ਪੰਜਾਬ ਆਨੰਦਪੁਰ ਸਾਹਿਬ ਪਹੁੰਚੇ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ/ ਹੋਲਾ ਮੁਹੱਲਾ ਦੇ ਮੱਦੇਨਜ਼ਰ ਚਰਨ ਗੰਗਾ ਸਟੇਡੀਅਮ ਦਾ ਦੌਰਾ By admin - February 17, 2026 0 1 Facebook Twitter Pinterest WhatsApp ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਅੱਜ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਇਤਿਹਾਸਕ ਚਰਨ ਗੰਗਾ ਸਟੇਡੀਅਮ ਦਾ ਦੌਰਾ ਕਰ ਕੇ ਹੋਲੇ ਮੁਹੱਲੇ ਮੌਕੇ ਹੋਣ ਵਾਲੇ ਸਮਾਗਮਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਤੋਂ ਪਹਿਲਾਂ ਬਾਬਾ ਬਲਬੀਰ ਸਿੰਘ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਬੁੱਢਾ ਦਲ ਦੀ ਛਾਉਣੀ, ਨਿਹੰਗ ਸਿੰਘਾਂ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਹੋਲਾ ਮਹੱਲਾ ਮੌਕੇ ਸੁਰੱਖਿਆ, ਟਰੈਫਿਕ ਨਿਯੰਤਰਣ, ਸਫ਼ਾਈ ਅਤੇ ਹੋਰ ਪ੍ਰਬੰਧਾਂ ਸਬੰਧੀ ਵਿਸਥਾਰਪੂਰਵਕ ਚਰਚਾ ਹੋਈ। ਇਸ ਮੌਕੇ ਜ਼ਿਲ੍ਹਾ ਰੂਪਨਗਰ ਦੇ ਡਿਪਟੀ ਕਮਿਸ਼ਨਰ ਅਦਿਤਿਆ ਡਚਲਵਾਲ, ਐਸਐਸਪੀ ਮਨਿੰਦਰ ਸਿੰਘ, ਐਸਡੀਐਮ ਜਸਪ੍ਰੀਤ ਸਿੰਘ, ਡੀਐਸਪੀ ਜਸ਼ਨਦੀਪ ਸਿੰਘ ਮਾਨ ਅਤੇ ਐਸਐਚਓ ਦਾਨਿਸ਼ਵੀਰ ਸਿੰਘ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ। ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਮਹੱਲੇ ਦੇ ਦਿਨ ਚਰਨ ਗੰਗਾ ਸਟੇਡੀਅਮ ਵਿੱਚ ਨਿਹੰਗ ਸਿੰਘ ਫੌਜਾਂ ਵੱਲੋਂ ਦਿਖਾਏ ਜਾਣ ਵਾਲੇ ਜੰਗੀ ਕਰਤੱਬਾਂ ਲਈ ਸੁਚੱਜੀ ਬੈਰੀਕੇਡਿੰਗ ਕੀਤੀ ਜਾਵੇ, ਤਾਂ ਜੋ ਘੋੜਿਆਂ, ਘੋੜ ਸਵਾਰਾਂ ਅਤੇ ਦਰਸ਼ਨ ਲਈ ਆਉਣ ਵਾਲੀਆਂ ਸੰਗਤਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਨਿਹੰਗ ਸਿੰਘ ਫੌਜਾਂ ਤੋਂ ਇਲਾਵਾ ਕਿਸੇ ਹੋਰ ਨੂੰ ਗੁਲਾਲ ਸੁੱਟਣ ਦੀ ਇਜਾਜ਼ਤ ਨਾ ਦਿੱਤੀ ਜਾਵੇ ਤੇ ਜੇਕਰ ਕੋਈ ਹੁੱਲੜਬਾਜ਼ੀ ਕਰਦਾ ਹੈ ਤਾਂ ਉਸ ਖਿਲਾਫ ਪ੍ਰਸ਼ਾਸਨ ਸਖਤੀ ਨਾਲ ਨਿਪਟੇ। ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਸ਼ਹਿਰ ਵਿੱਚ ਸੁਚਾਰੂ ਟਰੈਫਿਕ ਪ੍ਰਬੰਧ ਅਤੇ ਵਧੀਆ ਸਫ਼ਾਈ ਪ੍ਰਣਾਲੀ ਲਾਗੂ ਕਰਨ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਚਾਰ ਮਾਰਚ ਨੂੰ ਜਦੋਂ ਨਿਹੰਗ ਸਿੰਘ ਫੌਜਾਂ ਮਹੱਲਾ ਸਜਾਉਣਗੀਆਂ, ਉਸ ਦਿਨ ਵਿਸ਼ੇਸ਼ ਤੌਰ ’ਤੇ ਇਹ ਯਕੀਨੀ ਬਣਾਇਆ ਜਾਵੇ ਕਿ ਚਰਨ ਗੰਗਾ ਸਟੇਡੀਅਮ ਤੱਕ ਪਹੁੰਚਣ ਦੌਰਾਨ ਰਸਤੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਮ ਨਾ ਲੱਗੇ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਹੋਲਾ ਮਹੱਲਾ ਮੌਕੇ ਸਮੂਹ ਪ੍ਰਬੰਧ ਚੁਸਤ ਦਰੁਸਤ ਰੱਖੇ ਜਾਣਗੇ ਅਤੇ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।