ਸੁਲਤਾਨਪੁਰ ਲੋਧੀ ’ਚ ਆਵਾਰਾ ਕੁੱਤਿਆਂ ਨੇ ਨੋਚਿਆ ਮਾਸੂਮ/ ਹਸਪਤਾਲ ’ਚ ਇਲਾਜ਼ ਦੌਰਾਨ ਹੋਈ ਮੌਤ/ ਪਿੰਡ ਗਿੱਲਾਂ ਦੀ ਘਟਨਾ, ਪਿਤਾ ਨਾਲ ਖੇਤ ਗਿਆ ਸੀ ਬੱਚਾ

0
1

ਸੁਲਤਾਨਪੁਰ ਲੋਧੀ ਦੇ ਪਿੰਡ ਗਿੱਲਾਂ ਵਿੱਚ ਅਵਾਰਾ ਕੁੱਤਿਆਂ ਵੱਲੋਂ ਇੱਕ ਸੱਤ ਸਾਲਾ ਮਾਸੂਮ ਬੱਚੇ ਨੂੰ ਨੋਚਣ ਦੀ ਦਰਦਨਾਕ ਘਟਨਾ ਵਾਪਰੀ ਹੈ। ਖਬਰਾਂ ਮੁਤਾਬਕ ਬੱਚਾ ਖੇਤ ਵਿਚ ਕੰਮ ਕਰਦੇ ਪਿਤਾ ਕੋਲ ਗਿਆ ਸੀ, ਜਿੱਥੇ ਉਸ ਨੂੰ ਆਵਾਰਾ ਕੁੱਤਿਆਂ ਦੇ ਝੁੰਡ ਨੇ ਨੋਚ ਲਿਆ। ਬੱਚੇ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਜ਼ਖਮੀ ਦੀ ਤਾਬ ਨਾਲ ਝਲਦਿਆਂ ਉਸ ਦੀ ਮੌਤ ਹੋ ਗਈ। ਲੋਕਾਂ ਨੇ ਪ੍ਰਸ਼ਾਸਨ ਤੋਂ ਆਵਾਰਾ ਕੁੱਤਿਆਂ ਦੀ ਸਮੱਸਿਆ ਹੱਲ ਕਰਨ ਦੀ ਮੰਗ ਕੀਤੀ ਹੈ।
ਖਬਰਾਂ ਮੁਤਾਬਕ ਹਮਲੇ ਦੌਰਾਨ ਬੱਚੇ ਦੀਆਂ ਲੱਤਾਂ ਅਤੇ ਸਿਰ ‘ਤੇ ਡੂੰਘੇ ਜ਼ਖਮ ਆਏ ਸਨ, ਜਿਸ ਨੂੰ ਤੁਰੰਤ ਸਥਾਨਕ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਮੁਢਲੀ ਸਹਾਇਤਾ ਬਾਅਦ ਜਲੰਧਰ ਲਈ ਰੈਫਰ ਕਰ ਦਿੱਤਾ ਗਿਆ ਸੀ, ਜਿੱਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਸਿਵਲ ਹਸਪਤਾਲ ਵਿੱਚ ਤੈਨਾਤ ਡਾਕਟਰ ਆਕਾਸ਼ਦੀਪ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਕੋਲ ਡੌਗ ਬਾਈਟ ਦਾ ਕੇਸ ਆਇਆ ਸੀ। ਬੱਚੇ ਦੇ ਸਰੀਰ ਦੇ ਵੱਖ-ਵੱਖ ਹਿੱਸਿਆਂ ‘ਤੇ ਗੰਭੀਰ ਜ਼ਖਮ ਸਨ, ਜਿਸ ਕਰਕੇ ਮੁੱਢਲਾ ਇਲਾਜ ਦੇਣ ਤੋਂ ਬਾਅਦ ਉਸਨੂੰ ਅੱਗੇ ਭੇਜਿਆ ਗਿਆ ਜਿੱਥੇ ਜਲੰਧਰ ਦੇ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।
ਬੱਚੇ ਦੇ ਚਾਚਾ ਰਾਜ ਕੁਮਾਰ ਨੇ ਦੱਸਿਆ ਕਿ ਉਸਦਾ ਭਤੀਜਾ ਆਪਣੀ ਮਾਂ ਨਾਲ ਖੇਤ ਵਿੱਚ ਖਾਣਾ ਦੇਣ ਆਇਆ ਸੀ। ਖਾਣਾ ਦੇਣ ਤੋਂ ਬਾਅਦ ਉਹ ਬਾਥਰੂਮ ਕਰਨ ਲਈ ਖੇਤ ਵਿੱਚ ਗਿਆ, ਜਿੱਥੇ ਕੁੱਤਿਆਂ ਦੇ ਝੁੰਡ ਨੇ ਬੱਚੇ ‘ਤੇ ਹਮਲਾ ਕਰ ਦਿੱਤਾ। ਬੱਚੇ ਦੇ ਪਿਤਾ ਨੇ ਦੱਸਿਆ ਕਿ ਉਹ ਖੇਤਾਂ ਵਿਚ ਆਲੂ ਪੁੱਟ ਰਿਹਾ ਸੀ ਜਦੋਂ ਉਸਦਾ ਪੁੱਤਰ ਆਪਣੀ ਮਾਂ ਨਾਲ ਉਸਨੂੰ ਰੋਟੀ ਦੇਣ ਆਇਆ ਸੀ। ਖਾਣਾ ਦੇਣ ਤੋਂ ਬਾਅਦ, ਉਹ ਨੇੜਲੇ ਖੇਤ ਵਿੱਚ ਗਿਆ ਜਿੱਥੇ ਕੁੱਤਿਆਂ ਦੇ ਝੁੰਡ ਨੇ ਉਸ ‘ਤੇ ਹਮਲਾ ਕਰ ਦਿੱਤਾ। ਇਸ ਘਟਨਾ ਨਾਲ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਲੋਕਾਂ ਵੱਲੋਂ ਪ੍ਰਸ਼ਾਸਨ ਤੋਂ ਅਵਾਰਾ ਕੁੱਤਿਆਂ ਦੀ ਸਮੱਸਿਆ ਦਾ ਜਲਦ ਹੱਲ ਕੱਢਣ ਦੀ ਮੰਗ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here