ਅੰਮ੍ਰਿਤਸਰ ਦੇ ਚਾਟੀਵਿੰਡ ਪੁਲ ਟਲਿਆ ਵੱਡਾ ਹਾਦਸਾ/ ਬੇਕਾਬੂ ਹੋ ਕੇ ਪਲਟੀ ਤੇਜ਼ ਰਫਤਾਰ ਕਾਰ/ ਐਕਟਿਵਾ ਸਵਾਰ ਨੂੰ ਮਾਰੀ ਟੱਕਰ, ਮਸੀ ਬਚੀ ਜਾਨ

0
1

 

ਅੰਮ੍ਰਿਤਸਰ ਦੇ ਚਾਟੀਵਿੰਡ ਪੁਲ ਤੋਂ ਤਾਰਾਂ ਵਾਲੇ ਪੁੱਲ ਦੇ ਰੋਡ ਉੱਤੇ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਨਹਿਰ ਦੇ ਕਿਨਾਰੇ ਪਲਟ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਪਹਿਲਾਂ ਇੱਕ ਐਕਟਿਵਾ  ਨਾਲ ਟਕਰਾਈ ਅਤੇ ਫਿਰ ਕਈ ਵਾਰ ਘੁੰਮਦੀ ਹੋਈ ਪਲਟ ਗਈ। ਗਨੀਮਤ ਇਹ ਰਹੀ ਕਿ ਕਾਰ ਨਹਿਰ ਵਿੱਚ ਨਹੀਂ ਡਿੱਗੀ, ਨਹੀਂ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ। ਕਾਰ ਵਿੱਚ ਚਾਰ ਨੌਜਵਾਨ ਸਵਾਰ ਸਨ। ਐਕਟਿਵਾ ਸਵਾਰ ਦੇ ਦੱਸਣ ਮੁਤਾਬਕ ਕਾਰ ਨਾਬਾਲਿਗ ਬੱਚੇ ਚਲਾ ਰਹੇ ਸਨ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਕਾਰ ਸਵਾਰਾਂ ਨੂੰ  ਹਿਰਾਸਤ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਐਕਟਿਵਾ ਸਵਾਰ ਮਨਦੀਪ ਸਿੰਘ ਦੇ ਦੱਸਣ ਮੁਤਾਬਕ ਉਹ ਆਪਣੀ ਐਕਟਿਵਾ ’ਤੇ ਜਾ ਰਿਹਾ ਸੀ ਕਿ ਅਚਾਨਕ ਪਿੱਛੋਂ ਬਹੁਤ ਜ਼ੋਰ ਦੀ ਆਵਾਜ਼ ਆਈ। ਉਸ ਨੇ ਹੈਂਡਲ ਮਜ਼ਬੂਤੀ ਨਾਲ ਫੜਿਆ ਪਰ ਕਾਰ ਦੀ ਟਕਰ ਇੰਨੀ ਤੇਜ਼ ਸੀ ਕਿ ਉਹ ਹਵਾ ਵਿੱਚ ਉੱਡ ਗਿਆ। ਉਸ ਦਾ ਕਹਿਣਾ ਹੈ ਕਿ ਪੱਗ ਪਹਿਨੀ ਹੋਣ ਕਾਰਨ ਹੀ ਉਸ ਦੀ ਜਾਨ ਬਚੀ, ਹਾਲਾਂਕਿ ਸਿਰ ਅਤੇ ਸਰੀਰ ’ਤੇ ਗੰਭੀਰ ਚੋਟਾਂ ਆਈਆਂ।
ਕਾਰ ਵਿੱਚ ਸਵਾਰ ਨੌਜਵਾਨਾਂ ਨੇ ਦਾਅਵਾ ਕੀਤਾ ਕਿ ਗੱਡੀ ਦੀ ਰਫ਼ਤਾਰ ਸਿਰਫ਼ 60 ਕਿਲੋਮੀਟਰ ਪ੍ਰਤੀ ਘੰਟਾ ਸੀ, ਪਰ ਮੌਕੇ ’ਤੇ ਮੌਜੂਦ ਲੋਕਾਂ ਅਤੇ ਹਾਦਸੇ ਦੀ ਸਥਿਤੀ ਦੇਖ ਕੇ ਓਵਰਸਪੀਡ ਹੋਣ ਦੇ ਸ਼ੱਕ ਹੋਰ ਵਧ ਗਏ ਹਨ। ਹਾਦਸੇ ਤੋਂ ਬਾਅਦ ਲੋਕਾਂ ਵਿੱਚ ਗੁੱਸਾ ਵੀ ਵੇਖਣ ਨੂੰ ਮਿਲਿਆ ਅਤੇ ਨੌਜਵਾਨਾਂ ’ਤੇ ਨਸ਼ੇ ਵਿੱਚ ਹੋਣ ਦੇ ਦੋਸ਼ ਵੀ ਲੱਗੇ।
ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀ ਮੋਹਿਤ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸੁਲਤਾਨਪੁਰ ਰੋਡ ’ਤੇ ਹਾਦਸੇ ਦੀ ਸੂਚਨਾ ਮਿਲੀ ਸੀ। ਪੁਲਿਸ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਵਿੱਚ ਲਿਆ ਅਤੇ ਕਾਰ ਵਿੱਚ ਸਵਾਰ ਚਾਰਾਂ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਰ ਚਾਲਕ ਦਾ ਮੈਡੀਕਲ ਟੈਸਟ ਵੀ ਕਰਵਾਇਆ ਜਾਵੇਗਾ। ਦੋਸ਼ੀ ਪਾਏ ਜਾਣ ’ਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here