੋਂ ਬਾਅਦ ਲੋਕ ਸਭਾ ਵਿੱਚ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਕਿਉਂਕਿ ਉਹ ਸਾਬਕਾ ਫੌਜ ਮੁਖੀ ਮਨੋਜ ਨਰਵਣੇ ਦੀਆਂ ਯਾਦਾਂ  ‘ਤੇ ਟਿੱਪਣੀ ਕਰਨਾ ਚਾਹੁੰਦੇ ਸਨ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਉਹ ਜਨਰਲ ਨਰਵਣੇ  ਦੀ ਇੱਕ ਅਣਪ੍ਰਕਾਸ਼ਿਤ ਕਿਤਾਬ ਦਾ ਹਵਾਲਾ ਦੇਣਾ ਚਾਹੁੰਦੇ ਸਨ, ਜਿਸ ਬਾਰੇ ਉਨ੍ਹਾਂ ਦਾਅਵਾ ਕੀਤਾ ਕਿ ਉਸ ਵਿੱਚ ਸਰਹੱਦ ਨੇੜੇ ਚੀਨੀ ਫੌਜਾਂ ਦੀ ਹਰਕਤ ਦੌਰਾਨ ਸਿਆਸੀ ਲੀਡਰਸ਼ਿਪ ਵੱਲੋਂ ਹੁੰਗਾਰੇ ਦੀ ਕਮੀ ਦਾ ਵਰਣਨ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਕੈਬਨਿਟ, ਖੇਤੀਬਾੜੀ ਮੰਤਰੀ, ਰੱਖਿਆ ਮੰਤਰੀ ਅਤੇ ਵਿਦੇਸ਼ ਮੰਤਰੀ ਨਾਲ ਸਲਾਹ ਕੀਤੇ ਬਿਨਾਂ ਅਮਰੀਕੀ ਰਾਸ਼ਟਰਪਤੀ ਨੂੰ ਫੋਨ ਕਰ ਦਿੱਤਾ। ਗਾਂਧੀ ਨੇ ਕਿਹਾ ਕਿ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਦੱਸਿਆ ਕਿ ਉਹ ਸੌਦੇ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਇਸ ਸੌਦੇ ਤਹਿਤ ਭਾਰਤ ਨੇ ਅਮਰੀਕਾ ਨੂੰ ਸੋਇਆਬੀਨ, ਮੱਕੀ, ਕਪਾਹ, ਫਲ ਅਤੇ ਬਦਾਮ ਵੇਚਣ ਦੀ ਇਜਾਜ਼ਤ ਦੇ ਦਿੱਤੀ ਹੈ। ਉਨ੍ਹਾਂ ਦੋਸ਼ ਲਾਇਆ, “ਨਰਿੰਦਰ ਮੋਦੀ ਜੀ ਨੇ ਖੇਤੀਬਾੜੀ ਸੈਕਟਰ ਦਾ ਦਰਵਾਜ਼ਾ ਖੋਲ੍ਹ ਦਿੱਤਾ ਹੈ। ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ, ਛੱਤੀਸਗੜ੍ਹ, ਓਡੀਸ਼ਾ ਦੇ ਸਾਰੇ ਰਾਜਾਂ ਦੇ ਕਿਸਾਨ ਬਰਬਾਦ ਹੋ ਜਾਣਗੇ।”
ਗਾਂਧੀ ਨੇ ਕਿਹਾ ਕਿ ਜੇਕਰ ਭਾਰਤ ਹਰ ਸਾਲ 9 ਲੱਖ ਕਰੋੜ ਰੁਪਏ ਦਾ ਸਾਮਾਨ ਖਰੀਦਦਾ ਹੈ, ਤਾਂ ਸਾਡੇ ਲਘੂ ਅਤੇ ਦਰਮਿਆਨੇ ਖੇਤਰ ਦਾ ਕੀ ਹੋਵੇਗਾ? ਉਨ੍ਹਾਂ ਦਾਅਵਾ ਕੀਤਾ ਕਿ ਇਹ ਖਤਮ ਹੋ ਜਾਵੇਗਾ। ਉਨ੍ਹਾਂ ਅੱਗੇ ਦਾਅਵਾ ਕੀਤਾ ਕਿ ਪੀਐਮ ਮੋਦੀ ਨੇ ਅਮਰੀਕਾ ਨੂੰ ਦੱਸਿਆ ਕਿ ਭਾਰਤ ਉਸ ਦੇਸ਼ ਤੋਂ ਤੇਲ ਖਰੀਦੇਗਾ ਜਿਸ ਤੋਂ ਉਹ (ਅਮਰੀਕਾ) ਚਾਹੁੰਦਾ ਹੈ। ਗਾਂਧੀ ਨੇ ਅੱਗੇ ਕਿਹਾ, “ਨਾ ਅਸੀਂ ਰੂਸ ਤੋਂ ਤੇਲ ਖਰੀਦਾਂਗੇ, ਨਾ ਹੀ ਈਰਾਨ ਤੋਂ। ਜੇਕਰ ਤੁਸੀਂ (ਅਮਰੀਕਾ) ਸਾਨੂੰ ਵੈਨੇਜ਼ੁਏਲਾ, ਅਮਰੀਕਾ ਅਤੇ ਸਾਊਦੀ ਅਰਬ ਤੋਂ ਤੇਲ ਖਰੀਦਣ ਲਈ ਕਹੋਗੇ, ਤਾਂ ਭਾਰਤ ਦੀ ਪੂਰੀ ਊਰਜਾ ਸੁਰੱਖਿਆ ਖਤਮ ਹੋ ਗਈ ਹੈ।
ਇਸੇ ਤਰ੍ਹਾਂ ਪਾਰਟੀ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ ਕੇਂਦਰ ਸਰਕਾਰ ਉਤੇ ਦੇਸ਼ ਨੂੰ ਵੇਚਣ ਅਤੇ ਮਜਦੂਰਾਂ ਦਾ ਗਲਾਂ ਘੁੱਟਣ ਦੇ ਇਲਜਾਮ ਲਾਏ। ਕਾਂਗਰਸੀ ਆਗੂਆਂ ਨੇ ਕਿਹਾ ਕਿ ਅੱਜ ਪਿੰਡਾਂ ਦੇ ਲੋਕ ਮਨਰੇਗਾ ਨੂੰ ਲੈ ਕੇ ਸਵਾਲ ਪੁੱਛ ਰਹੇ ਹਨ ਅਤੇ ਉਮੀਦ ਨਾਲ ਕਾਂਗਰਸ ਵੱਲ ਦੇਖ ਰਹੇ ਹਨ।  ਰਾਜਾ ਵੜਿੰਗ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਕੋਈ ਕਿਸਾਨਾਂ ਅਤੇ ਮਜ਼ਦੂਰਾਂ ਦੀ ਅਸਲ ਲੜਾਈ ਲੜ ਸਕਦਾ ਹੈ, ਤਾਂ ਉਹ ਸਿਰਫ ਕਾਂਗਰਸ ਪਾਰਟੀ ਦੇ ਮਲਿਕਾਅਰਜੁਨ ਖੜਗੇ ਅਤੇ ਰਾਹੁਲ ਗਾਂਧੀ ਹੀ ਹਨ। ਸੂਬੇ ਦੀ ਸਥਿਤੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਹਰ ਨਾਗਰਿਕ ਮੌਜੂਦਾ ਹਾਲਾਤਾਂ ਤੋਂ ਵਾਕਫ ਅਤੇ ਚਿੰਤਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ (ਲਾਅ ਐਂਡ ਆਰਡਰ) ਦੇ ਹਾਲਾਤ ਬਹੁਤ ਮਾੜੇ ਹਨ। ਪੰਜਾਬ ਅੱਜ ਨਸ਼ਿਆਂ ਦੀ ਦਲਦਲ ਵਿਚ ਡੁੱਬ ਚੁੱਕਾ ਹੈ। ਰਾਜਾ ਵੜਿੰਗ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਪੰਜਾਬ ਨੂੰ ਇਨ੍ਹਾਂ ਔਖੇ ਹਾਲਾਤ ਵਿੱਚੋਂ ਕੱਢਣਾ ਹੈ ਤਾਂ ਕਾਂਗਰਸ ਪਾਰਟੀ ਨੂੰ ਅੱਗੇ ਲਿਆਉਣਾ ਬਹੁਤ ਜ਼ਰੂਰੀ ਹੈ।

LEAVE A REPLY

Please enter your comment!
Please enter your name here