ਪੰਜਾਬ ਅੰਮ੍ਰਿਤਸਰ ’ਚ ਹੋਇਆ ਕੈਪਟਨ ਸਵਰਾਜਦੀਪ ਸਿੰਘ ਦਾ ਸਸਕਾਰ/ ਝਾਰਖੰਡ ‘ਚ ਏਅਰ ਐਬੂਲੈਂਸ ਹਾਦਸੇ ਦੌਰਾਨ ਹੋਈ ਸੀ ਮੌਤ By admin - February 25, 2026 0 2 Facebook Twitter Pinterest WhatsApp ਝਾਰਖੰਡ ਵਿਖੇ ਵਾਪਰੇ ਹਵਾਈ ਹਾਦਸੇ ਵਿਚ ਜਾਨ ਗੁਆਉਣ ਵਾਲੇ ਅੰਮ੍ਰਿਤਸਰ ਨਾਲ ਸਬੰਧਤ ਨੌਜਵਾਨ ਪਾਇਲਟ ਕੈਪਟਨ ਸਵਰਾਜਦੀਪ ਸਿੰਘ ਦਾ ਅੰਤਮ ਸਸਕਾਰ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਦੇ ਇਲਾਕਾ ਗੋਬਿੰਦ ਨਗਰ ਵਾਸੀ ਸਵਰਾਜਦੀਪ ਸਿੰਘ ਦੀ ਮ੍ਰਿਤਕ ਦੇਹ ਅੱਜ ਸਵੇਰੇ ਅੰਮ੍ਰਿਤਸਰ ਵਿਖੇ ਪਹੁੰਚੀ ਜਿੱਥੇ ਪਰਿਵਾਰ ਵੱਲੋਂ ਆਪਣੇ ਜਵਾਨ ਪੁੱਤਰ ਨੂੰ ਧਾਰਮਿਕ ਰਸਮਾਂ ਨਾਲ ਅੰਤਮ ਵਿਦਾਈ ਦਿੱਤੀ। ਇਸ ਮੌਕੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਤੋਂ ਇਲਾਵਾ ਸਾਂਸਦ ਗੁਰਜੀਤ ਸਿੰਘ ਔਜਲਾ, ਵਿਧਾਇਕ ਡਾ: ਇੰਦਰਬੀਰ ਸਿੰਘ ਨਿੱਜਰ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਤੇ ਸ਼ਹਿਰ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦੇ ਨੌਜਵਾਨ ਕੈਪਟਨ ਸਵਰਾਜਦੀਪ ਸਿੰਘ ਦੀ ਦੋ ਦਿਨ ਪਹਿਲਾਂ 6 ਹੋਰਨਾਂ ਵਿਅਕਤੀਆਂ ਸਮੇਤ ਝਾਰਖੰਡ ਵਿਚ ਏਅਰ ਐਂਬੁਲੈਂਸ ਹਾਦਸੇ ਦੌਰਾਨ ਮੌਤ ਹੋ ਗਈ ਸੀ। ਇਸ ਮੌਕੇ ਪੀੜਤ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜਕੱਲ੍ਹ ਨਵੇਂ ਜਹਾਜ਼ ਲਿਆਂਦੇ ਜਾਣ ਦੀ ਬਜਾਇ ਪੁਰਾਣੇ ਜਹਾਜ਼ਾਂ ਨੂੰ ਰਿਪੇਅਰ ਕਰਵਾ ਕੇ ਹੀ ਉਡਾਇਆ ਜਾ ਰਿਹਾ ਹੈ, ਜੋ ਕਿ ਬਹੁਤ ਖ਼ਤਰਨਾਕ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਰਿਪੇਅਰ ਕੀਤੇ ਜਹਾਜ਼ਾਂ ਦਾ ਕੋਈ ਭਰੋਸਾ ਨਹੀਂ ਹੁੰਦਾ। ਜੇਕਰ ਕੋਈ ਤਕਨੀਕੀ ਖ਼ਾਮੀ ਰਹਿ ਜਾਵੇ ਤਾਂ ਵੱਡਾ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਨਵੇਂ ਤਰੀਕਿਆਂ ਨਾਲ ਕੰਮ ਕਰਨ ਦੀ ਥਾਂ ਪੁਰਾਣੇ ਢੰਗ ਅਪਣਾਏ ਜਾ ਰਹੇ ਹਨ, ਜਿਸ ਨਾਲ ਯਾਤਰੀਆਂ ਅਤੇ ਸਟਾਫ਼ ਦੀ ਜਾਨ ਖ਼ਤਰੇ ’ਚ ਪੈ ਰਹੀ ਹੈ। ਪਰਿਵਾਰ ਨੇ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਹਰ ਜਹਾਜ਼ ਦੀ ਉਡਾਣ ਤੋਂ ਪਹਿਲਾਂ ਪੂਰੀ ਤਰ੍ਹਾਂ ਤਕਨੀਕੀ ਜਾਂਚ ਕਰਵਾਈ ਜਾਵੇ। “ਅੱਜ ਸਾਡੇ ਨਾਲ ਹੋਇਆ ਹੈ, ਕੱਲ੍ਹ ਕਿਸੇ ਹੋਰ ਦੇ ਨਾਲ ਵੀ ਹੋ ਸਕਦਾ ਹੈ,” ਪਰਿਵਾਰ ਨੇ ਦਰਦ ਭਰੇ ਸ਼ਬਦਾਂ ਵਿੱਚ ਕਿਹਾ। ਉਨ੍ਹਾਂ ਮੰਗ ਕੀਤੀ ਕਿ ਕੰਪਨੀਆਂ ਨੂੰ ਸਿਰਫ਼ ਮੁਨਾਫ਼ੇ ਲਈ ਨਹੀਂ, ਸਗੋਂ ਜਾਨਾਂ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਜਾਵੇ। ਇਸ ਦੌਰਾਨ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਰਾਂਚੀ ਵਿੱਚ ਮਾਰੇ ਗਏ ਪਾਇਲਟ ਸਵਰਾਜ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਹੋਏ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਪਰਿਵਾਰਾਂ ਨੇ ਬੱਚਿਆਂ ਨੂੰ ਪਾਲਿਆ, ਉਨ੍ਹਾਂ ’ਤੇ ਪੈਸਾ ਖਰਚਿਆ, ਪਿਆਰ ਦਿੱਤਾ, ਪਰ ਇਸ ਤਰ੍ਹਾਂ ਦੀ ਦੁਖਦਾਈ ਘਟਨਾ ਹੋ ਜਾਣਾ ਸਮਾਜ ਲਈ ਵੱਡਾ ਸਦਮਾ ਹੈ। ਡਾ. ਨਿੱਜਰ ਨੇ ਕਿਹਾ ਕਿ ਇਸ ਪ੍ਰਣਾਲੀ ਵਿੱਚ ਕਈ ਖਾਮੀਆਂ ਹਨ, ਜਿਨ੍ਹਾਂ ਨੂੰ ਸਵੀਕਾਰ ਕਰਕੇ ਸੁਧਾਰ ਕਰਨ ਦੀ ਲੋੜ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕਈ ਏਵੀਏਸ਼ਨ ਕੰਪਨੀਆਂ ਕੋਲ ਨਾ ਤਾਂ ਪੂਰੇ ਸਪੇਅਰ ਪਾਰਟਸ ਹਨ ਅਤੇ ਨਾ ਹੀ ਪ੍ਰਸ਼ਿਖਤ ਸਟਾਫ਼। ਸਟਾਫ਼ ਦੀ ਘਾਟ ਕਾਰਨ ਅਕਸਰ ਕੰਮ ਕਿਸਮਤ ਦੇ ਭਰੋਸੇ ਛੱਡ ਦਿੱਤਾ ਜਾਂਦਾ ਹੈ, ਜੋ ਕਦੇ ਵੀ ਨਹੀਂ ਹੋਣਾ ਚਾਹੀਦਾ। ਉਨ੍ਹਾਂ ਸਰਕਾਰ ਅਤੇ ਸੰਬੰਧਤ ਅਥਾਰਿਟੀਆਂ ਨੂੰ ਅਪੀਲ ਕੀਤੀ ਕਿ ਡਾਇਰੈਕਟ ਨਿਗਰਾਨੀ ਅਤੇ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਬਚਿਆ ਜਾ ਸਕੇ।