ਪੰਜਾਬ ਹੋਲੇ ਮੁਹੱਲੇ ਨੂੰ ਲੈ ਕੇ ਜਥੇਦਾਰ ਦੀ ਸਿੱਖ ਸੰਗਤ ਨੂੰ ਅਪੀਲ/ ਆਮ ਸੰਗਤ ਨੂੰ ਰੰਗਾਂ ਦੀ ਵਰਤੋਂ ਨਾ ਕਰਨ ਦੀ ਸਲਾਹ/ ਰੰਗਾਂ ਦੀ ਵਿਕਰੀ ਉਤੇ ਮਨਾਹੀ ਦੇ ਹੁਕਮ By admin - February 21, 2026 0 3 Facebook Twitter Pinterest WhatsApp ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਖਾਲਸੇ ਦੇ ਕੌਮੀ ਤਿਉਹਾਰ ਹੋਲੇ ਮੁਹੱਲੇ ਨੂੰ ਲੈ ਕੇ ਸਿੱਖ ਸੰਗਤ ਨੂੰ ਖਾਸ ਅਪੀਲ ਕੀਤੀ ਹੈ। ਹੋਲੇ ਮੁਹੱਲੇ ਦੀ ਆਰੰਭਤਾ ਤੇ ਹੋਣ ਵਾਲੇ ਸਮਾਗਮਾਂ ਬਾਰੇ ਜਾਣਕਾਰੀ ਸਾਂਝਾ ਕਰਦਿਆਂ ਜਥੇਦਾਰ ਗੜਗੱਜ ਨੇ ਕਿਹਾ ਕਿ ਹੋਲਾ ਮੁਹੱਲਾ 26 ਫਰਵਰੀ ਤੋਂ ਸ਼ੁਰੂ ਹੋ ਕੇ 4 ਮਾਰਚ ਤਕ ਮਨਾਏ ਜਾ ਰਹੇ ਨੇ, ਜਿਸ ਵਿਚ ਸਾਰੀ ਸਿੱਖ ਸੰਗਤ ਨੂੰ ਜਾਬਤੇ ਵਿਚ ਰਹਿ ਕੇ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ। ਉਨ੍ਹਾਂ ਨੌਜਵਾਨਾਂ ਨੂੰ ਜ਼ਾਬਤੇ ਵਿਚ ਰਹਿਣ ਦੀ ਸਲਾਹ ਦਿੰਦਿਆਂ ਕਿਹਾ ਕਿ ਸੰਗਤ ਆਪਣੇ ਵਾਹਨਾਂ ਉਤੇ ਖਾਲਸਾਈ ਨਿਸ਼ਾਨ ਝੁਲਾ ਕੇ ਲਿਆਵੇ। ਉਨ੍ਹਾਂ ਦੱਸਿਆ ਕਿ 26 ਫਰਵਰੀ ਨੂੰ ਰਾਤ 12 ਵਜੇ ਗੁਰਦੁਆਰਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਿਖੇ ਪੰਜ ਨਗਾਰਿਆਂ ‘ਤੇ ਚੋਟ ਲਗਾ ਕੇ ਹੋਲਾ-ਮਹੱਲਾ ਦੀ ਆਰੰਭਤਾ ਕੀਤੀ ਜਾਵੇਗੀ। 27 ਫਰਵਰੀ ਨੂੰ ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ ਕੀਰਤਪੁਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 1 ਮਾਰਚ ਨੂੰ ਪਾਏ ਜਾਣਗੇ। ਇਸੇ ਤਰ੍ਹਾਂ 2 ਮਾਰਚ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 4 ਮਾਰਚ ਨੂੰ ਸੰਪੂਰਨ ਭੋਗ ਪਾਏ ਜਾਣਗੇ। ਜਥੇਦਾਰ ਗੜਗੱਜ ਨੇ ਸਪੱਸ਼ਟ ਕੀਤਾ ਕਿ ਹੌਲੇ ਮੁਹੱਲੇ ਮੌਕੇ ਸ੍ਰੀ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਰੰਗ ਵੇਚਣ ਅਤੇ ਇਕ ਦੂਜੇ ਉੱਤੇ ਰੰਗ ਸੁੱਟਣ ‘ਤੇ ਪਾਬੰਦੀ ਰਹੇਗੀ। ਉਨ੍ਹਾਂ ਕਿਹਾ ਕਿ ਸਾਡਾ ਹੋਲਾ-ਮਹੱਲਾ ਗੁਰਬਾਣੀ ਅਤੇ ਨਾਮ ਦੇ ਰੰਗ ਵਿੱਚ ਰੰਗੇ ਜਾਣ ਦਾ ਤਿਉਹਾਰ ਹੈ, ਇਸ ਲਈ ਰੰਗਬਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਨਿਹੰਗ ਸਿੰਘ ਫੌਜਾਂ ਆਪਣੀ ਪਰੰਪਰਾਗਤ ਮਰਿਆਦਾ ਅਨੁਸਾਰ ਸੀਮਿਤ ਗੁਲਾਲ ਦੀ ਵਰਤੋਂ ਕਰਦੀਆਂ ਹਨ, ਪਰ ਆਮ ਸੰਗਤ ਉਪਰ ਰੰਗ ਸੁੱਟਣ ਜਾਂ ਵੇਚਣ ਦੀ ਮਨਾਹੀ ਹੈ। ਉਨ੍ਹਾਂ ਕਿਹਾ ਕਿ ਖਾਲਸਾ ਅਕਾਲ ਪੁਰਖ ਕੀ ਫੌਜ ਹੈ ਅਤੇ ਫੌਜ ਦਾ ਪਹਿਲਾ ਗੁਣ ਜ਼ਾਬਤਾ ਹੈ, ਇਸ ਲਈ ਹਰ ਸੰਗਤ ਗੁਰੂ ਦੇ ਹੁਕਮ ਅਨੁਸਾਰ ਹੋਲੇ ਮੁਹੱਲੇ ਦਾ ਤਿਉਹਾਰ ਮਨਾਉਣਾ ਚਾਹੀਦਾ ਹੈ।