ਮੋਹਾਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ/ ਪੁਲਿਸ ਨੇ ਸਕੂਲ ਬੰਦ ਕਰਵਾ ਕੇ ਜਾਂਚ ਕੀਤੀ ਸ਼ੁਰੂ

0
2

ਪੰਜਾਬ ਅੰਦਰ ਸਕੂਲਾਂ ਤੇ ਅਹਿਮ ਥਾਵਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲਾ ਚੰਡੀਗੜ੍ਹ ਨਾਲ ਲੱਗਦੇ ਮੋਹਾਲੀ ਸ਼ਹਿਰ ਤੋਂ ਸਾਹਮਣੇ ਆਇਆ ਹੈ, ਜਿੱਥੇ ਸ਼ਹਿਰ ਦੇ ਪ੍ਰਸਿੱਧ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਈਮੇਲ ਰਾਹੀਂ ਮਿਲੀ ਇਸ ਧਮਕੀ ਤੋਂ ਬਾਅਦ ਜਿੱਥੇ ਮਾਪਿਆਂ ਅਤੇ ਬੱਚਿਆਂ ਅੰਦਰ ਦਹਿਸ਼ਤ ਪਾਈ ਜਾ ਰਹੀ ਹੈ ਉੱਥੇ ਹੀ ਪੁਲਿਸ ਪ੍ਰਸ਼ਾਸਨ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ। ਪੁਲਿਸ ਨੇ ਅਹਿਤਿਆਹ ਵਜੋਂ ਸਕੂਲਾਂ ਨੂੰ ਬੰਦ ਕਰਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਧਮਕੀ ਈਮੇਲ ਵਿਚ ਸ਼ਿਵਾਲਿਕ ਪਬਲਿਕ ਸਕੂਲ, ਪੈਰਾਗੋਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ 71,  ਮਾਨਵ ਮੰਗਲ, ਇਨਫਿਟ ਜੀਸਸ ਸਕੂਲ ਤੋਂ ਇਲਾਵਾ ਹੋਰ ਕਈ ਸਕੂਲਾਂ ਦੇ ਨਾਮ ਸ਼ਾਮਲ ਹਨ।
ਖਬਰਾਂ ਮੁਤਾਬਕ ਮੋਹਾਲੀ ਦੇ ਕਰੀਬ 10 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ।  ਸਾਵਧਾਨੀ ਵਜੋਂ ਸਾਰੇ ਸਕੂਲਾਂ ‘ਚ ਛੁੱਟੀ ਕਰ ਦਿੱਤੀ ਗਈ ਹੈ ਅਤੇ ਸਵੇਰੇ ਸਕੂਲ ਪਹੁੰਚਦੇ ਹੀ ਬਹੁਤ ਸਾਰੇ ਬੱਚਿਆਂ ਨੂੰ ਗੇਟ ਤੋਂ ਵਾਪਸ ਘਰ ਭੇਜ ਦਿੱਤਾ ਗਿਆ। ਧਮਕੀ ਮਿਲਣ ‘ਤੇ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੂੰ ਅਲਰਟ ਕਰ ਦਿੱਤਾ ਗਿਆ ਸੀ। ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਅਤੇ ਸਕੂਲ ਕੰਪਲੈਕਸ ‘ਚ ਸੁਰੱਖਿਆ ਵਧਾ ਦਿੱਤੀ ਗਈ। ਸੀਨੀਅਰ ਪੁਲਿਸ ਅਧਿਾਕਾਰੀਆਂ ਨੇ ਨਿੱਜੀ ਤੌਰ ‘ਤੇ ਸਕੂਲਾਂ ਦਾ ਦੌਰਾ ਕੀਤਾ ਅਤੇ ਹਾਲਾਤ ਦਾ ਜਾਇਜ਼ਾ ਲਿਆ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬੀਤੀ 28 ਜਨਵਰੀ ਨੂੰ ਚੰਡੀਗੜ੍ਹ ਦੇ 30 ਸਕੂਲਾਂ ਨੂੰ ਵੀ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਸਨ। ਤੋਂ ਬਾਅਦ ਪੁਲਿਸ ਅਤੇ ਖੁਫੀਆ ਏਜੰਸੀਆਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਸੀ। ਜਦੋਂ ਪੁਲਿਸ ਅਤੇ ਬੰਬ ਸਕੁਐਡ ਟੀਮਾਂ ਨੇ ਸਕੂਲਾਂ ਦੇ ਆਲੇ ਦੁਆਲੇ ਦੇ ਖੇਤਰਾਂ ਨੂੰ ਸੀਲ ਕਰ ਦਿੱਤਾ ਅਤੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਕਿਸੇ ਵੀ ਸਕੂਲ ਵਿੱਚ ਕੋਈ ਸ਼ੱਕੀ ਵਸਤੂ ਨਹੀਂ ਸੀ ਮਿਲੀ। ਮੋਹਾਲੀ ਦੇ ਸਕੂਲਾਂ ਨੂੰ ਮਿਲੀ ਧਮਕੀ ਵੀ ਉਸੇ ਤਰ੍ਹਾਂ ਦੀ ਘਟਨਾ ਮੰਨੀ ਜਾ ਰਹੀ ਹੈ।

LEAVE A REPLY

Please enter your comment!
Please enter your name here