ਮੋਗਾ ਵਿਖੇ ਕੈਨੇਡੀਅਨ ਸਾਂਸਦ ਗਿੱਲ ਦਾ ਸਵਾਗਤ/ ਕੈਨੇਡਾ ’ਚ ਚੋਣ ਜਿੱਤਣ ਤੋਂ ਬਾਅਦ ਪਾਈ ਮੋਗਾ ਫੇਰੀ/ ਸਿਰੋਪਾਓ ਪਾ ਕੇ ਕੀਤਾ ਗਿਆ ਸਵਾਗਤ

0
2

ਕੈਨੇਡਾ ਦੇ ਕੈਲਗਿਰੀ ਸਕਾਈਵਿਊ ਹਲਕੇ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਅਮਨਪ੍ਰੀਤ ਸਿੰਘ ਗਿੱਲ ਅੱਜ ਆਪਣੇ ਜੱਦੀ ਸ਼ਹਿਰ ਮੋਗਾ ਵਿਖੇ ਪਹੁੰਚੇ ਜਿੱਥੇ ਸ਼ਹਿਰ ਵਾਸੀਆਂ ਵੱਲੋਂ ਉਨ੍ਹਾਂ ਦਾ ਸਿਰੋਪਾਓ ਪਾ ਕੇ ਸਵਾਗਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਆਸੀ ਆਗੂ ਦਵਿੰਦਰ ਸਿੰਘ ਰਣੀਆਂ ਨੇ ਕਿਹਾ ਕਿ ਅਮਨਪ੍ਰੀਤ ਸਿੰਘ ਨੇ ਕੈਨੇਡਾ ਵਿਚ ਚੋਣ ਜਿੱਤ ਕੇ ਪੰਜਾਬੀਆਂ ਦਾ ਮਾਣ ਵਧਾਇਆ ਹੈ, ਜਿਸ ਦੇ ਚਲਦਿਆਂ ਉਨ੍ਹਾਂ ਦੇ ਅੱਜ ਇੱਥੇ ਪਹੁੰਚਣ ‘ਤੇ ਸਵਾਗਤ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਮੋਗਾ ਪੰਜਾਬ ਦਾ ਉਹ ਸ਼ਹਿਰ ਹੈ ਜਿਸਨੂੰ ਪੰਜਾਬ ਦੀ ਧੂਨੀ ਕਿਹਾ ਜਾਂਦਾ ਹੈ, ਅਰਥਾਤ ਮੋਗਾ ਨੂੰ ਪੰਜਾਬ ਦਾ ਸੈਂਟਰ ਮੰਨਿਆ ਜਾਂਦਾ ਹੈ। ਮੋਗਾ ਨੇ ਦੇਸ਼ ਨੂੰ ਜਿੱਥੇ ਨਾਮਵਰ ਖਿਡਾਰੀ, ਬਾਲੀਵੁੱਡ ਅਦਾਕਾਰ ਅਤੇ ਮਸ਼ਹੂਰ ਗਾਇਕ ਦਿੱਤੇ ਹਨ ਅਤੇ ਦੁਨੀਆ ਭਰ ਵਿੱਚ ਆਪਣਾ ਨਾਮ ਰੌਸ਼ਨ ਕੀਤਾ ਹੈ, ਉੱਥੇ ਹੀ ਇੱਕ ਵਾਰ ਫਿਰ ਮੋਗਾ ਦਾ ਨਾਮ ਉਸ ਵੇਲੇ ਹੋਰ ਉੱਚਾ ਹੋ ਗਿਆ ਜਦੋਂ ਮੋਗਾ ਦੇ ਹਾਕਮ ਕੇ ਅਗਵਾੜ ਦੇ ਰਹਿਣ ਵਾਲੇ ਅਮਨਪ੍ਰੀਤ ਸਿੰਘ ਗਿੱਲ Canada ਦੇ ਕੈਲਗਿਰੀ ਸਕਾਈਵਿਊ ਹਲਕੇ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਅਤੇ ਮੋਗਾ ਦਾ ਨਾਮ ਰੌਸ਼ਨ ਕੀਤਾ।
ਦੱਸਣਯੋਗ ਹੈ ਕਿ ਅਮਨਪ੍ਰੀਤ ਸਿੰਘ ਪਹਿਲਾਂ ਵੀ ਕੈਲਗਿਰੀ ਤੋਂ ਐਮ.ਐਲ.ਏ. ਦੀ ਚੋਣ ਲੜ ਚੁੱਕੇ ਸਨ, ਪਰ ਉਸ ਵੇਲੇ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹਾਲ ਹੀ ਵਿੱਚ ਕੈਨੇਡਾ ਵਿੱਚ ਹੋਈ ਪਾਰਲੀਮੈਂਟ ਚੋਣਾਂ ਵਿੱਚ ਉਹ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਰੇ ਅਤੇ ਜਿੱਤ ਦਰਜ ਕਰਦੇ ਹੋਏ ਮੈਂਬਰ ਪਾਰਲੀਮੈਂਟ ਬਣੇ। ਇਹ ਵੀ ਜ਼ਿਕਰਯੋਗ ਹੈ ਕਿ ਕੈਨੇਡਾ ਦੇ ਐਮ.ਪੀ. ਅਮਨਪ੍ਰੀਤ ਸਿੰਘ ਦੇ ਪਿਤਾ ਅਮ੍ਰਿਤਪਾਲ ਅੰਬੀ ਕਈ ਦਹਾਕਿਆਂ ਤੱਕ ਮੋਗਾ ਨਗਰ ਕੌਂਸਲ ਵਿੱਚ ਕੌਂਸਲਰ ਰਹੇ ਹਨ ਅਤੇ ਉਨ੍ਹਾਂ ਨੇ ਸ਼ਹਿਰ ਦੀ ਕਾਫ਼ੀ ਸੇਵਾ ਕੀਤੀ ਹੈ।
ਗੱਲਬਾਤ ਕਰਦਿਆਂ ਹੋਇਆਂ ਸਿਆਸੀ ਆਗੂ ਦਵਿੰਦਰ ਸਿੰਘ ਰਣੀਆਂ ਨੇ ਕਿਹਾ ਕਿ ਪੰਜਾਬ ਵਿੱਚ ਅੱਜ ਇੱਕ ਮਾਣ ਵਾਲਾ ਮੌਕਾ ਵੇਖਣ ਨੂੰ ਮਿਲਿਆ ਜਦੋਂ ਕੈਨੇਡਾ ਤੋਂ ਮੈਂਬਰ ਪਾਰਲੀਮੈਂਟ ਅਮਨਪ੍ਰੀਤ ਸਿੰਘ ਆਪਣੇ ਹਲਕੇ ਕੈਲਗਰੀ ਦੇ ਸਕਾਈ ਵਿਊ ਏਰੀਏ ਤੋਂ ਚੁਣੇ ਜਾਣ ਉਪਰੰਤ ਪੰਜਾਬ ਪਹੁੰਚੇ। ਉਨ੍ਹਾਂ ਦਾ ਇੱਥੇ ਪਹੁੰਚਣ ‘ਤੇ ਸਵਾਗਤ ਕੀਤਾ ਗਿਆ ਅਤੇ ਘਰ ਬੁਲਾ ਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨਾਂ ਕਿਹਾ ਕਿ ਇਹ ਸਿਰਫ਼ ਵਿਅਕਤੀਗਤ ਸਫਲਤਾ ਨਹੀਂ, ਸਗੋਂ ਸਮੂਹ ਪੰਜਾਬੀਆਂ ਅਤੇ ਸਿੱਖ ਕੌਮ ਲਈ ਮਾਣ ਦੀ ਗੱਲ ਹੈ। ਵਿਦੇਸ਼ਾਂ ਵਿੱਚ ਜਾ ਕੇ ਆਪਣੇ ਕੰਮਕਾਜ ਦੇ ਨਾਲ-ਨਾਲ ਰਾਜਨੀਤਿਕ ਮੈਦਾਨ ਵਿੱਚ ਆਪਣੀ ਪਛਾਣ ਬਣਾਉਣਾ ਅਤੇ ਐਮਪੀ ਬਣਨਾ ਇੱਕ ਵੱਡੀ ਉਪਲਬਧੀ ਹੈ।
ਇਸ ਮੌਕੇ ਬੁਲਾਰਿਆਂ ਨੇ ਦੱਸਿਆ ਕਿ ਨੌਜਵਾਨ ਉਮਰ ਵਿੱਚ ਐਮਪੀ ਬਣਨਾ ਹੋਰ ਵੀ ਪ੍ਰੇਰਣਾਦਾਇਕ ਹੈ। ਉਹਨਾਂ ਦੇ ਪਰਿਵਾਰਕ ਪਿਛੋਕੜ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਕਿ ਉਹ ਬੁੱਕਣ ਵਾਲਾ ਨਾਲ ਸੰਬੰਧਤ ਹਨ ਅਤੇ ਆਇਆ ਸਿੰਘ ਦੇ ਬੇਟੇ ਹਨ। ਉਨ੍ਹਾਂ ਨੇ ਇਹ ਵੀ ਅਪੀਲ ਕੀਤੀ ਕਿ ਜਿੱਥੇ ਵੀ ਪੰਜਾਬੀ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਵੱਸਦੇ ਹਨ, ਉਹ ਆਪਣੇ ਕੰਮਕਾਜ ਦੇ ਨਾਲ-ਨਾਲ ਰਾਜਨੀਤਿਕ ਪ੍ਰਣਾਲੀ ਵਿੱਚ ਵੀ ਭਾਗ ਲੈਣ। ਰਾਜਨੀਤਿਕ ਤੌਰ ‘ਤੇ ਮਜ਼ਬੂਤ ਹੋਣ ਨਾਲ ਹੀ ਆਪਣੀ ਕੌਮ, ਵਿਰਸੇ ਅਤੇ ਪੰਜਾਬ ਨਾਲ ਜੁੜੀਆਂ ਮੰਗਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੱਖਿਆ ਜਾ ਸਕਦਾ ਹੈ।

LEAVE A REPLY

Please enter your comment!
Please enter your name here