ਮੋਗਾ’ਚ ਭਾਜਪਾ 14 ਮਾਰਚ ਨੂੰ ਕਰੇਗੀ ਬਦਲਾਅ ਰੈਲੀ/ ਗ੍ਰਹਿ ਮੰਤਰੀ ਅਮਿਤ ਸ਼ਾਹ ਕਰਨਗੇ ਸੰਬੋਧਨ/ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਾਂਝਾ ਕੀਤੀ ਜਾਣਕਾਰੀ

0
2

 

ਪੰਜਾਬ ਭਾਜਪਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਫੇਰੀ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ। 14 ਮਾਰਚ ਨੂੰ ਮੋਗਾ ਵਿਖੇ ਹੋਣ ਵਾਲੇ ਇਸ ਇਕੱਠ ਨੂੰ ਬਦਲਾਵ ਰੈਲੀ ਦਾ ਨਾਮ ਦਿੱਤਾ ਗਿਆ ਹੈ। ਇਸ ਸਬੰਧੀ ਕੀਤੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ 16 ਮਾਰਚ ਨੂੰ ਪੰਜਾਬ ਦੀ ਰਿਮੋਟਰ ਸਰਕਾਰ ਦੇ ਚਾਰ ਸਾਲ ਪੂਰੇ ਹੋ ਰਹੇ ਹਨ ਅਤੇ ਇਸੇ ਦਿਨ ਭਾਜਪਾ ਵੱਲੋਂ ਮੋਗਾ ਵਿਖੇ ਬਦਲਾਅ ਰੈਲੀ ਕਰ ਕੇ ਸਰਕਾਰ ਨੂੰ ਬਦਲਣ ਦਾ ਹੌਕਾ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਪਿਛਲੇ ਚਾਰ ਸਾਲਾਂ ਤੋਂ ਦਿੱਲੀ ਤੋਂ ਰਿਮੋਟ ਰਾਹੀਂ ਸਰਕਾਰ ਚਲਾਈ ਜਾ ਰਹੀ ਹੈ। ਜਦੋਂ ਵੀ ਇਤਿਹਾਸ ਉਨ੍ਹਾਂ ਨੂੰ ਯਾਦ ਕਰੇਗਾ, ਉਨ੍ਹਾਂ ਨੂੰ ਸਿਰਫ ਉਨ੍ਹਾਂ ਦੀਆਂ ਅਸਫਲਤਾਵਾਂ ਅਤੇ ਵੋਟਰਾਂ ਨਾਲ ਕੀਤੇ ਆਪਣੇ ਵਾਅਦੇ ਪੂਰੇ ਕਰਨ ਵਿੱਚ ਅਸਫਲ ਰਹਿਣ ਲਈ ਯਾਦ ਕੀਤਾ ਜਾਵੇਗਾ।  ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਡਾਵਾਡੋਲ ਹੋ ਗਈ ਹੈ। ਪੈਨਸ਼ਨਰਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ। ਉਨ੍ਹਾਂ ਕਿਹਾ ਕਿ ਮਾਨ ਸਾਹਿਬ ਅਤੇ ਕੇਜਰੀਵਾਲ ਨੇ ਪੰਜਾਬ ਦੇ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਪ੍ਰਦਾਨ ਕਰਨ ਦਾ ਵਾਅਦਾ ਕੀਤਾ ਸੀ, ਪਰ ਚਾਰ ਸਾਲਾਂ ਬਾਅਦ ਵੀ, ਉਨ੍ਹਾਂ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ।
ਇਸ ਦੇ ਉਲਟ, ਕੇਂਦਰ ਸਰਕਾਰ ਦੇ ਫੰਡਾਂ ਦੀ ਪੂਰੀ ਵਰਤੋਂ ਨਹੀਂ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਵਪਾਰਕ ਭਾਈਚਾਰਾ ਪੂਰੀ ਤਰ੍ਹਾਂ ਦੁਖੀ ਹੈ, ਉਨ੍ਹਾਂ ਨੂੰ ਜਬਰੀ ਵਸੂਲੀ ਦੀਆਂ ਕਾਲਾਂ ਆ ਰਹੀਆਂ ਹਨ। ਪੰਜਾਬ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ, ਹਰ ਪੰਜਾਬੀ ਭਾਜਪਾ ਨੂੰ ਇੱਕ ਵਿਕਲਪ ਵਜੋਂ ਦੇਖ ਰਿਹਾ ਹੈ। ਪੰਜਾਬ ਦੀ ਵਿਗੜ ਰਹੀ ਕਾਨੂੰਨ-ਵਿਵਸਥਾ ਤੇ ਸਵਾਲ ਖੜ੍ਹੇ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਆਏ ਦਿਨ ਕਤਲ ਹੋ ਰਹੇ ਨੇ। ਨਸ਼ਾ ਤੇ ਮਾਈਨਿੰਗ ਮਾਫੀਆ ਨਾਲ ਮਿਲੀਭੁਗਤ ਕਰ ਕੇ ਭ੍ਰਿਸ਼ਟਾਚਾਰ ਜ਼ੋਰਾਂ ਉਤੇ ਚੱਲ ਰਿਹਾ ਹੈ। ਸਿਹਤ ਅਤੇ ਸਿੱਖਿਆ ਪ੍ਰਣਾਲੀ ਡਗਮਗਾ ਰਹੀ ਹੈ, ਕਰਮਚਾਰੀਆਂ ਨੂੰ ਤਨਖ਼ਾਹ ਅਤੇ ਪੈਨਸ਼ਨ ਸਮੇਂ ’ਤੇ ਨਹੀਂ ਮਿਲ ਰਹੀ। ਮੁਫ਼ਤ ਯੋਜਨਾਵਾਂ ਦੇ ਬਕਾਏ ਨਾ ਮਿਲਣ ਕਾਰਨ ਬਿਜਲੀ ਬੋਰਡ ਅਤੇ ਪੰਜਾਬ ਰੋਡਵੇਜ਼ ਭਾਰੀ ਘਾਟੇ ਵਿੱਚ ਹਨ ਅਤੇ ਮਹੀਨਿਆਂ ਤੋਂ ਤਨਖ਼ਾਹ ਤੱਕ ਨਹੀਂ ਦੇ ਪਾ ਰਹੇ।
ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ, ਜਦਕਿ ਆਪ ਦੇ ਹੀ ਨੇਤਾ, ਸੰਸਦ ਮੈਂਬਰ ਅਤੇ ਵਿਧਾਇਕ ਮਾਫੀਆ ਨਾਲ ਮਿਲੀਭੁਗਤ ਦੇ ਦੋਸ਼ ਲਗਾ ਰਹੇ ਹਨ। ਮਾਨ ਨੇ ਹਰ ਫ਼ਸਲ ’ਤੇ ਐਮਐਸਪੀ ਦੇਣ ਦਾ ਵਾਅਦਾ ਪੂਰਾ ਕਰਨਾ ਤਾਂ ਦੂਰ, ਪਿਛਲੇ ਚਾਰ ਸਾਲਾਂ ਵਿੱਚ ਕੇਂਦਰ ਵੱਲੋਂ ਕਣਕ ਅਤੇ ਝੋਨੇ ਲਈ ਭੇਜੀ ਜਾ ਰਹੀ ਐਮਐਸਪੀ ਵਿੱਚ ਵੀ ਕਿਸਾਨਾਂ ਨੂੰ ਕਟੌਤੀ ਝੱਲਣੀ ਪਈ। ਵਪਾਰੀ, ਪੰਜਾਬ ਸਰਕਾਰ ਦੇ ਟੈਕਸ ਉਗਰਾਹੀ ਦੇ ਅੱਤਵਾਦ ਤੋਂ ਪੀੜਤ ਹਨ। ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਨੂੰ ਜਾਣ ਵਾਲੀਆਂ ਅਤੇ ਅੰਦਰੂਨੀ ਸੜਕਾਂ ਨੂੰ ਨਵਾਂ ਬਣਾਉਣਾ ਤਾਂ ਦੂਰ, ਚਾਰ ਸਾਲਾਂ ਵਿੱਚ ਖੱਡੇ ਤੱਕ ਨਹੀਂ ਭਰੇ ਗਏ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰ ਕੋਨੇ ਅੰਦਰ ਰੋਜਾਨਾ ਲੁੱਟ-ਖੋਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਵੱਡੇ ਵਪਾਰੀਆਂ ਦੇ ਨਾਲ-ਨਾਲ ਛੋਟੀਆਂ ਮੋਟੀਆਂ ਦੁਕਾਨਾਂ ਕਰਨ ਵਾਲਿਆਂ ਨੂੰ ਵੀ ਫਿਰੌਤੀਆਂ ਦੀਆਂ ਕਾਲਾਂ ਆ ਰਹੀਆਂ ਨੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਅਜਿਹੇ ਹਾਲਾਤਾਂ ਵਿਚੋਂ ਕੱਢਣ ਲਈ ਲੋਕ ਭਾਜਪਾ ਵੱਲ ਵੇਖ ਰਹੇ ਹਨ।

LEAVE A REPLY

Please enter your comment!
Please enter your name here