ਫਿਰੋਜ਼ਪੁਰ ਦੇ ਕਿਸਾਨਾਂ ਨੂੰ ਮੁੱਖ ਮੰਤਰੀ ਮਾਨ ਦਾ ਵੱਡਾ ਤੋਹਫਾ/ ਫਿਰੋਜ਼ਪੁਰ ਫੀਡਰ ਨਹਿਰ ਦੀ ਰੀਲਾਈਨਿੰਗ ਦਾ ਕੀਤਾ ਉਦਘਾਟਨ/ ਪਿਛਲੀਆਂ ਸਰਕਾਰਾਂ ਵੱਲ ਸਾਧੇ ਨਿਸ਼ਾਨੇ

0
3

ਮੁੱਖ ਮੰਤਰੀ ਮਾਨ ਅੱਜ ਫਿਰੋਜ਼ਪੁਰ ਦੇ ਹਲਕਾ ਜ਼ੀਰਾ ਵਿਖੇ ਪਹੁੰਚੇ ਜਿੱਥੇ  ਉਨ੍ਹਾਂ ਨੇ ਵਿਧਾਇਕ ਨਰੇਸ਼ ਕਟਾਰੀਆ ਦੀ ਅਗਵਾਈ ਹੇਠ ਬਲਾਕ ਮੱਖੂ ਦੀ ਅਨਾਜ ਮੰਡੀ ’ਚ ਰੱਖੀ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਫ਼ਿਰੋਜ਼ਪੁਰ ਫੀਡਰ ਨਹਿਰ ਦੀ ਰੀਲਾਈਨਿੰਗ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਵਲੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਵੱਖ-ਵੱਖ ਵਿਭਾਗਾਂ ਦੇ ਕੈਬਨਿਟ ਮੰਤਰੀ ਅਤੇ ਵਿਧਾਇਕ ਹਾਜ਼ਰ ਸਨ।
ਇਸ ਦੌਰਾਨ ਪਿਛਲੀਆਂ ਸਰਕਾਰਾਂ ਵੱਲੋ ਨਿਸ਼ਾਨਾ ਵਿਨ੍ਹਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਵੱਡੇ ਲੀਡਰਾਂ ਦੇ ਖੇਤਾਂ ਤੱਕ ਪਾਣੀ ਪਹੁੰਚਾਉਣ ਦੇ ਚੱਕਰ ’ਚ ਪਿਛਲੀਆਂ ਸਰਕਾਰਾਂ ਨੇ ਨਹਿਰਾਂ ’ਚ ਮੋਘੇ ਹੀ ਨਹੀਂ ਬਣਾਏ। ਇਹੋ ਕਾਰਣ ਹੈ ਕਿ 74 ਸਾਲ ਪਹਿਲੋਂ ਬਣੀ ਨਹਿਰ ਦੀ ਮੁਰੰਮਤ ਤੱਕ ਦੀ ਕਿਸੇ ਨੇ ਸਾਰ ਨਹੀਂ ਲਈ। ਮਾਰਚ 2022 ਵਿਚ ਪੰਜਾਬ ਦੀ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨਹਿਰੀ ਸਿੰਚਾਈ ਸਿਸਟਮ ਨੂੰ ਦੁਬਾਰਾ ਮਜਬੂਤ ਕਰਦਿਆਂ ਟੇਲਾਂ ਤੱਕ ਪਾਣੀ ਪਹੁੰਚਾਇਆ ਜਾ ਰਿਹਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਜਿਹੜੀਆਂ ਨਹਿਰਾਂ ਪਹਿਲਾਂ ਵੱਡੇ ਲੀਡਰਾਂ ਦੇ ਖੇਤਾਂ ਵਿਚ ਜਾ ਕੇ ਮੁੱਕ ਜਾਂਦੀਆਂ ਸਨ, ਉਨ੍ਹਾਂ ਦਾ ਪਾਣੀ ਪਾਣੀ ਹੁਣ ਟੇਲਾਂ ਤੱਕ ਪਹੁੰਚ ਰਿਹਾ ਹੈ।  ਨਹਿਰਾਂ ਦੇ ਤਲੇ ਪੱਕੇ ਕਰਕੇ ਧਰਤੀ ਹੇਠਲੇ ਪਾਣੀ ਦਾ ਪੱਧਰ ਡਿੱਗਣ ਦੇ ਖਦਸ਼ੇ ਨੂੰ ਦੂਰ ਕਰਦਿਆਂ ਭਗਵੰਤ ਮਾਨ ਨੇ ਆਖਿਆ ਕਿ ਕੇਂਦਰ ਵੱਲੋਂ ਆਈ ਪ੍ਰਪੋਜ਼ਲ ’ਤੇ ਉਨ੍ਹਾਂ ਦੀ ਟੀਮ ਵੱਲੋਂ ਆਬਜੈਕਸ਼ਨ ਕੀਤੀ ਗਈ ਤਾਂ ਉਨ੍ਹਾਂ ਤੋਂ ਇਸ ਦਾ ਹੱਲ ਪੁੱਛਿਆਂ ਗਿਆ ਸੀ। ਇਸ’ਤੇ ਉਨ੍ਹਾਂ ਇੰਜੀਨੀਅਰਾਂ ਦੀ ਟੀਮ ਦੇ ਨਾਲ ਬੈਠ ਕੇ ਹਰ 10 ਮੀਟਰ ’ਤੇ ਇਕ ਰਿਚਾਰਜ਼ ਪੁਆਇੰਟ ਬਨਾਉਣ ਦਾ ਡਿਜ਼ਾਇਨ ਤਿਆਰ ਕਰਵਾ ਕੇ ਇਸ ਨੂੰ ਅਮਲੀ ਜਾਮਾ ਪੁਆਇਆ। ਹੁਣ ਹਰ 10 ਮੀਟਰ ’ਤੇ ਬਣਿਆਂ ਰੀਚਾਰਜ਼ ਪੁਆਇੰਟ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ਼ ਕਰੇਗਾ। ਇਸ ਨਾਲ ਪਾਣੀ ਦੇ ਪੱਧਰ ਨੂੰ ਵੀ ਕੋਈ ਫਰਕ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਅਤੇ ਨਹਿਰੀ ਪਾਣੀ ਤਕ ਵੱਧ ਤੋਂ ਵੱਧ ਕਿਸਾਨਾਂ ਦੀ ਪਹੁੰਚ ਬਣਾਉਣਾ ਇਸੇ ਕੋਸ਼ਿਸ਼ ਦਾ ਹਿੱਸਾ ਹੈ।
ਦੱਸ ਦਈਏ ਕਿ ਫ਼ਿਰੋਜ਼ਪੁਰ ਫੀਡਰ ਨਹਿਰ ਦੀ ਰੀਲਾਈਨਿੰਗ ਤੋਂ ਬਾਅਦ ਫ਼ਿਰੋਜ਼ਪੁਰ, ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਫ਼ਾਜ਼ਿਲਕਾ ਜ਼ਿਲ੍ਹਿਆਂ ਦੇ 14 ਬਲਾਕਾਂ ਵਿਚ ਨਹਿਰ ਰਾਹੀਂ ਪਾਣੀ ਪਹੁੰਚੇਗਾ । ਪੂਰੇ ਪ੍ਰੋਜੈਕਟ ਦੀ ਅਨੁਮਾਨਤ ਲਾਗਤ 647.62 ਕਰੋੜ ਰੁਪਏ ਹੈ। 15 ਕਿਲੋਮੀਟਰ ਲਾਈਨਿੰਗ ਸਿਰਫ 35 ਦਿਨਾਂ ਵਿਚ ਪੂਰੀ ਹੋ ਗਈ। ਰੀਲਾਈਨਿੰਗ ਤੋਂ ਬਾਅਦ, ਨਹਿਰ ਦੀ ਸਮਰੱਥਾ 11,192 ਕਿਊਸਿਕ ਤੋਂ ਵੱਧ ਕੇ 13,873 ਕਿਊਸਿਕ ਹੋ ਗਈ ਹੈ। ਰੀਲਾਈਨਿੰਗ ਤੋਂ ਬਾਅਦ, 2,681 ਕਿਊਸਿਕ ਵਾਧੂ ਪਾਣੀ ਉਪਲਬਧ ਹੋਵੇਗਾ।ਇਹ ਪ੍ਰੋਜੈਕਟ ਪੰਜਾਬ ਦੇ 6.45 ਲੱਖ ਹੈਕਟੇਅਰ ਰਕਬੇ ਨੂੰ ਸਿੰਚਾਈ ਲਈ ਪਾਣੀ ਪ੍ਰਦਾਨ ਕਰੇਗਾ।

LEAVE A REPLY

Please enter your comment!
Please enter your name here