ਸਮਰਾਲਾ ਨੇੜੇ ਨਸ਼ਈ ਕਾਰ ਚਾਲਕ ਦਾ ਕਹਿਰ/ ਮੋਟਰ ਸਾਈਕਲ ਨੂੰ ਟੱਕਰ ’ਚ ਪਤਨੀ ਦੀ ਮੌਤ, ਪਤੀ ਜ਼ਖਮੀ/ ਪਰਿਵਾਰ ਨੇ ਮੰਗਿਆ ਇਨਸਾਫ

0
2

ਪੰਜਾਬ ਵਿੱਚ ਨਸ਼ਿਆਂ ਦੇ ਕਾਰਨ ਵਾਪਰ ਰਹੇ ਹਾਦਸਿਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤਾਜ਼ਾ ਮਾਮਲਾ ਸਮਰਾਲਾ ਦੇ ਨਜ਼ਦੀਕੀ ਪਿੰਡ ਕੁੱਲ੍ਹੇਵਾਲ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਕਾਰ ਚਾਲਕ ਨੇ ਨਸ਼ੇ ਦੀ ਹਾਲਤ ਵਿੱਚ ਮੋਟਰਸਾਈਕਲ ਸਵਾਰ ਇੱਕ ਜੋੜੇ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਇਸ ਭਿਆਨਕ ਹਾਦਸੇ ਵਿੱਚ ਮਹਿਲਾ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਸਦਾ ਪਤੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਮ੍ਰਿਤਕਾ ਦੀ ਪਛਾਣ  ਬਲਵਿੰਦਰ ਕੌਰ ਵਾਸੀ ਪਿੰਡ ਗਹਿਲੇਵਾਲ ਤੇ ਜਖਮੀ ਦੀ ਪਛਾਣ ਨਿਰਮਲ ਸਿੰਘ ਵਜੋਂ ਹੋਈ ਹੈ। ਪਰਿਵਾਰ ਨੇ ਦੋਸ਼ੀ ਕਾਰ ਚਾਲਕ ਖਿਲਾਫ ਕਾਰਵਾਈ ਮੰਗੀ ਹੈ।
ਜਾਣਕਾਰੀ ਅਨੁਸਾਰ, ਨਿਰਮਲ ਸਿੰਘ ਅਤੇ ਉਸ ਦੀ ਪਤਨੀ ਬਲਵਿੰਦਰ ਕੌਰ ਆਪਣੇ ਸਪਲੈਂਡਰ ਮੋਟਰਸਾਈਕਲ ‘ਤੇ ਸਵਾਰ ਹੋ ਕੇ ਖੰਨਾ ਪਾਸਿਓਂ ਆ ਰਹੇ ਸਨ। ਜਦੋਂ ਉਹ ਕੁੱਲ੍ਹੇਵਾਲ ਗੁੱਗਾ ਮਾੜੀ ਦੇ ਨੇੜੇ ਪਹੁੰਚੇ, ਤਾਂ ਸਾਹਮਣੇ ਤੋਂ ਆ ਰਹੀ ਇਕ ਤੇਜ਼ ਰਫ਼ਤਾਰ ਟੋਇਟਾ ਕਾਰ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਚਸ਼ਮਦੀਦਾਂ ਅਤੇ ਪਰਿਵਾਰਕ ਮੈਂਬਰਾਂ ਅਨੁਸਾਰ, ਕਾਰ ਚਾਲਕ ਨੇ ਮੋਟਰਸਾਈਕਲ ਨੂੰ ਕਾਫੀ ਦੂਰ ਤੱਕ ਘਸੀਟਿਆ, ਜਿਸ ਕਾਰਨ ਮਹਿਲਾ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ।
ਪੀੜਤ ਪਰਿਵਾਰ ਦੇ ਮੈਂਬਰ ਕੁਲਵੀਰ ਸਿੰਘ ਅਤੇ ਮੇਜਰ ਸਿੰਘ ਨੇ ਦੱਸਿਆ ਕਿ ਇਹ ਸਿਰਫ਼ ਇੱਕ ਹਾਦਸਾ ਨਹੀਂ, ਸਗੋਂ ਨਸ਼ੇੜੀ ਨੌਜਵਾਨ ਦੀ ਲਾਪਰਵਾਹੀ ਦਾ ਨਤੀਜਾ ਹੈ। ਕੁਲਵੀਰ ਸਿੰਘ ਅਨੁਸਾਰ, ਕਾਰ ਚਾਲਕ ਨੌਜਵਾਨ ਨੇ ‘ਸਮੈਕ’ ਪੀਤੀ ਹੋਈ ਸੀ ਅਤੇ ਉਹ ਪੂਰੀ ਤਰ੍ਹਾਂ ਹੋਸ਼ ਵਿੱਚ ਨਹੀਂ ਸੀ। ਜਦੋਂ ਸਥਾਨਕ ਲੋਕਾਂ ਨੇ ਉਸਨੂੰ ਫੜਿਆ ਅਤੇ ਉਸਦੀ ਤਲਾਸ਼ੀ ਲਈ, ਤਾਂ ਉਸਦੀ ਜੇਬ ਵਿੱਚੋਂ ਨਸ਼ੀਲਾ ਪਦਾਰਥ ਅਤੇ ਟੀਕਾ (ਸਰਿੰਜ) ਵੀ ਬਰਾਮਦ ਹੋਇਆ। ਦੋਸ਼ੀ ਨੌਜਵਾਨ ਸਮਰਾਲੇ ਵੱਲ ਜਾ ਰਿਹਾ ਸੀ ਅਤੇ ਉਸਨੇ ਗਲਤ ਸਾਈਡ ਜਾ ਕੇ ਮੋਟਰਸਾਈਕਲ ਸਵਾਰਾਂ ਨੂੰ ਹਿੱਟ ਕੀਤਾ।
ਮ੍ਰਿਤਕ ਮਹਿਲਾ ਦੇ ਪਤੀ ਨਿਰਮਲ ਸਿੰਘ ਦੀ ਹਾਲਤ ਬਹੁਤ ਗੰਭੀਰ ਦੱਸੀ ਜਾ ਰਹੀ ਹੈ। ਉਨ੍ਹਾਂ ਨੂੰ ਸਰੀਰ ‘ਤੇ ਡੂੰਘੀਆਂ ਸੱਟਾਂ ਲੱਗੀਆਂ ਹਨ। ਮੁੱਢਲੀ ਸਹਾਇਤਾ ਤੋਂ ਬਾਅਦ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਨ੍ਹਾਂ ਨੂੰ ਚੰਡੀਗੜ੍ਹ ਦੇ ਸੈਕਟਰ 32 ਸਥਿਤ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਹੈ, ਜਿੱਥੇ ਉਹ ਐਮਰਜੈਂਸੀ ਵਿੱਚ ਇਲਾਜ ਅਧੀਨ ਹਨ। ਘਟਨਾ ਤੋਂ ਤੁਰੰਤ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਨੇ ਕਾਰ ਚਾਲਕ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ।
ਪਰਿਵਾਰਕ ਮੈਂਬਰਾਂ ਨੇ  ਦੋਸ਼ੀ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਮੇਜਰ ਸਿੰਘ ਨੇ ਦੱਸਿਆ ਕਿ ਦੋਸ਼ੀ ਕਾਰ ਵਿੱਚ ਇਕੱਲਾ ਹੀ ਸੀ। ਪੁਲਿਸ ਨੇ ਮ੍ਰਿਤਕਾ ਦੀ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਕਾਫੀ ਰੋਸ ਪਾਇਆ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਨੌਜਵਾਨਾਂ ਵਿੱਚ ਵੱਧ ਰਹੀ ਨਸ਼ੇ ਦੀ ਲਤ ਕਾਰਨ ਬੇਗੁਨਾਹ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹੇ ਨਸ਼ੇੜੀ ਚਾਲਕਾਂ ਖਿਲਾਫ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਸੰਬੰਧ ਦੇ ਵਿੱਚ ਸਮਰਾਲਾ ਪੁਲਿਸ ਦੇ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਮਾਮਲੇ ਵਿੱਚ ਬਣਦੀ ਕਾਰਵਾਈ ਕੀਤੀ ਜਾਵੇਗੀ ਤੇ ਕਾਰ ਚਾਲਕ ਦਾ ਡੋਪ ਟੈਸਟ ਕਰਵਾਇਆ ਜਾਵੇਗਾ।

LEAVE A REPLY

Please enter your comment!
Please enter your name here