ਚੰਡੀਗੜ੍ਹ ਅਦਾਲਤ ’ਚ ਪੇਸ਼ ਹੋਏ ਬਿਕਰਮ ਮਜੀਠੀਆ/ ਸਰਕਾਰੀ ਕੰਮ ‘ਚ ਰੁਕਾਵਟ ਮਾਮਲੇ ’ਚ ਹੋਈ ਪੇਸ਼ੀ/ 5 ਮਾਰਚ ਪਈ ਮਾਮਲੇ ਦੀ ਅਗਲੀ ਤਰੀਕ

0
2

ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਅੱਜ ਚੰਡੀਗੜ੍ਹ ਦੀ ਅਦਾਲਤ ਵਿਚ ਪੇਸ਼ੀ ਲਈ ਪਹੁੰਚੇ, ਜਿੱਥੇ ਉਨ੍ਹਾਂ ਨੇ  ਸਰਕਾਰੀ ਕੰਮ ‘ਚ ਰੁਕਾਵਟ ਪਾਉਣ ਦੇ 5 ਸਾਲ ਪੁਰਾਣੇ ਮਾਮਲੇ ਵਿਚ ਪੇਸ਼ੀ ਭੁਗਤੀ।  ਅਦਾਲਤ ਨੇ ਕੇਸ ਦੀ ਸੁਣਵਾਈ ਦੌਰਾਨ ਇਸ ਦੀ ਅਗਲੀ ਸੁਣਵਾਈ ਦੀ ਤਾਰੀਖ਼ 5 ਮਾਰਚ ਨੂੰ ਰੱਖੀ ਹੈ। ਇਸ ਮੌਕੇ ਉਨ੍ਹਾਂ ਨਾਲ ਵਕੀਲ ਅਰਸ਼ਦੀਪ ਕਲੇਰ, ਦਮਨਬੀਰ ਸੋਬਤੀ, ਰੋਜ਼ੀ ਬਰਕੰਦੀ ਅਤੇ ਬੰਟੀ ਰੋਮਾਣਾ ਮੌਜੂਦ ਰਹੇ। ਪੇਸ਼ੀ ਤੋਂ ਬਾਅਦ ਮੀਡੀਆ ਨਾਲ  ਗੱਲਬਾਤ ਦੌਰਾਨ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਨੂੰ ਅਦਾਲਤ ‘ਤੇ ਪੂਰਾ ਭਰੋਸਾ ਹੈ ਕਿ ਉਨ੍ਹਾਂ ਨੂੰ ਇਨਸਾਫ਼ ਮਿਲੇਗਾ।
ਦੱਸਣਯੋਗ ਹੈ ਕਿ ਬਿਕਰਮ ਮਜੀਠੀਆ ਨੇ ਕੱਲ੍ਹ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਹੋਣਾ ਸੀ, ਪਰ ਉਹ ਪੇਸ਼ ਨਹੀਂ ਹੋਏ। ਉਨ੍ਹਾਂ ਵੱਲੋਂ ਵਕੀਲ ਰਾਜੇਸ਼ ਕੁਮਾਰ ਰਾਏ ਨੇ ਇੱਕ ਮਹੱਤਵਪੂਰਨ ਪਾਰਟੀ ਮੀਟਿੰਗ ਦਾ ਹਵਾਲਾ ਦਿੰਦਿਆਂ ਹੋਇਆਂ ਇੱਕ ਅਰਜ਼ੀ ਦਾਇਰ ਕੀਤੀ ਗਈ ਸੀ। ਅਦਾਲਤ ਨੇ ਉਨ੍ਹਾਂ ਨੂੰ ਇੱਕ ਦਿਨ ਦੀ ਛੋਟ ਦਿੱਤੀ ਅਤੇ ਸਪੱਸ਼ਟ ਤੌਰ ‘ਤੇ ਮੰਗਲਵਾਰ ਨੂੰ ਹਰ ਕੀਮਤ ‘ਤੇ ਅਦਾਲਤ ਵਿੱਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਸਨ, ਜਿਸ ਦੇ ਤਹਿਤ ਅੱਜ ਮਜੀਠੀਆ ਅਦਾਲਤ ਵਿਚ ਪੇਸ਼ ਹੋਏ ਸਨ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਬਿਕਰਮ ਮਜੀਠੀਆ ਨੇ ਪੰਜਾਬ ਸਰਕਾਰ ਨੂੰ ਨਿਸ਼ਾਨੇ ਉਤੇ ਲੈਂਦਿਆਂ ਤਿੱਖੇ ਹਮਲੇ ਕੀਤੇ। ਅਮਨ-ਕਾਨੂੰਨ ਦੀ ਸਥਿਤੀ ਦਾ ਜ਼ਿਕਰ ਕਰਦਿਆਂ ਮਜੀਠੀਆ ਨੇ ਕਿਹਾ ਕਿ ਜਦੋਂ ਤੱਕ ਪੁਲਿਸ ਦਾ ਸਿਆਸੀਕਰਨ ਖ਼ਤਮ ਨਹੀਂ ਹੁੰਦਾ, ਉਦੋਂ ਤਕ ਇਨਸਾਫ ਨਹੀਂ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੈ, ਇਸ ਲਈ ਇੱਥੇ ਅਮਨ ਕਾਨੂੰਨ ਸਬੰਧੀ ਫੈਸਲੇ ਲੈਣ ਲਈ ਨਿਰਪੱਖ ਡੀਜੀਪੀ ਨਿਯੁਕਤ ਹੋਣਾ ਚਾਹੀਦੀ ਸੀ ਜੋ ਨਹੀਂ ਹੋ ਰਿਹਾ।
ਉਨ੍ਹਾਂ ਕਿਹਾ ਕਿ ਆਰਜੀ ਡੀਜੀਪੀ ਲਾ ਕੇ ਸਰਕਾਰ ਨੇ ਪੁਲਿਸ ਮਹਿਕਮੇ ਦਾ ਪੂਰੀ ਤਰ੍ਹਾਂ ਸਿਆਸੀਕਰਨ ਕਰ ਦਿੱਤਾ ਹੈ। ਇਸ ਲਈ ਜਦੋਂ ਤਕ  ਪੰਜਾਬ ‘ਚ ਪਰਮਾਨੈਂਟ ਡੀ. ਜੀ. ਪੀ. ਨਿਯੁਕਤ ਨਹੀਂ ਹੁੰਦਾ ਲਾਅ ਐਂਡ ਆਰਡਰ ਸਥਾਪਿਤ ਨਹੀਂ ਹੋ ਸਕਦਾ।  ਮਜੀਠੀਆ ਨੇ ਕਿਹਾ ਕਿ ਇਕ ਐੱਸ. ਐੱਸ. ਪੀ. ਨੂੰ ਕੋਈ ਹੱਕ ਨਹੀਂ ਬਣਦਾ ਕਿ ਉਹ ਪੱਗਾਂ ਵਾਲਿਆਂ ਨਾਲ ਬੁਰਾ ਸਲੂਕ ਕਰੇ ਕਿਉਂਕਿ ਉਨ੍ਹਾਂ ਦੀ ਕਿਸਾਨ ਅੰਦੋਲਨ ਦੌਰਾਨ ਦੀ ਵੀਡੀਓ ਹਰ ਪਾਸੇ ਵਾਇਰਲ ਹੋ ਗਈ ਹੈ ਕਿ ਪੀਲੇ ਪਰਨੇ ਵਾਲੇ ਨੂੰ ਫੜ੍ਹ ਕੇ ਲਿਆਓ। ਉਨ੍ਹਾਂ ਕਿਹਾ ਕਿ ਸਰਕਾਰ ਦੀ ਸ਼ਹਿ ਉਤੇ ਪੁਲਿਸ ਪੱਖਪਾਤ ਕਰ ਰਹੀ ਹੈ, ਜੋ ਸਹੀ ਨਹੀਂ ਹੈ।
ਗੁਰਦਾਸਪੁਰ ਵਿਖੇ 2 ਪੁਲਿਸ ਮੁਲਾਜ਼ਮਾਂ ਦੀ ਗੋਲੀ ਲੱਗਣ ਕਾਰਨ ਮੌਤ ਦੇ ਮਾਮਲੇ ਬਾਰੇ ਸਰਕਾਰ ਨੂੰ ਘੇਰਦਿਆਂ  ਉਨ੍ਹਾਂ ਕਿਹਾ ਕਿ ਡੀ. ਜੀ. ਪੀ. ਦਫ਼ਤਰ ਨੇ ਖ਼ੁਦ ਪ੍ਰੈੱਸ ਨੂੰ ਇਹ ਜਾਣਕਾਰੀ ਦਿੱਤੀ ਸੀ ਕਿ ਦੋਹਾਂ ਪੁਲਿਸ ਮੁਲਾਜ਼ਮਾ ਨੇ ਇਕ-ਦੂਜੇ ਨੂੰ ਗੋਲੀ ਮਾਰੀ ਹੈ ਅਤੇ ਇਸ ਖ਼ਬਰ ਨੂੰ ਆਪਣੀ ਨਾਕਾਮੀ ਲੁਕਾਉਣ ਲਈ ਚਲਾਇਆ ਗਿਆ। ਉਨ੍ਹਾਂ ਨੂੰ ਵੀ ਪਤਾ ਸੀ ਕਿ ਪੁਲਿਸ ਵਾਲਿਆਂ ਨੂੰ ਮਾਰਿਆ ਗਿਆ ਹੈ ਅਤੇ ਉਨ੍ਹਾਂ ਨੇ ਇਕ-ਦੂਜੇ ‘ਤੇ ਗੋਲੀ ਨਹੀਂ ਚਲਾਈ। ਮਜੀਠੀਆ ਨੇ ਕਿਹਾ ਕਿ ਇਸ ਮਾਮਲੇ ‘ਚ ਬਿਨਾਂ ਜਾਂਚ ਦੇ ਮੁੱਖ ਮੰਤਰੀ ਅਤੇ ਡੀ. ਜੀ. ਪੀ. ਬਿਆਨ ਦੇ ਰਹੇ ਹਨ।

LEAVE A REPLY

Please enter your comment!
Please enter your name here