ਸ਼੍ਰੋਮਣੀ ਕਮੇਟੀ ’ਤੇ ਮੁੜ ਲੱਗੇ ਜਾਇਦਾਦ ਘੁਟਾਲੇ ਦੇ ਇਲਜ਼ਾਮ/ ਗਿਆਨੀ ਹਰਪ੍ਰੀਤ ਸਿੰਘ ਨੇ ਚੁੱਕੇ ਵੱਡੇ ਸਵਾਲ/ ਕਿਹਾ, ਮਾਲਕ ਨਹੀਂ, ਕੇਵਲ ਕੇਅਰ ਟੇਕਰ ਹੈ SGPC

0
3

ਅਕਾਲੀ ਦਲ ਪੁਨਰ ਸੁਰਜੀਤੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਜਾਇਦਾਦਾਂ ਵੇਚਣ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੱਡਾ ਸ਼ਬਦੀ ਹਮਲਾ ਬੋਲਿਆ ਹੈ। ਇੱਥੇ ਵਰਕਿੰਗ ਕਮੇਟੀ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ‘ਤੇ ਗੰਭੀਰ ਇਲਜ਼ਾਮ ਲਗਾਏ। ਉਨ੍ਹਾਂ ਕਿਹਾ ਕਿ SGPC ਪੰਥਕ ਜਾਇਦਾਦਾਂ ਦੀ ਮਾਲਕ ਨਹੀਂ, ਸਿਰਫ਼ ਕੇਅਰ-ਟੇਕਰ ਹੈ, ਪਰ ਮੌਜੂਦਾ ਲੀਡਰਸ਼ਿਪ ਇਨ੍ਹਾਂ ਨੂੰ ਨਿੱਜੀ ਅਤੇ ਸਿਆਸੀ ਹਿੱਤਾਂ ਲਈ ਵਰਤ ਰਹੀ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਦਾਅਵਾ ਕੀਤਾ ਕਿ ਗੁਰਦੁਆਰਾ ਭੱਠਾ ਸਾਹਿਬ ਕੋਟਲਾ ਨਿਹੰਗ ਖਾਨ ਵਿਖੇ 2002 ਵਿੱਚ ਦਾਨ ‘ਚ ਮਿਲੀ ਪ੍ਰਾਈਮ ਲੋਕੇਸ਼ਨ ਦੀ ਇੱਕ ਏਕੜ ਜ਼ਮੀਨ ਨੂੰ ਮਹਿਜ਼ 7,000 ਰੁਪਏ ਪ੍ਰਤੀ ਗਜ਼ ਦੇ ਰੇਟ ‘ਤੇ ਵੇਚ ਦਿੱਤਾ ਗਿਆ। ਉਨ੍ਹਾਂ ਸਵਾਲ ਕੀਤਾ ਕਿ ਹਾਈਵੇਅ ‘ਤੇ ਸਥਿਤ ਅਨਮੋਲ ਜ਼ਮੀਨ ਇੰਨੇ ਘੱਟ ਭਾਅ ‘ਤੇ ਕਿਉਂ ਵੇਚੀ ਗਈ।
ਉਨ੍ਹਾਂ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਦਾ ਹਵਾਲਾ ਦਿੰਦਿਆਂ ਕਿਹਾ ਕਿ GMADA ਵੱਲੋਂ 39 ਕਰੋੜ 43 ਲੱਖ ਰੁਪਏ ਮੁਆਵਜ਼ਾ ਦਿੱਤਾ ਗਿਆ ਸੀ। ਕਾਨੂੰਨ ਅਨੁਸਾਰ ਇਹ ਰਕਮ ਨਵੀਂ ਜ਼ਮੀਨ ਖਰੀਦਣ ‘ਤੇ ਹੀ ਵਰਤੀ ਜਾ ਸਕਦੀ ਹੈ, ਪਰ SGPC ਨੇ ਅਜੇ ਤੱਕ ਕੋਈ ਨਵੀਂ ਪ੍ਰਾਪਰਟੀ ਨਹੀਂ ਖਰੀਦੀ। ਉਨ੍ਹਾਂ ਸ਼ੱਕ ਜਤਾਇਆ ਕਿ ਇਹ ਰਕਮ ਗਲਤ ਤਰੀਕੇ ਨਾਲ ਵਰਤੀ ਗਈ ਹੈ।
ਸੁਖਬੀਰ ਬਾਦਲ ‘ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ ਕਿ ਚੋਣਾਂ ਨੇੜੇ ਹੋਣ ਕਰਕੇ ਪੰਥਕ ਜ਼ਮੀਨਾਂ ਵੇਚ ਕੇ ਫੰਡ ਇਕੱਠੇ ਕੀਤੇ ਜਾ ਰਹੇ ਹਨ। ਉਨ੍ਹਾਂ 1999 ਤੋਂ ਲੈ ਕੇ ਹੁਣ ਤੱਕ SGPC ਵੱਲੋਂ ਖਰੀਦੀਆਂ-ਵੇਚੀਆਂ ਸਾਰੀਆਂ ਜ਼ਮੀਨਾਂ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ। ਉਨ੍ਹਾਂ SGPC ਦੇ ਉੱਚ ਅਹੁਦੇਦਾਰਾਂ ਦੀ ਸਿਆਸੀ ਰੈਲੀਆਂ ‘ਚ ਸ਼ਮੂਲੀਅਤ ‘ਤੇ ਵੀ ਇਤਰਾਜ਼ ਜਤਾਇਆ। ਇਸੇ ਦੌਰਾਨ ਉਨ੍ਹਾਂ ਨੇ ਪਾਰਟੀ ਦੀ ਮਜ਼ਬੂਤੀ ਲਈ 3 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੱਡੀ ਪੰਥਕ ਕਾਨਫਰੰਸ ਕਰਨ ਦਾ ਐਲਾਨ ਕੀਤਾ ਗਿਆ, ਜਿੱਥੇ ਅਕਾਲੀ ਦਲ ਪੁਨਰ ਸੁਰਜੀਤੀ ਆਪਣਾ ‘ਵਿਜ਼ਨ ਡਾਕੂਮੈਂਟ’ ਸੰਗਤਾਂ ਦੇ ਰੂਬਰੂ ਕਰੇਗੀ।

LEAVE A REPLY

Please enter your comment!
Please enter your name here