ਸੰਗਰੂਰ ਪੁਲਿਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ/ ਬੀਮੇ ਦੇ ਪੈਸੇ ਬਟੋਰਨ ਖਾਤਰ ਕੀਤਾ ਮਾਸੂਮ ਦਾ ਕਤਲ

0
1

ਸੰਗਰੂਰ ਅਧੀਨ ਆਉਂਦੇ ਖਨੌਰੀ ਦੇ ਪਿੰਡ ਰਾਮਗੜ੍ਹ ਗੁੱਜਰਾਂ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਦਾ ਮਾਮਲਾ ਸਾਹਮਣਾ ਆਇਆ ਹੈ। ਇੱਥੇ ਕੁਝ ਲੋਕਾਂ ਨੇ ਬੀਮੇ ਦੀ ਰਕਮ ਬਟੋਰਨ ਖਾਤਰ ਇਕ ਮਾਸੂਮ ਵਿਅਕਤੀ ਦਾ ਕਤਲ ਕਰ ਦਿੱਤਾ। ਪਹਿਲਾਂ ਘਟਨਾ ਨੂੰ ਕੁਦਰਤੀ ਮੌਤ ਮੰਨਿਆ ਜਾ ਰਿਹਾ ਸੀ ਪਰ ਬਾਅਦ ਵਿਚ ਬੀਮਾ ਕੰਪਨੀਆਂ ਦੇ ਏਜੰਟਾਂ ਦੇ ਘਰ ਪਹੁੰਚਣ ਤੋਂ ਬਾਅਦ ਸ਼ੱਕ ਦੀ ਸੂਈ ਕਤਲ ਵੱਲ ਘੁੰਮੀ, ਜਿਸ ਤੋਂ ਬਾਅਦ ਪੁਲਿਸ ਦੀ ਜਾਂਚ ਦੌਰਾਨ ਇਹ ਘਟਨਾ ਬੀਮੇ ਦੀ ਰਕਮ ਬਟੋਰਨ ਖਾਤਰ ਕਤਲ ਸਾਬਤ ਹੋਈ। ਪੁਲਿਸ ਨੇ ਇਸ ਮਾਮਲੇ ਵਿਚ ਇਕ ਦੋਸ਼ੀ ਨੂੰ ਕਾਬੂ ਕਰ ਲਿਆ ਹੈ ਜਦਕਿ ਦੂਜੇ ਦੀ ਭਾਲ ਕੀਤੀ ਜਾ ਰਹੀ ਹੈ।
ਸ਼ਿਕਾਇਤਕਰਤਾ ਬਿਕਰਮ ਸਿੰਘ ਅਨੁਸਾਰ, ਉਸ ਦੇ ਭਰਾ ਤਾਰਾ ਕ੍ਰਿਸ਼ਨ ਦੀ ਮੌਤ 25 ਨਵੰਬਰ 2025 ਨੂੰ ਹੋਈ ਸੀ। ਉਸ ਸਮੇਂ ਪਰਿਵਾਰ ਨੂੰ ਲੱਗਿਆ ਕਿ ਇਹ ਇੱਕ ਕੁਦਰਤੀ ਮੌਤ ਹੈ, ਪਰ ਅਸਲੀਅਤ ਉਦੋਂ ਸਾਹਮਣੇ ਆਈ ਜਦੋਂ ਮੌਤ ਤੋਂ ਬਾਅਦ ਅਚਾਨਕ ਬੀਮਾ ਕੰਪਨੀਆਂ ਅਤੇ ਫਾਈਨਾਂਸ ਕੰਪਨੀਆਂ ਦੇ ਕਰਿੰਦੇ ਘਰ ਪਹੁੰਚਣ ਲੱਗੇ। ਜਾਂਚ ਦੌਰਾਨ ਪਤਾ ਲੱਗਿਆ ਕਿ ਮ੍ਰਿਤਕ ਤਾਰਾ ਕ੍ਰਿਸ਼ਨ ਦੇ ਨਾਮ ‘ਤੇ ਟਾਟਾ ਏਆਈਏ ਅਤੇ ਐਚਡੀਐਫਸੀ ਲਾਈਫ  ਵਰਗੀਆਂ ਕੰਪਨੀਆਂ ਤੋਂ ਲੱਖਾਂ ਰੁਪਏ ਦੇ ਬੀਮੇ ਕਰਵਾਏ ਗਏ ਸਨ।
ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਬੀਮਾ ਪਾਲਿਸੀਆਂ ਵਿੱਚ ਨੌਮੀਨੀ (Nominee) ਪਰਿਵਾਰ ਦੇ ਮੈਂਬਰਾਂ ਦੀ ਬਜਾਏ ਪਿੰਡ ਦੇ ਹੀ ਕੁਝ ਵਿਅਕਤੀਆਂ ਨੂੰ ਬਣਾਇਆ ਗਿਆ ਸੀ। ਸ਼ਿਕਾਇਤ ਵਿੱਚ ਸੇਨੂੰ ਪੁੱਤਰ ਮਦਨ ਲਾਲ ਅਤੇ ਗੁਰਪ੍ਰੀਤ ਸਿੰਘ ਉਰਫ਼ ਸੋਨੀ ‘ਤੇ ਗੰਭੀਰ ਦੋਸ਼ ਲਗਾਏ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਮੁਲਜ਼ਮਾਂ ਨੇ ਤਾਰਾ ਕ੍ਰਿਸ਼ਨ ਦੀ ਗਰੀਬੀ ਅਤੇ ਭੋਲੇਪਣ ਦਾ ਫਾਇਦਾ ਚੁੱਕ ਕੇ ਉਸ ਦੇ ਨਾਮ ‘ਤੇ ਬੀਮੇ ਕੀਤੇ ਅਤੇ ਫਿਰ ਬੀਮੇ ਦੇ ਪੈਸੇ ਹੜੱਪਣ ਦੀ ਨੀਅਤ ਨਾਲ ਉਸ ਦਾ ਕਤਲ ਕਰ ਦਿੱਤਾ।
ਇੰਨਾ ਹੀ ਨਹੀਂ, ਮ੍ਰਿਤਕ ਦੇ ਨਾਮ ‘ਤੇ ਇੱਕ ਸਕਾਰਪੀਓ ਗੱਡੀ ਵੀ ਫਾਈਨਾਂਸ ਕਰਵਾਈ ਗਈ ਸੀ, ਜਿਸ ਦੀ ਵਰਤੋਂ ਮੁਲਜ਼ਮ ਖ਼ੁਦ ਕਰ ਰਹੇ ਸਨ। ਬਿਕਰਮ ਸਿੰਘ ਦੀ ਸ਼ਿਕਾਇਤ ‘ਤੇ ਖਨੌਰੀ ਪੁਲਿਸ ਨੇ ਐਫ.ਆਈ.ਆਰ. ਨੰਬਰ 18 ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਨੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਕਿ ਕਿਵੇਂ ਪੈਸਿਆਂ ਦੀ ਹਵਸ ਵਿੱਚ ਕੋਈ ਕਿਸੇ ਦੀ ਜਾਨ ਦਾ ਦੁਸ਼ਮਣ ਬਣ ਸਕਦਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਜਾਂਚ ਵਿੱਚ ਹੋਰ ਕਿਹੜੇ ਵੱਡੇ ਖੁਲਾਸੇ ਹੁੰਦੇ ਹਨ।

LEAVE A REPLY

Please enter your comment!
Please enter your name here