ਪੰਜਾਬ ਅੰਮ੍ਰਿਤਸਰ ਪੁਲਿਸ ਹੱਥ ਲੱਗੀ ਵੱਡੀ ਸਫਲਤਾ/ ਨਸ਼ਾ ਤੇ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼/ 5 ਕਿੱਲੋ 438 ਗਰਾਮ ਹੈਰੋਇਨ, 3 ਪਿਸਤੌਲਾਂ ਸਮੇਤ 10 ਕਾਬੂ By admin - February 28, 2026 0 1 Facebook Twitter Pinterest WhatsApp ਅੰਮ੍ਰਿਤਸਰ ਪੁਲਿਸ ਨੂੰ ਨਸ਼ਿਆਂ ਅਤੇ ਗੈਰਕਾਨੂੰਨੀ ਹਥਿਆਰਾਂ ਖ਼ਿਲਾਫ਼ ਵੱਡੀ ਸਫ਼ਲਤਾ ਮਿਲੀ ਹੈ। ਪੁਲਿਸ ਨੇ ਅੰਤਰਰਾਸ਼ਟਰੀ ਪੱਧਰ ’ਤੇ ਸਰਗਰਮ ਦੋ ਸੰਗਠਿਤ ਨਸ਼ਾ ਅਤੇ ਹਥਿਆਰ ਤਸਕਰੀ ਮੋਡੀਊਲਾਂ ਦਾ ਪਰਦਾਫਾਸ਼ ਕਰਦਿਆਂ ਕੁੱਲ 10 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜੇ ਵਿਚੋਂ 5 ਕਿੱਲੋ 438 ਗਰਾਮ ਹੈਰੋਇਨ, ਤਿੰਨ ਅਧੁਨਿਕ ਪਿਸਤੌਲਾਂ, 34 ਜਿੰਦਾ ਕਾਰਤੂਸ ਅਤੇ 4,500 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਨੇ ਯੋਜਨਾਬੱਧ ਕਾਰਵਾਈ ਤਹਿਤ ਇਹ ਓਪਰੇਸ਼ਨ ਅੰਜਾਮ ਦਿੱਤਾ। ਪੁਲਿਸ ਮੁਤਾਬਕ ਬਰਾਮਦ ਹਥਿਆਰਾਂ ਵਿੱਚ ਇੱਕ ਗਲੌਕ 9 ਐਮਐਮ ਪਿਸਤੌਲ, ਇੱਕ ਜ਼ਿਗਾਨਾ 9 ਐਮਐਮ ਪਿਸਤੌਲ ਅਤੇ ਇੱਕ .32 ਬੋਰ ਪਿਸਤੌਲ ਸ਼ਾਮਲ ਹੈ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਸਾਰੇ ਨਸ਼ੀਲੇ ਪਦਾਰਥ ਅਤੇ ਹਥਿਆਰ ਅੰਤਰਰਾਸ਼ਟਰੀ ਸੀਮਾਪਾਰ ਤਸਕਰੀ ਰਾਹੀਂ ਭਾਰਤ ਲਿਆਂਦੇ ਜਾ ਰਹੇ ਸਨ। ਗ੍ਰਿਫ਼ਤਾਰ ਦੋਸ਼ੀ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਪਾਕਿਸਤਾਨ ਵਿੱਚ ਬੈਠੇ ਤਸਕਰਾਂ ਨਾਲ ਸਿੱਧੇ ਸੰਪਰਕ ਵਿੱਚ ਸਨ ਅਤੇ ਉਨ੍ਹਾਂ ਦੇ ਹੁਕਮਾਂ ’ਤੇ ਕੰਮ ਕਰ ਰਹੇ ਸਨ। ਪੁਲਿਸ ਕਮਿਸ਼ਨਰ ਨੇ ਖੁਲਾਸਾ ਕੀਤਾ ਕਿ ਗ੍ਰਿਫ਼ਤਾਰ ਦੋਸ਼ੀਆਂ ਵਿੱਚੋਂ ਕੁਝ ਦੇ ਖ਼ਿਲਾਫ਼ ਪਹਿਲਾਂ ਵੀ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ। ਗੁਰਪ੍ਰੀਤ ਸਿੰਘ ਦੇ ਖ਼ਿਲਾਫ਼ ਪਹਿਲਾਂ ਵੀ ਹੇਰੋਇਨ ਤਸਕਰੀ ਦਾ ਕੇਸ ਦਰਜ ਹੈ। ਲਵਪ੍ਰੀਤ ਸਿੰਘ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਹੈ, ਜਦਕਿ ਸਤਨਾਮ ਸਿੰਘ, ਮਨਪ੍ਰੀਤ ਸਿੰਘ ਮੰਨਾ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੱਟੀ ਦੇ ਖ਼ਿਲਾਫ਼ ਵੀ ਕਈ ਅਪਰਾਧਿਕ ਕੇਸ ਪਹਿਲਾਂ ਤੋਂ ਦਰਜ ਹਨ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਗੋਪੀ ਗੋਇੰਦਵਾਲ ਜੇਲ੍ਹ ਵਿੱਚ ਬੰਦ ਹੋਣ ਦੇ ਬਾਵਜੂਦ ਤਸਕਰੀ ਨੈੱਟਵਰਕ ਚਲਾ ਰਿਹਾ ਸੀ। ਉਸ ਦੀ ਪੁੱਛਗਿੱਛ ਦੇ ਆਧਾਰ ’ਤੇ ਹੋਰ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਂਚ ਏਜੰਸੀਆਂ ਮੁਤਾਬਕ ਹੇਰੋਇਨ ਅਤੇ ਗੈਰਕਾਨੂੰਨੀ ਹਥਿਆਰ ਭਾਰਤ ਪਹੁੰਚਣ ਤੋਂ ਬਾਅਦ ਇੱਕ ਸੁਚੱਜੇ ਨੈੱਟਵਰਕ ਰਾਹੀਂ ਵੱਖ-ਵੱਖ ਇਲਾਕਿਆਂ ਵਿੱਚ ਸਪਲਾਈ ਕੀਤੇ ਜਾਂਦੇ ਸਨ। ਨੈੱਟਵਰਕ ਦੀ ਅੱਗੇ ਅਤੇ ਪਿੱਛੇ ਦੀਆਂ ਕੜੀਆਂ ਜੋੜਨ ਲਈ ਪੁਲਿਸ ਡੂੰਘੀ ਜਾਂਚ ਕਰ ਰਹੀ ਹੈ। ਇਸ ਮਾਮਲੇ ਵਿੱਚ ਐਨਡੀਪੀਐਸ ਐਕਟ ਅਤੇ ਆਰਮਜ਼ ਐਕਟ ਤਹਿਤ ਕਈ ਐਫ਼ਆਈਆਰਾਂ ਦਰਜ ਕੀਤੀਆਂ ਗਈਆਂ ਹਨ। ਪੰਜਾਬ ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਰਾਜ ਵਿੱਚ ਨਸ਼ਿਆਂ ਅਤੇ ਗੈਰਕਾਨੂੰਨੀ ਹਥਿਆਰਾਂ ਖ਼ਿਲਾਫ਼ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਗਈ ਹੈ। ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਸੰਭਵ ਹਨ ਅਤੇ ਪੂਰੇ ਨੈੱਟਵਰਕ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾਵੇਗਾ।