ਮੋਗਾ ਦੇ ਹਸਪਤਾਲ ’ਚ ਆਸ਼ਾ ਵਰਕਰਾਂ ਦਾ ਧਰਨਾ/ ਤਨਖਾਹ ਨਾ ਮਿਲਣ ਖਿਲਾਫ਼ ਕੀਤੀ ਨਾਅਰੇਬਾਜ਼ੀ/ ਕੰਮਕਾਜ ਦੇ ਬਾਈਕਾਟ ਦੀ ਦਿੱਤੀ ਚਿਤਾਵਨੀ

0
1

ਆਸ਼ਾ ਵਰਕਰਾਂ ਵੱਲੋਂ ਤਨਖਾਹ ਨਾ ਮਿਲਣ ਦੇ ਵਿਰੋਧ ਵਿੱਚ ਸਿਵਲ ਹਸਪਤਾਲ ਮੋਗਾ ਵਿੱਚ ਰੋਸ ਧਰਨਾ ਦੇ ਕੇ ਨਾਰੇਬਾਜ਼ੀ ਕੀਤੀ ਗਈ। ਇੱਥੇ ਧਰਨੇ ਤੇ ਬੈਠੀਆਂ 50 ਦੇ ਕਰੀਬ ਆਸ਼ਾ ਵਰਕਰਾਂ ਨੇ ਸਬੰਧਿਤ ਵਿਭਾਗ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਉਨ੍ਹਾਂ ਨੇ ਸੀਨੀਅਰ ਮੈਡੀਕਲ ਅਫਸਰ ਡਾ. ਹਰਿੰਦਰ ਸਿੰਘ ਸੂਦ ਨੂੰ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ। ਆਸ਼ਾ ਵਰਕਰਾਂ ਨੇ ਕਿਹਾ ਕਿ ਜੇਕਰ ਤਨਖਾਹਾਂ ਛੇਤੀ ਜਾਰੀ ਨਾ ਹੋਈਆਂ ਤਾਂ ਉਹ ਕੰਮ ਦਾ ਬਾਈਕਾਟ ਕਰ ਕੇ ਹੜਤਾਲ ਤੇ ਚਲੇ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਆਸ਼ਾ ਵਰਕਰ ਕੋਮਲਪ੍ਰੀਤ ਨੇ ਦੱਸਿਆ ਕਿ ਉਨ੍ਹਾਂ ਦੀ ਤਨਖਾਹ ਹਰ ਮਹੀਨੇ ਲੇਟ ਆ ਰਹੀ ਹੈ ਅਤੇ ਹੁਣ ਤਿੰਨ ਮਹੀਨੇ ਤੋਂ ਪੂਰੀ ਤਰ੍ਹਾਂ ਬਕਾਇਆ ਪਈ ਹੈ। ਉਨ੍ਹਾਂ ਕਿਹਾ ਕਿ ਹਰ ਵਾਰ ਵੱਖ-ਵੱਖ ਬਹਾਨੇ ਬਣਾਏ ਜਾਂਦੇ ਹਨ, ਜਿਵੇਂ ਕਿ ਕੰਪਿਊਟਰ ਦੀ ਸਮੱਸਿਆ ਜਾਂ ਅਕਾਊਂਟ ਦੀ ਗੜਬੜ, ਪਰ ਹਕੀਕਤ ਵਿੱਚ ਕੋਈ ਹੱਲ ਨਹੀਂ ਕੀਤਾ ਜਾਂਦਾ। ਉਨ੍ਹਾਂ ਦੱਸਿਆ ਕਿ ਮੰਗ ਪੱਤਰ ਦੇਣ ਤੋਂ ਬਾਅਦ ਵੀ ਅਧਿਕਾਰੀਆਂ ਵੱਲੋਂ ਇੱਕ ਘੰਟੇ ਵਿੱਚ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਪਰ ਦੋ ਘੰਟੇ ਇੰਤਜ਼ਾਰ ਦੇ ਬਾਵਜੂਦ ਕੋਈ ਨਤੀਜਾ ਨਹੀਂ ਨਿਕਲਿਆ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਤਨਖਾਹਾਂ ਜਾਰੀ ਨਾ ਕੀਤੀਆਂ ਗਈਆਂ ਤਾਂ ਜ਼ਿਲ੍ਹਾ ਪੱਧਰ ‘ਤੇ ਵੱਡਾ ਧਰਨਾ ਲਗਾਇਆ ਜਾਵੇਗਾ। ਆਸ਼ਾ ਵਰਕਰਾਂ ਨੇ ਕਿਹਾ ਕਿ ਉਹ ਸਿਹਤ ਸੇਵਾਵਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ਗਰਭਵਤੀ ਮਹਿਲਾਵਾਂ ਦੀ ਦੇਖਭਾਲ, ਟੀਕਾਕਰਨ, ਬੱਚਿਆਂ ਅਤੇ ਬਜ਼ੁਰਗਾਂ ਦੀ ਸੰਭਾਲ ਪਰ ਤਨਖਾਹ ਨਾ ਮਿਲਣ ਕਾਰਨ ਉਨ੍ਹਾਂ ਲਈ ਕੰਮ ਕਰਨਾ ਮੁਸ਼ਕਲ ਹੋ ਰਿਹਾ ਹੈ, ਜਿਸ ਨਾਲ ਮਰੀਜ਼ ਵੀ ਪ੍ਰਭਾਵਿਤ ਹੋ ਰਹੇ ਹਨ।
ਦੂਜੇ ਪਾਸੇ ਆਸ਼ਾ ਵਰਕਰ ਪ੍ਰੀਆ ਨੇ ਕਿਹਾ ਕਿ ਇਹ ਸਮੱਸਿਆ ਨਵੀਂ ਨਹੀਂ ਹੈ, ਸਗੋਂ ਲੰਮੇ ਸਮੇਂ ਤੋਂ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਕਈ ਵਾਰ ਛੇ-ਛੇ ਮਹੀਨੇ ਤੱਕ ਤਨਖਾਹਾਂ ਬਕਾਇਆ ਰਹਿੰਦੀਆਂ ਹਨ ਅਤੇ ਹੁਣ ਵੀ ਤਿੰਨ ਮਹੀਨੇ ਹੋ ਚੁੱਕੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਚੋਣ ਡਿਊਟੀ ਅਤੇ ਹੋਰ ਸਰਕਾਰੀ ਕੰਮਾਂ ਦੇ ਭੁਗਤਾਨ ਵੀ ਨਹੀਂ ਮਿਲੇ। ਕਈ ਵਰਕਰ ਇਕੱਲੀਆਂ ਮਾਵਾਂ ਹਨ ਅਤੇ ਇਹ ਤਨਖਾਹ ਹੀ ਉਨ੍ਹਾਂ ਦੀ ਜੀਵਿਕਾ ਦਾ ਮੁੱਖ ਸਰੋਤ ਹੈ। ਉਨਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜਦ ਤੱਕ ਤਨਖਾਹ ਜਾਰੀ ਨਹੀਂ ਕੀਤੀ ਜਾਂਦੀ, ਉਹ ਸਾਰੇ ਕੰਮਕਾਜ ਦਾ ਪੂਰੀ ਤਰ੍ਹਾਂ ਬਾਇਕਾਟ ਕਰਨਗੇ।
ਉਧਰ, ਇਸ ਮਾਮਲੇ ‘ਤੇ ਸਿਵਲ ਹਸਪਤਾਲ ਦੇ ਐਸਐਮਓ ਡਾ. ਹਰਵਿੰਦਰ ਸਿੰਘ ਸੂਦ ਨੇ ਕਿਹਾ ਕਿ ਤਨਖਾਹਾਂ ਦੇ ਬਿਲ ਤਿਆਰ ਕਰਕੇ ਉੱਚ ਅਧਿਕਾਰੀਆਂ ਨੂੰ ਭੇਜੇ ਜਾ ਚੁੱਕੇ ਹਨ। ਉਨ੍ਹਾਂ ਮੁਤਾਬਕ ਚੰਡੀਗੜ੍ਹ ਪੱਧਰ ‘ਤੇ ਕਿਸੇ ਤਕਨੀਕੀ ਸਮੱਸਿਆ ਕਾਰਨ ਦੇਰੀ ਹੋ ਰਹੀ ਹੈ ਅਤੇ ਜਲਦੀ ਹੀ ਇਸ ਮਸਲੇ ਦਾ ਹੱਲ ਕਰ ਦਿੱਤਾ ਜਾਵੇਗਾ।

LEAVE A REPLY

Please enter your comment!
Please enter your name here