ਪੰਜਾਬ ਕੈਨੇਡੀਅਨ ਸਾਂਸਦ ਅਮਰਜੀਤ ਸਿੰਘ ਗਿੱਲ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ/ ਸਿੱਖੀ ਅਤੇ ਨੌਜਵਾਨਾਂ ਲਈ ਦਿੱਤਾ ਖ਼ਾਸ ਸੰਦੇਸ਼ By admin - February 19, 2026 0 2 Facebook Twitter Pinterest WhatsApp ਕੈਨੇਡਾ ਤੋਂ ਲੋਕ ਸਭਾ ਮੈਂਬਰ ਅਮਰਜੀਤ ਸਿੰਘ ਗਿੱਲ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ, ਜਿੱਥੇ ਉਨ੍ਹਾਂ ਨੇ ਗੁਰੂ ਚਰਨਾਂ ਵਿੱਚ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿਖੇ ਮੁਲਾਕਾਤ ਕੀਤੀ ਅਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਬਾਰੇ ਵਿਚਾਰ ਸਾਂਝੇ ਕੀਤੇ। ਮੀਡੀਆ ਨਾਲ ਗੱਲਬਾਤ ਕਰਦਿਆਂ ਅਮਰਜੀਤ ਸਿੰਘ ਗਿੱਲ ਨੇ ਕਿਹਾ ਕਿ ਗੁਰੂ ਘਰ ਆ ਕੇ ਮਨ ਨੂੰ ਬੇਅੰਤ ਸਕੂਨ ਮਿਲਦਾ ਹੈ। ਉਨ੍ਹਾਂ ਕੈਨੇਡਾ ਨੂੰ ‘ਲੈਂਡ ਆਫ ਅਪੋਰਚਨਿਟੀ’ (ਮੌਕਿਆਂ ਦੀ ਧਰਤੀ) ਦੱਸਦਿਆਂ ਕਿਹਾ ਕਿ ਉੱਥੇ ਸਿੱਖ ਕਮਿਊਨਿਟੀ ਬਹੁਤ ਤਰੱਕੀ ਕਰ ਰਹੀ ਹੈ ਅਤੇ ਵੱਡੇ ਪੱਧਰ ‘ਤੇ ਨਗਰ ਕੀਰਤਨ ਸਜਾਏ ਜਾਂਦੇ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਉਹ ਹਮੇਸ਼ਾ ਯੂਥ ਦੇ ਹੱਕਾਂ ਦੇ ਮੁਦਈ ਰਹੇ ਹਨ ਅਤੇ ਚਾਹੁੰਦੇ ਹਨ ਕਿ ਨੌਜਵਾਨ ਮਿਹਨਤ ਕਰਕੇ ਆਪਣਾ ਭਵਿੱਖ ਉੱਜਵਲ ਬਣਾਉਣ। ਉਨ੍ਹਾਂ ਉਮੀਦ ਜਤਾਈ ਕਿ ਆਉਣ ਵਾਲੇ ਸਮੇਂ ਵਿੱਚ ਐਸ.ਜੀ.ਪੀ.ਸੀ. ਅਤੇ ਵਿਦੇਸ਼ੀ ਗੁਰਦੁਆਰਾ ਕਮੇਟੀਆਂ ਵਿਚਾਲੇ ਤਾਲਮੇਲ ਹੋਰ ਮਜ਼ਬੂਤ ਹੋਵੇਗਾ ਤਾਂ ਜੋ ਸਿੱਖੀ ਦਾ ਪ੍ਰਚਾਰ ਵਧ ਸਕੇ। ਇਸ ਮੌਕੇ ਉਨ੍ਹਾਂ ਦੇ ਨਾਲ ਮੌਜੂਦ ਉਪਕਾਰ ਸਿੰਘ ਸੰਧੂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਵਿਦੇਸ਼ੀ ਧਰਤੀ ‘ਤੇ ਸਾਡੇ ਸਿੱਖ ਭਰਾ ਸਿਆਸੀ ਨੁਮਾਇੰਦਗੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕੈਨੇਡਾ ਦੀ ਪਾਰਲੀਮੈਂਟ ਵਿੱਚ ਸਿੱਖਾਂ ਦੀ ਵੱਡੀ ਗਿਣਤੀ ਹੈ, ਜੋ ਪੰਜਾਬੀਆਂ ਲਈ ਫ਼ਖ਼ਰ ਦਾ ਵਿਸ਼ਾ ਹੈ। ਨਿਊਜ਼ੀਲੈਂਡ ਅਤੇ ਹੋਰ ਥਾਵਾਂ ‘ਤੇ ਵਾਪਰੀਆਂ ਕੁਝ ਸ਼ਰਾਰਤੀ ਘਟਨਾਵਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕੁਝ ਲੋਕ ਪ੍ਰੋਗਰਾਮਾਂ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਸਿੱਖ ਸੰਗਤ ਅਤੇ ਪੁਲਿਸ ਦੇ ਸਹਿਯੋਗ ਨਾਲ ਸਭ ਕੁਝ ਸ਼ਾਂਤੀਪੂਰਵਕ ਨੇਪਰੇ ਚੜ੍ਹਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸ਼ਰਾਰਤੀ ਅਨਸਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਸਿੱਖੀ ਦਾ ਪ੍ਰਤਾਪ ਪੂਰੀ ਦੁਨੀਆ ਵਿੱਚ ਲਗਾਤਾਰ ਵਧ ਰਿਹਾ ਹੈ।