ਪੰਜਾਬ ਸੰਗਰੂਰ ਪੁਲਿਸ ਨੇ ਸੁਲਝਾਈ ਕਤਲ ਦੀ ਗੁੱਥੀ/ ਮ੍ਰਿਤਕ ਦਾ ਸਾਲਾ ਹੀ ਨਿਕਲਿਆ ਸਾਜ਼ਿਸ਼ਘਾੜਾ/ ਭੈਣ ਦੇ ਪ੍ਰੇਮ ਵਿਆਹ ਤੋਂ ਖਫਾ ਹੋ ਕੀਤਾ ਸੀ ਕਤਲ By admin - February 19, 2026 0 1 Facebook Twitter Pinterest WhatsApp ਸੰਗਰੂਰ ਪੁਲਿਸ ਨੇ ਜ਼ਿਲ੍ਹੇ ਦੇ ਲਹਿਲ ਕਲਾਂ ਪਿੰਡ ਵਿਖੇ ਵਾਪਰੀ ਨੌਜਵਾਨ ਦੇ ਕਤਲ ਦੀ ਗੁੱਥੀ ਸੁਲਝਾ ਲਈ ਹੈ। ਪੁਲਿਸ ਨੇ ਇਸ ਮਾਮਲੇ ਵਿਚ ਮ੍ਰਿਤਕ ਦੇ ਸਾਲੇ ਨੂੰ ਨਾਮਜ਼ਦ ਕੀਤਾ ਹੈ, ਜਿਸ ਨੇ ਆਪਣੇ ਸਾਥੀ ਦੀ ਮਦਦ ਨਾਲ ਘਰ ਅੰਦਰ ਦਾਖਲ ਹੋ ਕੇ ਆਪਣੇ ਜੀਜੇ ਗੁਰਪ੍ਰੀਤ ਸਿੰਘ ਉਰਫ ਬੱਬੂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਪੁਲਿਸ ਨੇ ਕਤਲ ਤੋਂ ਕੁੱਝ ਹੀ ਘੰਟਿਆ ਅੰਦਰ ਮਾਮਲਾ ਸੁਲਝਾਉਂਦਿਆਂ ਮ੍ਰਿਤਕ ਦੇ ਸਾਲੇ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਉਸ ਦਾ ਸਾਥ ਦੇਣ ਵਾਲਿਆਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਦੇ ਦੱਸਣ ਮੁਤਾਬਕ ਮੁਲਜਮ ਆਪਣੀ ਭੈਣ ਦੇ ਪ੍ਰੇਮ ਵਿਆਹ ਤੋਂ ਖਫਾ ਸੀ, ਜਿਸ ਦੇ ਚਲਦਿਆਂ ਉਸ ਨੇ ਕਤਲ ਦੀ ਸਾਜ਼ਿਸ ਰਚੀ ਸੀ। ਪੁਲਿਸ ਦੇ ਦੱਸਣ ਮੁਤਾਬਕ ਘਟਨਾ ਦੀ ਸੂਚਨਾ ਮਿਲਣ ਬਾਅਦ ਪੁਲਿਸ ਨੇ ਵੱਖ-ਵੱਖ ਥਿਊਰੀਆਂ ਤੇ ਕੰਮ ਕਰਦਿਆਂ ਕਤਲ ਮਾਮਲੇ ਨੂੰ ਸੁਲਝਾਉਣ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਉਰਫ ਬੱਬੂ ਪੁੱਤਰ ਸੁਖਚੈਨ ਸਿੰਘ ਨੇ ਕਰੀਬ ਦੋ ਸਾਲ ਪਹਿਲਾਂ ਲਵ ਮੈਰਿਜ ਕਰਵਾਈ ਸੀ, ਮ੍ਰਿਤਕ ਦਾ ਸਾਲਾ ਹਰਮਨਦੀਪ ਸਿੰਘ ਵਾਸੀ ਤਲਵਾੜਾ (ਹਰਿਆਣਾ) ਆਪਣੀ ਭੈਣ ਦੇ ਪ੍ਰੇਮ ਵਿਆਹ ਤੋਂ ਨਾਰਾਜ਼ ਸੀ ਜਿਸ ਦੇ ਚਲਦਿਆਂ ਉਸ ਨੇ ਘਟਨਾ ਨੂੰ ਅੰਜ਼ਾਮ ਦਿੱਤਾ ਹੈ। ਪੁਲਿਸ ਨੇ ਮ੍ਰਿਤਕ ਦੇ ਸਾਲੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਦੋ ਨਕਾਬਪੋਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ।