ਲੁਧਿਆਣਾ ’ਚ ਤੇਜ਼ ਰਫ਼ਤਾਰੀ ਦਾ ਕਹਿਰ/ ਖੰਭੇ ਨਾਲ ਟਕਰਾਈ BMW ਕਾਰ/ ਟ੍ਰਾਂਸਫਾਰਮਰ ਡਿੱਗਣ ਨਾਲ ਲੱਗੀ ਅੱਗ

0
1

ਲੁਧਿਆਣਾ ਦੇ ਪਾਹਵਾ ਧਰਮਸ਼ਾਲਾ ਨੇੜੇ ਅੱਜ ਸਵੇਰੇ ਉਸ ਵੇਲੇ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਦੋਂ ਇੱਕ ਤੇਜ਼ ਰਫ਼ਤਾਰ BMW ਕਾਰ ਬੇਕਾਬੂ ਹੋ ਕੇ ਬਿਜਲੀ ਦੇ ਖੰਭੇ ਨਾਲ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਖੰਭੇ ‘ਤੇ ਲੱਗਿਆ ਭਾਰੀ ਬਿਜਲੀ ਦਾ ਟ੍ਰਾਂਸਫਾਰਮਰ ਸਿੱਧਾ ਕਾਰ ‘ਤੇ ਡਿੱਗ ਗਿਆ, ਜਿਸ ਕਾਰਨ ਭਿਆਨਕ ਅੱਗ ਲੱਗ ਗਈ। ਖੁਸ਼ਕਿਸਮਤੀ ਨਾਲ, ਦੋਵੇਂ ਨੌਜਵਾਨ ਸਮੇਂ ਸਿਰ ਬਚ ਗਏ ਜਦਕਿ ਕਾਰ ਸੜ ਕੇ ਸੁਆਹ ਹੋ ਗਈ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾਇਆ।
ਜਾਣਕਾਰੀ ਦਿੰਦੇ ਹੋਏ ਨਰੇਸ਼ ਬਾਂਸਲ ਨੇ ਦੱਸਿਆ ਕਿ ਕਾਰ ਵਿੱਚ ਸਵਾਰ ਦੋਵੇਂ ਨੌਜਵਾਨ ਕੁੰਦਨਪੁਰੀ ਇਲਾਕੇ ਦੇ ਵਸਨੀਕ ਸਨ। ਉਹ ਸਵੇਰੇ 4 ਵਜੇ ਦੇ ਕਰੀਬ ਝੰਡੂ ਚੌਕ ਡਿਸੈਂਟ ਤੋਂ ਕੁੰਦਨਪੁਰੀ ਸਥਿਤ ਆਪਣੇ ਘਰ ਵੱਲ ਜਾ ਰਹੇ ਸਨ ਕਿ ਪਾਹਵਾ ਧਰਮਸ਼ਾਲਾ ਦੇ ਨੇੜੇ ਕਾਰ ਡਰਾਈਵਰ ਤੋਂ ਬੇਕਾਬੂ ਹੋ ਕੇ ਸਿੱਧਾ ਟ੍ਰਾਂਸਫਾਰਮਰ ਦੇ ਖੰਭੇ ਨਾਲ ਟਕਰਾ ਗਈ।
ਇਸ ਤੋਂ ਬਾਅਦ ਉਹ ਪਿਛਲੇ ਦਰਵਾਜ਼ੇ ਰਾਹੀਂ ਬਾਹਰ ਨਿਕਲ ਗਏ। ਇਸ ਤੋਂ ਬਾਅਦ ਟ੍ਰਾਂਸਫਾਰਮਰ ਕਾਰ ‘ਤੇ ਡਿੱਗ ਗਿਆ, ਜਿਸ ਨਾਲ ਸ਼ਾਰਟ ਸਰਕਟ ਹੋਇਆ ਅਤੇ ਧਮਾਕਾ ਹੋ ਗਿਆ। ਕੁਝ ਹੀ ਸਮੇਂ ਵਿੱਚ ਪੂਰੀ ਕਾਰ ਅੱਗ ਦੀ ਲਪੇਟ ਵਿੱਚ ਆ ਗਈ। ਨੌਜਵਾਨ ਅੰਦਰ ਫਸ ਸਕਦੇ ਸਨ ਕਿਉਂਕਿ ਸਾਹਮਣੇ ਵਾਲੇ ਦਰਵਾਜ਼ੇ ਬੰਦ ਸਨ, ਪਰ ਉਨ੍ਹਾਂ ਨੇ ਹਿੰਮਤ ਦਿਖਾਈ ਅਤੇ ਪਿਛਲੇ ਦਰਵਾਜ਼ੇ ਰਾਹੀਂ ਬਾਹਰ ਨਿਕਲਣ ਵਿਚ ਕਾਮਯਾਬ ਹੋ ਗਏ। ਚਸ਼ਮਦੀਦਾਂ ਦੇ ਦੱਸਣ ਮੁਤਾਬਕ ਦੋਵੇਂ ਨੌਜਵਾਨ ਸ਼ਰਾਬੀ ਹਾਲਤ ਵਿਚ ਸਨ।
ਹਾਦਸੇ ਦੀ ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਦੀ ਇੱਕ ਗੱਡੀ ਮੌਕੇ ‘ਤੇ ਪਹੁੰਚੀ। ਲਗਭਗ ਅੱਧੇ ਘੰਟੇ ਦੀ ਕੋਸ਼ਿਸ਼ ਤੋਂ ਬਾਅਦ, ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ, ਹਾਲਾਂਕਿ ਉਦੋਂ ਤੱਕ ਲਗਜ਼ਰੀ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਸੀ। ਟਰਾਂਸਫਾਰਮਰ ਡਿੱਗਣ ਕਾਰਨ ਪੂਰੇ ਖੇਤਰ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ ਹੈ। ਬਿਜਲੀ ਵਿਭਾਗ ਦੇ ਕਰਮਚਾਰੀਆਂ ਨੇ ਮੌਕੇ ਤੇ ਪਹੁੰਚ ਕੇ ਮੁਸ਼ੱਕਤ ਤੋਂ ਬਾਅਦ ਬਿਜਲੀ ਸਪਲਾਈ ਚਾਲੂ ਕੀਤੀ। ਪੁਲਿਸ ਨੇ ਨੁਕਸਾਨੇ ਗਏ ਵਾਹਨ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵਾਹਨ ਦੇ ਅਸਲ ਮਾਲਕ ਦੀ ਪਛਾਣ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here