ਨਾਭਾ ’ਚ ਸੁਨੀਲ ਜਾਖੜ ’ਤੇ ਵਰ੍ਹੇ ਰਾਜਾ ਵੜਿੰਗ/ ਭੂਤ ਵਾਲੇ ਬਿਆਨ ’ਤੇ ਦਿੱਤਾ ਕਰਾਰਾ ਜਵਾਬ/ ਕਿਹਾ, ਦੋ ਮਿੰਟਾਂ ’ਚ ਭੂਤ ਕੱਢ ਦਿੰਦੇ ਨੇ ਪੰਜਾਬ ਦੇ ਲੋਕ

0
2

 

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ’ਤੇ ਵੱਡਾ ਸ਼ਬਦੀ ਹਮਲਾ ਬੋਲਿਆ ਹੈ। ਨਾਭਾ ਵਿਖੇ ਸੁਨੀਲ ਜਾਖੜ ਦੇ ਦੋ ਭੂਤਾਂ ਵਾਲੇ ਬਿਆਨ ਦਾ ਜਵਾਬ ਦਿੰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਦੇ ਲੋਕ ਦੋ ਮਿੰਟ ਵਿੱਚ ਭੂਤ ਕੱਢ ਵੀ ਦਿੰਦੇ ਹਨ। ਉਹ ਇੱਥੇ ਮਨਰੇਗਾ ਸਕੀਮ ਵਿਚ ਕੀਤੇ ਬਦਲਾਵਾਂ ਖਿਲਾਫ ਦੇਸ਼ ਭਰ ਅੰਦਰ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਤਹਿਤ ਕੀਤੇ ਇਕੱਠੇ ਵਿਚ ਸ਼ਿਰਕਤ ਕਰਨ ਆਏ ਸਨ।  ਨਾਭਾ ਦੀ ਸਭ ਤਹਿਸੀਲ ਭਾਦਸੋਂ ਵਿਖੇ ਕਾਂਗਰਸ ਪਾਰਟੀ ਵੱਲੋਂ ਰੱਖੇ ਇਸ ਇਕੱਠ ਵਿਚ ਪੰਜਾਬ ਮਾਮਲਿਆਂ ਦੇ ਇਨਚਾਰਜ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਤੋਂ ਇਲਾਵਾ ਪਾਰਟੀ ਦੇ ਕਈ ਵੱਡੇ ਲੀਡਰ ਵੀ ਪਹੁੰਚੇ ਹੋਏ ਸਨ।
ਕੇਂਦਰ ਉਤੇ ਸ਼ਬਦੀ ਵਾਰ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਅੰਦਰ ਨਸ਼ਾ ਸਰਹੱਦਾਂ ਦੇ ਰਾਹੀਂ ਆ ਰਿਹਾ ਹੈ ਅਤੇ ਸਰਹੱਦ ਉਤੇ 50 ਕਿਲੋਮੀਟਰ ਤਕ ਇਲਾਕਾ ਕੇਂਦਰ ਅਧੀਨ ਆਉਂਦੇ ਬੀਐਸਐਫ ਦੇ ਅਧਿਕਾਰ ਹੇਠ ਆਉਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਚਾਹੇ ਤਾਂ ਪੰਜਾਬ ਅੰਦਰ ਨਸ਼ਾ ਕੁਝ ਦਿਨਾਂ ਅੰਦਰ ਹੀ ਮੁੱਕ ਸਕਦਾ ਹੈ ਪਰ ਇਹ ਨਸ਼ਾ ਖਤਮ ਕਰਨ ਦੀ ਥਾਂ ਕੇਵਲ ਸਿਆਸਤ ਹੀ ਕਰ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਕੇਂਦਰੀ ਏਜੰਸੀਆ ਨਸ਼ਾ ਨਹੀਂ ਰੋਕ ਸਕਦੀਆਂ ਤਾਂ ਇਹ ਇੱਥੇ ਕਰ ਕੀ ਰਹੀਆਂ ਹਨ। ਗਵਰਨਰ ਦੇ ਨਸ਼ਿਆਂ ਖਿਲਾਫ ਮਾਰਚ ਤੇ ਤੰਜ ਕੱਸਦਿਆਂ ਉਨ੍ਹਾਂ ਕਿਹਾ ਕਿ ਗਵਰਨਰ ਨੂੰ ਮਾਰਚ ਕੱਢਣ ਦੇ ਨਾਲ ਨਾਲ ਕੇਂਦਰ ਸਰਕਾਰ ਉਤੇ ਵੀ ਨਸ਼ੇ ਰੋਕਣ ਲਈ ਦਬਾਅ ਬਣਾਉਣਾ ਚਾਹੀਦਾ ਹੈ।
ਪੰਜਾਬ ਦੀ ਕਾਨੂੰਨ ਵਿਵਸਥਾ ਬਾਰੇ ਬੋਲਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਨਾਮ ਦੀ ਕੋਈ ਵੀ ਚੀਜ਼ ਨਹੀਂ ਹੈ। ਮੁੱਖ ਮੰਤਰੀ ਮਾਨ ਮੁਕੰਮਲ ਤੌਰ ਤੇ ਫੇਲ੍ਹ ਹੋ ਚੁੱਕਿਆ ਹੈ ਅਤੇ ਆਮ ਆਦਮੀ ਪਾਰਟੀ ਦਾ ਵੀ ਇਹੀ ਹਾਲ ਹੋਇਆ ਪਿਆ ਹੈ। ਇਸੇ ਦੌਰਾਨ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਨੇ ਕੇਂਦਰ ਅਤੇ ਪੰਜਾਬ ਸਰਕਾਰ ਵੱਲ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਮਨਰੇਗਾ ਸਕੀਮ ਬਾਰੇ ਹੁਣ ਕੇਜਰੀਵਾਲ ਦੀ ਬੋਲਤੀ ਬੰਦ ਹੋ ਗਈ ਅਤੇ ਉਨ੍ਹਾਂ ਦੀ ਖਾਂਸੀ ਵੀ ਬੰਦ ਹੋ ਗਈ ਹੈ। ਉਨ੍ਹਾਂ ਆਮ ਆਦਮੀ ਪਾਰਟੀ ਉਤੇ ਭਾਜਪਾ ਦੀ ਬੀ ਟੀਮ ਵਾਂਗ ਵਿਚਰਨ ਦੇ ਇਲਜਾਮ ਵੀ ਲਾਏ।

LEAVE A REPLY

Please enter your comment!
Please enter your name here