ਪੰਜਾਬ ਅੰਮ੍ਰਿਤਸਰ ਵਿਖੇ ਵਿਧਾਇਕ ਧਾਲੀਵਾਲ ਦੀ ਪ੍ਰੈੱਸ ਕਾਨਫਰੰਸ/ ਮੋਗਾ ਰੈਲੀ ਦੱਸਿਆ ਇਤਿਹਾਸਕ ਘਟਨਾ/ ਤਿੰਨ ਪੱਧਰਾਂ ’ਤੇ ਹੋ ਰਹੀ ਨਸ਼ਿਆਂ ਖਿਲਾਫ ਲੜਾਈ By admin - February 17, 2026 0 3 Facebook Twitter Pinterest WhatsApp ਆਮ ਆਦਮੀ ਪਾਰਟੀ ਦੇ ਬੁਲਾਰਾ ਕੁਲਦੀਪ ਧਾਲੀਵਾਲ ਨੇ ਮੋਗਾ ਰੈਲੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਅੰਮ੍ਰਿਤਸਰ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਇਹ ਕੋਈ ਪਾਰਟੀਕਲ ਇਕੱਠ ਨਹੀਂ ਸੀ ਬਲਕਿ ਨਸ਼ਿਆਂ ਖਿਲਾਫ ਲੋਕਾਂ ਦੀ ਸਾਂਝੀ ਲੜਾਈ ਦਾ ਪ੍ਰਗਟਾਵਾ ਸੀ। ਉਨ੍ਹਾਂ ਕਿਹਾ ਕਿ ਇਸ ਰੈਲੀ ਨਾਲ ਨਸ਼ਿਆਂ ਖਿਲਾਫ ਲੜਾਈ ਦਾ ਦੂਸਰਾ ਪੜਾਅ ਸ਼ੁਰੂ ਹੋ ਗਿਆ ਹੈ ਅਤੇ ਛੇਤੀ ਹੀ ਪੰਜਾਬ ਵਿਚੋਂ ਨਸ਼ੇ ਖਤਮ ਹੋ ਜਾਣਗੇ। ਧਾਲੀਵਾਲ ਨੇ ਦੱਸਿਆ ਕਿ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਤਿੰਨ ਧਿਰਾਂ—ਵਿਲੇਜ ਡਿਫੈਂਸ ਕਮੇਟੀਆਂ, ਪੰਜਾਬ ਪੁਲਿਸ ਅਤੇ ਪ੍ਰਸ਼ਾਸਨ ਮਿਲ ਕੇ ਕੰਮ ਕਰ ਰਹੀਆਂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਸਰਕਾਰੀ ਪ੍ਰੋਗਰਾਮ ਸੀ, ਜਿਸ ਵਿੱਚ ਚੀਫ ਸੈਕਟਰੀ ਅਤੇ ਡੀਜੀਪੀ ਨੇ ਸ਼ਿਰਕਤ ਕਰ ਕੇ ਆਪਣੀਆਂ ਰਿਪੋਰਟਾਂ ਪੇਸ਼ ਕੀਤੀਆਂ। ਆਪ ਬੁਲਾਰੇ ਨੇ ਜਾਣਕਾਰੀ ਦਿੱਤੀ ਕਿ ਵਿਲੇਜ ਡਿਫੈਂਸ ਕਮੇਟੀਆਂ ਦੀ ਸੂਚਨਾ ‘ਤੇ ਕੋਠੀਆਂ ਪਿੰਡ ਵਿੱਚ 40 ਕਿਲੋ ਸਮੈਕ ਫੜੀ ਗਈ, ਜਿਸ ਲਈ ਸਰਕਾਰ ਵੱਲੋਂ ਸਰਪੰਚ ਨੂੰ 10 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ। ਇਸ ਤੋਂ ਇਲਾਵਾ ਐਸਐਚਓ, ਡੀਐਸਪੀ ਸਮੇਤ ਹੋਰ ਪੁਲਿਸ ਮੁਲਾਜ਼ਮਾਂ ਨੂੰ ਵੀ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਜੋ ਪਿੰਡ ਅਤੇ ਕਮੇਟੀਆਂ ਨਸ਼ਿਆਂ ਵਿਰੁੱਧ ਸਰਗਰਮ ਭੂਮਿਕਾ ਨਿਭਾਉਣਗੀਆਂ, ਉਹਨਾਂ ਨੂੰ ਸਰਕਾਰ ਵੱਲੋਂ ਪ੍ਰੋਤਸਾਹਨ ਦਿੱਤਾ ਜਾਵੇਗਾ। ਵਿਰੋਧੀਆਂ ‘ਤੇ ਨਿਸ਼ਾਨਾ ਸਾਧਦਿਆਂ ਧਾਲੀਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਹਿਲਾਂ ਆਪਣੇ ਦਸ–ਪੰਜ ਸਾਲਾਂ ਦੇ ਰਾਜਕਾਲ ਦੀ ਰਿਪੋਰਟ ਪੇਸ਼ ਕਰਨ ਕਿ ਨਸ਼ਿਆਂ ਖ਼ਿਲਾਫ ਕੀ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਦਾ ਨਸ਼ਿਆਂ ਵਿਰੁੱਧ ਉੱਠ ਖੜ੍ਹਾ ਹੋਣਾ ਵਿਰੋਧੀਆਂ ਨੂੰ ਹਜ਼ਮ ਨਹੀਂ ਹੋ ਰਿਹਾ, ਇਸ ਲਈ ਬੇਬੁਨਿਆਦ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਧਾਲੀਵਾਲ ਨੇ ਇਹ ਵੀ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਬਾਰੇ ਫੈਲ ਰਹੀਆਂ ਅਫ਼ਵਾਹਾਂ ਬਿਲਕੁਲ ਗਲਤ ਹਨ ਅਤੇ ਉਹ ਜਲਦੀ ਪੂਰੀ ਤਰ੍ਹਾਂ ਤੰਦਰੁਸਤ ਹੋ ਕੇ ਕੰਮ ‘ਚ ਵਾਪਸ ਆਉਣਗੇ। ਉਨ੍ਹਾਂ ਦੋਹਰਾਇਆ ਕਿ ਨਸ਼ਿਆਂ ਖ਼ਿਲਾਫ ਕਾਰਵਾਈ ਵਿੱਚ ਕਿਸੇ ਨਾਲ ਵੀ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ—ਚਾਹੇ ਉਹ ਕਿਸੇ ਵੀ ਪਾਰਟੀ ਜਾਂ ਵਰਗ ਨਾਲ ਸਬੰਧਤ ਹੋਵੇ।